ਘਰ ਦੇ ਬਾਹਰ ਬੈਠੀ ਲੜਕੀ ਨਾਲ ਕੁੱਟਮਾਰ ਕਰਨ ਵਾਲੇ ਦੋ ਗ੍ਰਿਫਤਾਰ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 10 ਜੂਨ
ਚੰਡੀਗੜ੍ਹ ਪੁਲੀਸ ਨੇ ਇੱਥੋਂ ਦੀ ਮੌਲੀ ਜੱਗਰਾਂ ਕਲੋਨੀ ਵਿੱਚ ਆਪਣੇ ਘਰ ਦੇ ਬਾਹਰ ਬੈਠੀ ਇੱਕ ਲੜਕੀ ਦੀ ਕੁੱਟਮਾਰ ਕਰਨ ਦੇ ਦੋਸ਼ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਮੌਲੀ ਜੱਗਰਾਂ ਇਲਾਕੇ ਵਿੱਚ 7 ਜੂਨ ਦੀ ਰਾਤ ਨੂੰ ਲੜਾਈ ਝਗੜਾ ਹੋਣ ਦੀ ਸੂਚਨਾ ਪੁਲੀਸ ਕੰਟਰੋਲ ਰੂਮ ਨੂੰ ਮਿਲੀ ਸੀ ਅਤੇ ਸੂਚਨਾ ਮਿਲਣ ‘ਤੇ ਪੁਲੀਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਘਟਨਾ ਵਾਲੀ ਥਾਂ ਉੱਤੇ ਇਕ ਲੜਕੀ ਨੂੰ ਜ਼ਖਮੀ ਹਾਲਤ ਵਿੱਚ ਦੇਖਿਆ। ਪੁਲੀਸ ਨੇ ਦੱਸਿਆ ਕਿ ਲੜਕੀ ਨੂੰ ਤੁਰੰਤ ਇਲਾਜ ਲਈ ਪੀਜੀਆਈ ਲਿਜਾਇਆ ਗਿਆ। ਜ਼ਖਮੀ ਹੋਈ ਲੜਕੀ ਦੀ ਪਛਾਣ 23 ਸਾਲਾ ਮੀਰਾ ਵਜੋਂ ਹੋਈ ਹੈ, ਜਿਸ ਦੇ ਬਿਆਨਾਂ ਦੇ ਆਧਾਰ ‘ਤੇ ਪੁਲੀਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤਾ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਬੈਠੀ ਸੀ ਤਾਂ ਉਸ ਦੇ ਮੁਹੱਲੇ ਦੇ ਰਹਿਣ ਵਾਲੇ ਕਰਨ ਅਤੇ ਖੇਮਪਾਲ ਨਾਂ ਦੇ ਦੋ ਲੜਕੇ ਉਸ ਦੇ ਨੇੜੇ ਆਏ ਅਤੇ ਉਸ ਨਾਲ ਬਦਸਲੂਕੀ ਕਰਨ ਲੱਗੇ। ਜਦੋਂ ਉਸ ਨੇ ਇਤਰਾਜ਼ ਕੀਤਾ ਤਾਂ ਕਰਨ ਨਾਮ ਦੇ ਲੜਕੇ ਨੇ ਉਸ ਨੂੰ ਫੜ ਲਿਆ ਅਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਦੋਹਾਂ ਨੇ ਉਸ ਨਾਲ ਕੁੱਟਮਾਰ ਵੀ ਕੀਤੀ।