ਰਾਹਗੀਰਾਂ ਨੂੰ ਲੁੱਟਣ ਵਾਲੇ ਗਰੋਹ ਦੇ ਦੋ ਮੁਲਜ਼ਮ ਕਾਬੂ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 7 ਜਨਵਰੀ
ਇੱਥੇ ਪੁਲੀਸ ਨੇ ਲੁੱਟ ਖੋਹ ਕਰਨ ਵਾਲੇ ਗਰੋਹ ਦੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਕਰਾਈਮ ਇਨਵੈਸਟੀਗੇਸ਼ਨ ਬਰਾਂਚ ਇਕ ਦੀ ਟੀਮ ਨੇ ਮੁਲਜ਼ਮਾਂ ਦੀ ਪਛਾਣ ਕਮਲਦੀਪ ਵਾਸੀ ਜਨਸੂਈ ਤੇ ਦੀਪਕ ਉਰਫ ਗੋਲੂ ਵਾਸੀ ਗੌਰਸੀਆ ਜ਼ਿਲ੍ਹਾ ਅੰਬਾਲਾ ਵਜੋਂ ਕੀਤੀ ਹੈ। ਕਰਾਈਮ ਬਰਾਂਚ ਇਕ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ 22 ਦਸੰਬਰ ਨੂੰ ਥਾਣਾ ਸ਼ਾਹਬਾਦ ਵਿਚ ਦਰਜ ਕਰਾਈ ਸ਼ਿਕਾਇਤ ਵਿਚ ਰਾਜੂ ਲਾਲ ਬਾਗੜੀ ਪੁੱਤਰ ਗੰਗਾ ਰਾਮ ਤੇ ਮਦਨ ਲਾਲ ਪੁੱਤਰ ਮੰਗੀ ਰਾਮ ਵਾਸੀ ਗੰਗਾ ਜ਼ਿਲ੍ਹਾ ਝਾਲਾਵਡ ਨੇ ਦੱਸਿਆ ਕਿ ਉਹ ਦੋਵੇਂ ਰੋਡ ਲਾਇਨਜ਼ ਪ੍ਰਾਈਵੇਟ ਲਿਮਟਿਡ ਮੋਹੜਾ ਜ਼ਿਲ੍ਹਾ ਅੰਬਾਲਾ ਡਰਾਈਵਰ ਵਜੋਂ ਕੰਮ ਕਰਦੇ ਹਨ। 14 ਦਸੰਬਰ ਨੂੰ ਆਦੇਸ਼ ਹਸਪਤਾਲ ਨੇੜੇ ਕੁਝ ਅਣਪਛਾਤੇ ਵਿਅਕਤੀ ਉਨ੍ਹਾਂ ਨੂੰ ਰੋਕ ਕੇ ਚਾਕੂ ਤੇ ਤਲਵਾਰ ਦਿਖਾ ਕੇ ਦੋਵਾਂ ਕੋਲੋਂ ਮੋਬਾਈਲ ,ਪਰਸ, ਕਰੀਬ 13 ਹਜ਼ਾਰ ਰੁਪਏ ਤੇ ਕੁਝ ਦਸਤਾਵੇਜ਼ ਖੋਹ ਕੇ ਫ਼ਰਾਰ ਹੋ ਗਏ। ਕਰੀਬ ਘੰਟੇ ਮਗਰੋਂ ਰਾਜੂ ਲਾਲ ਦੇ ਖਾਤੇ ਵਿੱਚੋਂ ਇਕ ਲੱਖ ਰੁਪਏ ਕਢਵਾ ਲਏ। ਮਗਰੋਂ ਮੋਬਾਈਲ ਖਰੀਦਿਆ ਤੇ ਆਪਣੇ ਫੋਨ ਤੋਂ ਦੁਕਾਨਦਾਰ ਨੂੰ ਪੈਸੇ ਅਦਾ ਕੀਤੇ।
ਕਰਾਈਮ ਬਰਾਂਚ ਦੇ ਇੰਸਪੈਕਟਰ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਸਬ ਇੰਸਪੈਕਟਰ ਸ਼ਰਨਜੀਤ ਸਿੰਘ ਦੀ ਟੀਮ ਨੇ ਲੁੱਟ ਖੋਹ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਕਮਲ ਦੀਪ ਵਾਸੀ ਜਨਸੂਈ ਤੇ ਦੀਪਕ ਉਰਫ ਗੋਲੂ ਪੁੱਤਰ ਵਾਸੀ ਗੌਰਸੀਆਂ ਜ਼ਿਲ੍ਹਾ ਅੰਬਾਲਾ ਨੂੰ ਕਾਬੂ ਕਰ ਲਿਆ ਹੈ। ਮੁਲਾਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਮੁਲਾਜਮਾਂ ਖਿਲਾਫ ਪਹਿਲਾਂ ਵੀ ਥਾਣਾ ਇਸਮਾਈਲਾਬਾਦ ਵਿਚ ਠਸਕਾ ਅਲੀ ਨੇੜੇ ਗੈਸ ਡਿਲਿਵਰੀ ਕਰਨ ਵਾਲੇ ਲੋਕਾਂ ਤੋਂ 18,740 ਰੁਪਏ ਤੇ ਦੋ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ ਸਨ। ਇਸੇ ਤਰ੍ਹਾਂ ਮੁਲਜ਼ਮਾਂ ਨੇ ਥਾਣਾ ਘਨੌਰ ਦੇ ਐੱਸਬੀਆਈ ਸੇਵਾ ਕੇਂਦਰ ਨੂੰ ਲੁੱਟਿਆ ਸੀ।