ਚੋਰੀ ਦੇ ਸੱਤ ਮੋਟਰਸਾਈਕਲਾਂ ਸਣੇ ਦੋ ਮੁਲਜ਼ਮ ਕਾਬੂ
ਪੱਤਰ ਪ੍ਰੇਰਕ
ਜਲੰਧਰ, 4 ਜੁਲਾਈ
ਥਾਣਾ ਰਾਮਾ ਮੰਡੀ ਦੀ ਪੁਲੀਸ ਨੇ ਸੱਤ ਚੋਰੀਸ਼ੁਦਾ ਮੋਟਰਸਾਈਕਲਾਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਰਜੇਸ਼ ਕੁਮਾਰ ਅਰੋੜਾ ਨੇ ਦੱਸਿਆ ਕਿ ਏ.ਐੱਸ.ਆਈ. ਰੂਪ ਲਾਲ ਸਮੇਤ ਪੁਲੀਸ ਪਾਰਟੀ ਗਸ਼ਤ ਦੇ ਸਬੰਧ ’ਚ ਸੂਰੀਆ ਅੈਨਕਲੇਵ ਤੋਂ ਕਾਜ਼ੀ ਮੰਡੀ ਰੋਡ ’ਤੇ ਮੌਜੂਦ ਸਨ ਕਿ ਇਸ ਦੌਰਾਨ ਸੂਰੀਆ ਅੈਨਕਲੇਵ ਜਲੰਧਰ ਵਾਲੀ ਸਾਈਡ ਤੋਂ ਦੋ ਨੌਜਵਾਨ ਇੱਕ ਮੋਟਰਸਾਈਕਲ ’ਤੇ ਆਉਂਦੇ ਵਿਖਾਈ ਦਿੱਤੇ ਜੋ ਪੁਲੀਸ ਨੂੰ ਦੇਖ ਕੇ ਮੋਟਰਸਾਈਕਲ ਪਿੱਛੇ ਮੋੜ ਕੇ ਭੱਜਣ ਲੱਗੇ, ਜਿਨ੍ਹਾਂ ਨੂੰ ਏ.ਐੱਸ.ਆਈ. ਨੇ ਸਾਥੀ ਕਰਮਚਾਰੀਆਂ ਦੀ ਸਹਾਇਤਾ ਨਾਲ ਫੜ ਲਿਆ। ਮੁਲਜ਼ਮਾਂ ਨੇ ਆਪਣਾ ਨਾਂ ਸੰਨੀ ਉਰਫ਼ ਚਿੱਟਾ ਵਾਸੀ ਪਿੰਡ ਧੰਨੋਵਾਲੀ ਅਤੇ ਮੋਹਿਤ ਥਾਪਰ ਵਾਸੀ ਐਨ ਏ-246 ਨੇੜੇ ਬਾਬਾ ਬਾਲਕ ਨਾਥ ਮੰਦਰ ਕਿਸ਼ਨਪੁਰਾ ਜਲੰਧਰ ਦੱਸਿਆ। ਪੁਲੀਸ ਵੱਲੋਂ ਇਨ੍ਹਾਂ ਨੂੰ ਮੋਟਰਸਾਈਕਲ ਦੇ ਕਾਗਜ਼ਾਤ ਦਿਖਾਉਣ ਲਈ ਕਿਹਾ ਗਿਆ, ਜਿਸ ਸਬੰਧੀ ਉਹ ਤਸੱਲੀਬਖਸ਼ ਜੁਆਬ ਨਹੀਂ ਦੇ ਸਕੇ। ਪੁੱਛਗਿੱਛ ਕਰਨ ’ਤੇ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਮੋਟਰਸਾਈਕਲ ਰਾਮਾਮੰਡੀ ਜਲੰਧਰ ਵਿੱਚੋਂ ਚੋਰੀ ਕੀਤਾ ਗਿਆ ਸੀ, ਜਿਸ ’ਤੇ ਸੰਨੀ ਉਰਫ ਚਿੱਟਾ ਅਤੇ ਮੋਹਿਤ ਥਾਪਰ ਖ਼ਿਲਾਫ਼ ਕਾਰਵਾਈ ਕੀਤੀ ਗਈ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਦੇ ਛੇ ਮੋਟਰਸਾਈਕਲ ਬਰਾਮਦ ਕੀਤੇ ਗਏ।