ਦੋ ਮੁਲਜ਼ਮ ਚੋਰੀ ਦੇ ਸਕੂਟਰਾਂ ਸਮੇਤ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਜੁਲਾਈ
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਚੋਰੀ ਦੇ ਐਕਟਿਵਾ ਸਕੂਟਰ ਸਮੇਤ ਦੋ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਥਾਣਾ ਸਲੇਮ ਟਾਬਰੀ ਦੇ ਥਾਣੇਦਾਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਜਲੰਧਰ ਬਾਈਪਾਸ ਚੌਕ ਵੱਲ ਜਾ ਰਹੀ ਸੀ। ਜਦੋਂ ਪੁਲੀਸ ਪਾਰਟੀ ਟਰੈਕਟਰ ਪਾਰਟਸ ਦੀਆਂ ਦੁਕਾਨਾਂ ਪਾਸ ਪੁੱਜੀ ਤਾਂ ਖੱਬੀ ਸਾਈਡ ਵਾਲੀ ਸਰਵਿਸ ਲੇਨ ਤੋਂ ਪਾਰਕ ਦੇ ਨਾਲ ਇੱਕ ਮੋਨਾ ਲੜਕਾ ਇੱਕ ਚਿੱਟੇ ਰੰਗ ਦੀ ਐਕਟਿਵਾ ਸਕੂਟਰ ਨੂੰ ਪੈਦਲ ਖਿੱਚ ਕੇ ਲਿਜਾ ਰਿਹਾ ਸੀ। ਉਸ ਨੂੰ ਰੋਕ ਕੇ ਚੈੱਕ ਕਰਨ ’ਤੇ ਐਕਟਿਵਾ ਸਕੂਟਰ ਚੋਰੀ ਦਾ ਨਿਕਲਿਆ। ਉਸ ਦੀ ਸ਼ਨਾਖਤ ਆਕਾਸ਼ ਰਾਏ ਵਾਸੀ ਗੀਤਾ ਕਲੋਨੀ ਵਜੋਂ ਕੀਤੀ ਗਈ ਹੈ। ਪੁਲੀਸ ਵੱਲੋਂ ਉਸਨੂੰ ਗ੍ਰਿਫ਼ਤਾਰ ਕਰਕੇ ਚੋਰੀ ਦਾ ਐਕਟਿਵਾ ਸਕੂਟਰ ਬਰਾਮਦ ਕੀਤਾ ਗਿਆ ਹੈ।
ਇਸੇ ਤਰ੍ਹਾਂ ਮੋਹਰ ਸਿੰਘ ਨਗਰ ਵਾਸੀ ਪ੍ਰਦੀਪ ਨੇ ਦੱਸਿਆ ਹੈ ਕਿ ਉਸਨੇ ਆਪਣਾ ਹੋਂਡਾ ਐਕਟਿਵਾ ਸਕੂਟਰ ਮਿਨੀ ਰੋਜ਼ ਗਾਰਡਨ ਕਿਦਵਈ ਨਗਰ ਦੇ ਬਾਹਰ ਲੌਕ ਲਗਾ ਕੇ ਖੜ੍ਹਾ ਕੀਤੀ ਸੀ ਜਿਸਨੂੰ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਸੀ। ਭਾਲ ਕਰਨ ’ਤੇ ਪਤਾ ਲੱਗਾ ਕਿ ਉੱਕਤ ਐਕਟਿਵਾ ਸਕੂਟਰ ਸ਼ਾਹਿਦ ਅਲੀ ਵਾਸੀ ਮੁਹੱਲਾ ਜਨਕਪੁਰੀ ਨੇ ਚੋਰੀ ਕੀਤਾ ਹੈ। ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਦੌਰਾਨੇ ਤਫਤੀਸ਼ ਉਸ ਨੂੰ ਕਾਬੂ ਕਰਕੇ 2 ਐਕਟਿਵਾ ਸਕੂਟਰ ਬਰਾਮਦ ਕੀਤੇ ਗਏ ਹਨ।