ਦੋ ਮੁਲਜ਼ਮ 76 ਕਿਲੋ ਭੁੱਕੀ ਤੇ ਨਾਜਾਇਜ਼ ਸ਼ਰਾਬ ਦੀਆਂ 36 ਬੋਤਲਾਂ ਸਮੇਤ ਕਾਬੂ
ਪੱਤਰ ਪ੍ਰੇਰਕ
ਭਵਾਨੀਗੜ੍ਹ, 13 ਨਵੰਬਰ
ਪੁਲੀਸ ਨੇ ਭੁੱਕੀ ਅਤੇ ਨਾਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਅਜੇ ਕੁਮਾਰ ਨੇ ਦੱਸਿਆ ਕਿ ਇੰਸਪੈਕਟਰ ਮਹਿਮਾ ਸਿੰਘ ਸੀਆਈਏ ਸਟਾਫ ਸੰਗਰੂਰ ਪੁਲੀਸ ਪਾਰਟੀ ਸਮੇਤ ਨਦਾਮਪੁਰ ਦੀ ਨਹਿਰ ਦੇ ਪੁਲ ’ਤੇ ਮੌਜੂਦ ਸਨ। ਇਸੇ ਦੌਰਾਨ ਨਦਾਮਪੁਰ ਪਿੰਡ ਵੱਲੋਂ ਆ ਰਹੀ ਵਰਨਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਕਾਰ ਨੂੰ ਵਾਪਸ ਮੋੜਨ ਲੱਗ ਪਿਆ। ਪੁਲੀਸ ਪਾਰਟੀ ਵੱਲੋਂ ਕਾਰ ਨੂੰ ਰੋਕ ਕੇ ਚਾਲਕ ਨੂੰ ਪੁੱਛਣ ’ਤੇ ਉਸ ਨੇ ਆਪਣਾ ਨਾਂ ਕੁਲਵੀਰ ਸਿੰਘ ਉਰਫ ਕੁਲਵਿੰਦਰ ਸਿੰਘ ਵਾਸੀ ਲੰਗੜੋਈ ਦੱਸਿਆ। ਕਾਰ ਦੀ ਤਲਾਸ਼ੀ ਦੌਰਾਨ 4 ਥੈਲੇ ਡੋਡੇ ਚੂਰਾ ਪੋਸਤ ਭੁੱਕੀ ਬਰਾਮਦ ਹੋਏ ਜਿਨ੍ਹਾਂ ਦਾ ਵਜ਼ਨ 76 ਕਿਲੋ ਪਾਇਆ ਗਿਆ।
ਇਸੇ ਤਰ੍ਹਾਂ ਮਹਿੰਦਰ ਸਿੰਘ ਚੌਕੀ ਇੰਚਾਰਜ ਘਰਾਚੋਂ ਨੇ ਨਾਕੇ ਦੌਰਾਨ ਮੋਟਰਸਾਈਕਲ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਮੋਟਰਸਾਈਕਲ ਉੱਤੇ ਰੱਖੇ ਵਜ਼ਨਦਾਰ ਥੈਲੇ ਵਿੱਚੋਂ 36 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਹੋਈਆਂ। ਚਾਲਕ ਦੀ ਪਛਾਣ ਪਰਮਜੀਤ ਸਿੰਘ ਵਾਸੀ ਨਰੈਣਗੜ੍ਹ ਵਜੋਂ ਹੋਈ। ਪੁਲੀਸ ਨੇ ਦੋਵਾਂ ਨੂੰ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।