ਡਕੈਤੀ ਦੇ 7.70 ਲੱਖ ਰੁਪਏ ਸਣੇ ਦੋ ਮੁਲਜ਼ਮ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 2 ਜੁਲਾਈ
ਥਾਣਾ ਅਮਲੋਹ ਦੀ ਪੁਲੀਸ ਨੇ 23 ਜੂਨ ਨੂੰ ਪਿੰਡ ਕਪੂਰਗੜ੍ਹ ਦੇ ਜਸਵੀਰ ਸਿੰਘ ਪੁੱਤਰ ਜਿੰਦਰ ਰਾਮ ਦੇ ਸਕਰੈਪ ਦੇ ਗੁਦਾਮ ਵਿੱਚੋਂ ਪਿਸਤੌਲਨੁਮਾ ਹਥਿਆਰ ਦੀ ਨੋਕ ’ਤੇ ਲੱਖਾਂ ਰੁਪਏ ਲੁੱਟਣ ਵਾਲੇ ਪੰਜ ਵਿੱਚੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਦੋ ਕਮਾਣੀਦਾਰ ਚਾਕੂ ਅਤੇ ਡਕੈਤੀ ਦੀ ਰਾਸ਼ੀ ਵਿੱਚੋਂ 7.70 ਲੱਖ ਰੁਪਏ ਬਰਾਮਦ ਕਰ ਲਏ ਹਨ।
ਡੀਐੱਸਪੀ ਜਗਜੀਤ ਸਿੰਘ ਅਤੇ ਥਾਣਾ ਮੁਖੀ ਅਾਕਾਸ਼ ਦੱਤ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੁੱਦਈ ਜਸਵੀਰ ਸਿੰਘ ਨੇ 27 ਜੂਨ ਨੂੰ ਪੁਲੀਸ ਨੂੰ ਬਿਆਨ ਦਰਜ ਕਰਵਾਇਆ ਸੀ ਕਿ ਉਸ ਦਾ ਗੁਦਾਮ ਅਮਲੋਹ ਰੋਡ ’ਤੇ ਸਥਿਤ ਹੈ ਜਿੱਥੇ ਉਹ 23 ਜੂੁਨ ਨੂੰ ਲੋਹਾ ਸਕਰੈਪ ਦੀ ਰਕਮ ਇਕੱਠੀ ਕਰ ਕੇ ਲੈ ਕੇ ਆਇਆ ਸੀ। ਰਾਤ ਕਰੀਬ 10.30 ਵਜੇ ਸਲਮਾਨ, ਰਾਜ ਕੁਮਾਰ, ਕਰਨਵੀਰ ਅਤੇ ਉਨ੍ਹਾਂ ਦੇ ਦੋ ਹੋਰ ਸਾਥੀਆਂ ਨੇ ਪਿਸਤੌਲ ਨੁਮਾ ਚੀਜ਼ ਦਿਖਾ ਕੇ ਉਸ ਕੋਲੋਂ ਇਕੱਠੀ ਕੀਤੀ ਉਕਤ ਰਾਸ਼ੀ ਲੁੱਟ ਲਈ ਤੇ ਫ਼ਰਾਰ ਹੋ ਗਏ। ਮੁਲਜ਼ਮਾਂ ਖ਼ਿਲਾਫ਼ ਥਾਣਾ ਗੋਬਿੰਦਗੜ੍ਹ ਵਿੱਚ ਕੇਸ ਦਰਜ ਕੀਤਾ ਗਿਆ।
ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਦੀਆਂ ਹਦਾਇਤਾਂ ’ਤੇ ਵੱਖ-ਵੱਖ ਪੁਲੀਸ ਪਾਰਟੀਆਂ ਦਾ ਗਠਨ ਕਰ ਕੇ ਮੁਲਜ਼ਮਾਂ ਦੀ ਪੈਡ਼ ਨੱਪਣ ਲਈ ਸੀਸੀਟੀਵੀ ਫੁਟੇਜ ਚੈੱਕ ਕੀਤੀਆਂ ਗਈਆਂ ਤਾਂ ਮੁੱਢਲੀ ਤਫਤੀਸ਼ ਦੌਰਾਨ ਕਰਨਦੀਪ ਉਰਫ ਕ੍ਰਿਸ਼ਨ ਲਾਲ ਵਾਸੀ ਗੜ੍ਹੀ ਫਤਹਿ ਖਾਂ ਥਾਣਾ ਰਾਹੋਂ ਜ਼ਿਲ੍ਹਾ ਨਵਾਂ ਸ਼ਹਿਰ ਅਤੇ ਸਲਮਾਨ ਵਾਸੀ ਸੰਗਮ ਵਿਹਾਰ ਦਿੱਲੀ, ਹਾਲ ਵਾਸੀ ਇਕਬਾਲ ਨਗਰ ਮੰਡੀ ਗੋਬਿੰਦਗੜ੍ਹ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਪਾਸੋ 7,70,000 ਰੁਪਏ, ਦੋ ਕਮਾਣੀਦਾਰ ਚਾਕੂ ਬਰਾਮਦ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਪੁੱਛਗਿਛ ਦੌਰਾਨ ਜਗਦੀਪ ਸਿੰਘ ਉਰਫ ਦੀਪੀ ਬਾਬਾ ਵਾਸੀ ਚਤਰਪੁਰਾ ਨੂੰ ਵੀ ਕੇਸ ’ਚ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਰਾਜ ਕੁਮਾਰ ਅਤੇ ਬਾਕੀਆਂ ਦੀ ਭਾਲ ਜਾਰੀ ਹੈ।