ਹਵਾਲਾਤ ਦਾ ਤਾਲਾ ਤੋੜ ਕੇ ਭੱਜੇ ਦੋ ਮੁਲਜ਼ਮ ਦਿੱਲੀ ਤੋਂ ਗ੍ਰਿਫ਼ਤਾਰ
ਟ੍ਰਬਿਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਜੁਲਾਈ
ਥਾਣਾ ਡਵੀਜ਼ਨ ਨੰਬਰ 3 ਦੀ ਹਵਾਲਾਤ ਦਾ ਤਾਲਾ ਤੋੜ ਕੇ ਫ਼ਰਾਰ ਹੋਏ ਚੋਰੀ ਦੇ ਮਾਮਲੇ ’ਚ ਨਾਮਜ਼ਦ ਦੋ ਮੁਲਜ਼ਮਾਂ ਨੂੰ ਲੁਧਿਆਣਾ ਪੁਲੀਸ ਨੇ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੋਹਾਂ ਮੁਲਜ਼ਮਾਂ ਨੂੰ ਦਿੱਲੀ ਤੱਕ ਪਹੁੰਚਾਉਣ ’ਚ ਮਦਦ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਵੀ ਪੁਲੀਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮ ਹਵਾਲਾਤ ਦਾ ਤਾਲਾ ਤੋੜ ਕੇ ਜਦੋਂ ਫ਼ਰਾਰ ਹੋਏ ਤਾਂ ਆਪਣੇ ਦੋ ਸਾਥੀਆਂ ਦੀ ਮਦਦ ਨਾਲ ਦਿੱਲੀ ਪੁੱਜ ਗਏ ਸਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਭਾਮੀਆਂ ਕਲਾਂ ਵਾਸੀ ਕਮਲ ਕੁਮਾਰ, ਗਿਆਸਪੁਰਾ ਵਾਸੀ ਦੀਪਕ ਕੁਮਾਰ ਉਰਫ਼ ਮਨੀਸ਼ ਕੁਮਾਰ, ਦੋਹਾਂ ਮੁਲਜ਼ਮਾਂ ਨੂੰ ਭਜਾਉਣ ਵਾਲਿਆਂ ਦੀ ਪਛਾਣ ਪਿੱਪਲ ਚੌਕ ਵਾਸੀ ਮੁਹੰਮਦ ਸਦਾਮ ਉਰਫ਼ ਡੱਬੂ ਤੇ ਪਿੰਡ ਲੁਹਾਰਾ ਵਾਸੀ ਵਿਜੇ ਕੁਮਾਰ ਵਜੋਂ ਹੋਈ ਹੈ। ਪੁਲੀਸ ਇਸ ਮਾਮਲੇ ’ਚ ਕਾਬੂ ਕੀਤੇ ਗਏ ਮੁਲਜ਼ਮ ਜਸਵਿੰਦਰ ਸਿੰਘ ਉਰਫ਼ ਹੈਪੀ ਨੂੰ ਜੇਲ੍ਹ ਭੇਜ ਚੁੱਕੀ ਹੈ।
ਇਸ ਸਬੰਧੀ ਪੱਤਰਕਾਰ ਮਿਲਣੀ ਕਰਦੇ ਹੋਏ ਜੁਆਇੰਟ ਕਮਿਸ਼ਨਰ ਆਫ਼ ਪੁਲੀਸ ਸਿਟੀ ਸੋਮਿਆ ਮਿਸ਼ਰਾ ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰ. 3 ਪੁਲੀਸ ਨੇ ਮੁਲਜ਼ਮਾਂ ਨੂੰ ਚੋਰੀ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ। 20 ਜੁਲਾਈ ਦੀ ਰਾਤ ਨੂੰ ਮੁਲਜ਼ਮਾਂ ਨੂੰ ਜੇਲ੍ਹ ਵਿਭਾਗ ਨੇ ਨਹੀਂ ਲਿਆ ਤਾਂ ਪੁਲੀਸ ਦੀਪਕ ਤੇ ਕਮਲ ਨੂੰ ਵਾਪਸ ਥਾਣੇ ਲੈ ਆਈ ਜਿਸ ਤੋਂ ਬਾਅਦ ਮੁਲਜ਼ਮਾਂ ਨੇ ਦੇਰ ਰਾਤ ਨੂੰ ਰਾਡ ਦੇ ਸਹਾਰੇ ਤਾਲਾ ਤੋੜ ਦਿੱਤਾ ਅਤੇ ਹਵਾਲਾਤ ’ਚੋਂ ਫ਼ਰਾਰ ਹੋ ਗਏ। ਇਸ ਦੌਰਾਨ ਜਸਵਿੰਦਰ ਨੂੰ ਤਾਂ ਮੁਲਾਜ਼ਮਾਂ ਨੇ ਕਾਬੂ ਕਰ ਲਿਆ ਸੀ, ਜਦੋਂ ਕਿ ਦੀਪਕ ਤੇ ਕਮਲ ਫ਼ਰਾਰ ਹੋਣ ’ਚ ਕਾਮਯਾਬ ਹੋ ਗਏ ਸਨ। ਥਾਣੇ ਤੋਂ ਫ਼ਰਾਰ ਹੋਣ ਤੋਂ ਬਾਅਦ ਮੁਲਜ਼ਮ ਮੁਹੰਮਦ ਸਦਾਮ ਕੋਲ ਪੁੱਜੇ, ਜੋ ਪਹਿਲਾਂ ਹੀ ਫੌਜਦਾਰੀ ਦੇ ਇੱਕ ਮਾਮਲੇ ’ਚ ਪੁਲੀਸ ਨੂੰ ਲੌੜੀਂਦਾ ਹੈ। ਮੁਹੰਮਦ ਸਦਾਮ ਨੇ ਹੀ ਡਰਾਈਵਰ ਵਿਜੇ ਕੁਮਾਰ ਦੀ ਮਦਦ ਨਾਲ ਦੋਹਾਂ ਨੂੰ ਦਿੱਲੀ ਪਹੁੰਚਾਇਆ।
ਸੂਤਰ ਦੱਸਦੇ ਹਨ ਕਿ ਦੋਵੇਂ ਮੁਲਜ਼ਮ ਦਿੱਲੀ ’ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ’ਚ ਸਨ, ਪਰ ਉਸ ਤੋਂ ਪਹਿਲਾਂ ਹੀ ਪੁਲੀਸ ਨੇ ਦਿੱਲੀ ਪੁਲੀਸ ਨਾਲ ਸੰਪਰਕ ਕਰਕੇ ਦੋਹਾਂ ਨੂੰ ਕਾਬੂ ਕਰ ਲਿਆ।
ਜੇਸੀਪੀ ਸੋਮਿਆ ਮਿਸ਼ਰਾ ਨੇ ਦੱਸਿਆ ਕਿ ਮੁਲਜ਼ਮ ਦੀਪਕ ਦੇ ਖਿਲਾਫ਼ ਥਾਣਾ ਸਾਹਨੇਵਾਲ ’ਚ 2021 ’ਚ ਕਤਲ ਦਾ ਕੇਸ ਦਰਜ ਹੋਇਆ ਸੀ। ਉਹ ਉਸ ਸਮੇਂ ਤੋਂ ਪੁਲੀਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਰਿਹਾ ਹੈ। ਪੁਲੀਸ ਮੁਲਜ਼ਮ ਦੀਪਕ ਦੀ ਭਾਲ ’ਚ ਕਈ ਥਾਂਵਾਂ ’ਤੇ ਛਾਪੇ ਮਾਰ ਚੁੱਕੀ ਹੈ, ਪਰ ਮੁਲਜ਼ਮ ਹਰ ਵਾਰ ਪੁਲੀਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਜਾਂਦਾ ਸੀ। ਗ੍ਰਿਫ਼ਤਾਰ ਨਾ ਹੋਣ ਕਾਰਨ ਮੁਲਜ਼ਮ ਨੂੰ ਭਗੌੜਾ ਐਲਾਨ ਦਿੱਤਾ ਗਿਆ ਸੀ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿਛ ਕਰਨ ’ਚ ਲੱਗੀ ਹੋਈ ਹੈ।
ਚੋਰੀ ਦੇ ਮੋਬਾਈਲ ਫੋਨਾਂ ਸਮੇਤ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਡਵੀਜ਼ਨ ਨੰਬਰ 1 ਦੀ ਪੁਲੀਸ ਨੇ ਇੱਕ ਜਣੇ ਨੂੰ ਚੋਰੀਸ਼ੁਦਾ ਮੋਬਾਈਲ ਫੋਨਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਨਰਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਚੈਕਿੰਗ ਦੇ ਸਬੰਧ ਵਿੱਚ ਘੰਟਾ ਘਰ ਚੌਂਕ ਮੌਜੂਦ ਸੀ ਤਾਂ ਪਤਾ ਲੱਗਣ ਤੇ ਰੇਖੀ ਸਨਿੇਮਾ ਰੋਡ ਤੋਂ ਲਵਪ੍ਰੀਤ ਸਿੰਘ ਉਰਫ਼ ਬੱਬੂ ਵਾਸੀ ਪਿੰਡ ਸਲੀਣਾ (ਮੋਗਾ) ਨੂੰ ਕਾਬੂ ਕਰਕੇ ਉਸ ਪਾਸੋਂ 2 ਮੋਬਾਈਲ ਫੋਨ ਚੋਰੀਸ਼ੁਦਾ ਬਰਾਮਦ ਕੀਤੇ ਗਏ ਹਨ। -ਨਿੱਜੀ ਪੱਤਰ ਪ੍ਰੇਰਕ