ਨਾਜਾਇਜ਼ ਹਥਿਆਰ ਵੇਚਣ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ
ਜਗਤਾਰ ਲਾਂਬਾ
ਅੰਮ੍ਰਿਤਸਰ, 5 ਸਤੰਬਰ
ਹੋਰਨਾ ਸੂਬਿਆਂ ਤੋਂ ਸਸਤੇ ਖਰੀਦੇ ਹਥਿਆਰ ਪੰਜਾਬ ਵਿੱਚ ਮਾੜੇ ਅਨਸਰਾਂ ਨੂੰ ਵੇਚਣ ਦੇ ਦੋਸ਼ ਹੇਠ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਚਾਰ ਪਿਸਤੌਲ ਤੇ ਗੋਲੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮਾਂ ਦੀ ਸ਼ਨਾਖਤ ਹਰਸ਼ਦੀਪ ਸਿੰਘ ਉਰਫ ਚਾਂਦ ਅਤੇ ਗੁਰਸ਼ਰਨ ਪ੍ਰੀਤ ਸਿੰਘ ਉਰਫ ਸ਼ਰਨ ਦੋਵੇਂ ਵਾਸੀ ਪਿੰਡ ਢਿਲਵਾਂ ਖੁਰਦ, ਜ਼ਿਲ੍ਹਾ ਫਰੀਦਕੋਟ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਚਾਰ ਪਿਸਤੌਲ ਬਰਾਮਦ ਕੀਤੇ ਹਨ ਜਿਨ੍ਹਾਂ ਵਿੱਚ ਇੱਕ ਪਿਸਤੌਲ 30 ਬੋਰ, ਮੈਗਜ਼ੀਨ ਅਤੇ 12 ਰੌਂਦ, ਇੱਕ ਸਟੋਗਰ ਪਿਸਤੌਲ 9 ਐਮਐਮ ਤੇ ਉਸ ਦੀ ਮੈਗਜ਼ੀਨ ਅਤੇ 10 ਰੌਂਦ, ਇੱਕ 9 ਐਮਐਮ ਦੀ ਦੇਸੀ ਪਿਸਤੌਲ ਸਮੇਤ ਦੋ ਮੈਗਜ਼ੀਨ ਅਤੇ 10 ਰੌਂਦ ਅਤੇ ਇੱਕ 32 ਬੋਰ ਦਾ ਦੇਸੀ ਪਿਸਤੌਲ, ਇੱਕ ਮੈਗਜ਼ੀਨ ਅਤੇ ਇੱਕ ਰੌਂਦ ਬਰਾਮਦ ਕੀਤਾ ਹੈ। ਇਸ ਸਬੰਧੀ ਪੱਤਰਕਾਰ ਸੰਮੇਲਨ ਦੌਰਾਨ ਪੁਲੀਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲੀਸ ਨੇ ਇਹ ਕਾਰਵਾਈ ਪੁਖਤਾ ਸੂਚਨਾ ਦੇ ਆਧਾਰ ’ਤੇ ਕੀਤੀ ਹੈ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਹ ਵਿਅਕਤੀ ਦੂਸਰੇ ਸੂਬਿਆਂ ਤੋਂ ਨਾਜਾਇਜ਼ ਅਸਲਾ ਸਸਤੇ ਰੇਟ ’ਤੇ ਖਰੀਦ ਕੇ ਲਿਆਂਦੇ ਹਨ ਅਤੇ ਪੰਜਾਬ ਵਿੱਚ ਮਾੜੇ ਅਨਸਰਾਂ ਨੂੰ ਵੱਧ ਰੇਟ ’ਤੇ ਵੇਚਦੇ ਹਨ। ਇਹ ਧੰਦਾ ਉਹ ਵਿਦੇਸ਼ ਵਿੱਚ ਬੈਠੇ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਦੇ ਕਹਿਣ ’ਤੇ ਕਰ ਰਹੇ ਹਨ।
ਵਪਾਰੀ ’ਤੇ ਫਾਇਰਿੰਗ; ਜ਼ਖ਼ਮੀ
ਰਈਆ (ਪੱਤਰ ਪ੍ਰੇਰਕ): ਕਸਬਾ ਬਿਆਸ ਸਟੇਸ਼ਨ ’ਤੇ ਬੀਤੀ ਰਾਤ ਕੱਪੜਾ ਵਪਾਰੀ ਤੇ ’ਫਾਇਰਿੰਗ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਇਸ ਦੇ ਰੋਸ ਵਜੋਂ ਦੁਕਾਨਦਾਰਾਂ ਨੇ ਕੁਝ ਸਮੇਂ ਲਈ ਬਾਜ਼ਾਰ ਬੰਦ ਰੱਖਿਆ। ਗੈਂਗਸਟਰਾਂ ਵੱਲੋਂ ਨਿੱਤ ਦਿਨ ਕੀਤੀ ਜਾ ਰਹੀ ਫਾਇਰਿੰਗ ਕਾਰਨ ਲੋਕ ਸਹਿਮੇ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਰਾਜਨ ਅਬਰੋਲ ਨਾਮ ਦਾ ਕੱਪੜਾ ਵਪਾਰੀ ਜਿਸ ਵਕਤ ਦੁਕਾਨ ਬੰਦ ਕਰ ਕੇ ਵਾਪਸ ਰੇਲਵੇ ਸਟੇਸ਼ਨ ਬਿਆਸ ਪੁੱਜਿਆ ਤਾਂ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਉੱਪਰ ਤਿੰਨ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇਕ ਗੋਲੀ ਉਸ ਦੀ ਲੱਤ ਵਿਚ ਲੱਗੀ। ਇਸ ਕਾਰਨ ਉਹ ਜ਼ਖ਼ਮੀ ਹੋ ਗਿਆ। ਇਸ ਸਬੰਧੀ ਉਸ ਨੇ ਜੀਆਰਪੀ ਅੰਮ੍ਰਿਤਸਰ ਨੂੰ ਸ਼ਿਕਾਇਤ ਕੀਤੀ ਜਿਸ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੇ ਰੋਸ ਵਜੋਂ ਅੱਜ ਦੁਕਾਨਦਾਰਾਂ ਨੇ ਕੁਝ ਸਮੇਂ ਲਈ ਬਜ਼ਾਰ ਬੰਦ ਕਰ ਕੇ ਇਨਸਾਫ਼ ਦੀ ਮੰਗ ਕੀਤੀ। ਇਸੇ ਤਰ੍ਹਾਂ ਬਿਆਸ ਥਾਣੇ ਅਧੀਨ ਆਉਂਦੇ ਪਿੰਡ ਦੂਲੋ ਨੰਗਲ ਵਿੱਚ ਇਕ ਘਰ ’ਤੇ ਫਾਇਰਿੰਗ ਕੀਤੀ ਗਈ।