ਚੋਰੀ ਕਰਨ ਦੇ ਦੋਸ਼ ਹੇਠ ਦੋ ਮੁਲਜ਼ਮ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਜਲੰਧਰ, 13 ਅਗਸਤ
ਮਕਸੂਦਾ ਪੁਲੀਸ ਨੇ ਚੋਰੀ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਤਿੰਨ ਮੋਟਰਸਾਈਕਲ, ਇੱਕ ਬੈਟਰੀ, ਇੱਕ ਇਨਵਰਟਰ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਡੀਐੱਸਪੀ ਬਲਬੀਰ ਸਿੰਘ ਨੇ ਦੱਸਿਆ ਕਿ ਮਕਸੂਦਾ ਥਾਣੇ ਦੇ ਮੁਖੀ ਸਿਕੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਪੁਲੀਸ ਪਾਰਟੀ ਵਰਿਆਣਾ ਫਾਟਕ ਨੇੜੇ ਗਸ਼ਤ ਕਰ ਰਹੀ ਸੀ ਕਿ ਦੋ ਮੋਟਰਸਾਈਕਲਾਂ ’ਤੇ ਦੋ ਨੌਜਵਾਨ ਉਨ੍ਹਾਂ ਵੱਲ ਆਉਂਦੇ ਦਿਖਾਈ ਦਿੱਤੇ। ਏਐੱਸਆਈ ਸਤਨਾਮ ਸਿੰਘ ਦੀ ਮਦਦ ਨਾਲ ਦੋਵਾਂ ਨੂੰ ਕਾਬੂ ਕਰ ਕੇ ਮੋਟਰਸਾਈਕਲਾਂ ਦੇ ਕਾਗਜ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਦੋਵੇਂ ਮੋਟਰਸਾਈਕਲ ਚੋਰੀ ਦੇ ਹਨ। ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਇੱਕ ਹੋਰ ਚੋਰੀ ਦੀ ਮੋਟਰਸਾਈਕਲ ਬਰਾਮਦ ਕੀਤਾ ਗਿਆ। ਫੜੇ ਗਏ ਨੌਜਵਾਨਾਂ ਨੇ ਦੱਸਿਆ ਕਿ ਇਨ੍ਹਾਂ ਨੇ ਪਿੰਡ ਵਰਿਆਣਾ ਦੇ ਫਾਰਮ ਵਿੱਚੋਂ ਮੋਟਰਾਂ, ਇਨਵਰਟਰ, ਬੈਟਰੀ ਤੇ ਹੋਰ ਸਾਮਾਨ ਵੀ ਚੋਰੀ ਕੀਤਾ ਸੀ। ਉਨ੍ਹਾਂ ਦੱਸਿਆ ਕਿ ਉਹ ਚੋਰੀ ਦਾ ਸਾਮਾਨ ਸ਼ਿਵ ਨਗਰ ਵਿੱਚ ਸਥਿਤ ਕਬਾੜੀਏ ਨੂੰ ਵੇਚਦੇ ਹਨ। ਮੁਲਜ਼ਮਾਂ ਦੀ ਪਹਿਚਾਣ ਰਾਜ ਕੁਮਾਰ ਉਰਫ਼ ਰਾਜਾ ਅਤੇ ਰਵੀ ਕੁਮਾਰ ਦੋਵੇਂ ਵਾਸੀ ਵਰਿਆਣਾ ਵਜੋਂ ਹੋਈ ਹੈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।