ਕਤਲ ਦੇ ਦੋਸ਼ ਹੇਠ ਦੋ ਮੁਲਜ਼ਮ ਕਾਬੂ
ਬਟਾਲਾ (ਹਰਜੀਤ ਸਿੰਘ ਪਰਮਾਰ): ਪੁਲੀਸ ਜ਼ਿਲ੍ਹਾ ਬਟਾਲਾ ਦੇ ਥਾਣਾ ਘੁਮਾਣ ਦੀ ਪੁਲੀਸ ਨੇ ਲੰਘੀ 4 ਮਾਰਚ ਨੂੰ ਹੋਏ ਪਰਵਾਸੀ ਮਜ਼ਦੂਰ ਰਾਮ ਜੀਵਨ ਸ਼ੁਕਲਾ ਦੇ ਕਤਲ ਕੇਸ ’ਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਮੋਟਰਸਾਈਕਲ, ਇੱਕ ਪਿਸਤੌਲ ਤੇ ਰੌਂਦ ਵੀ ਬਰਾਮਦ ਕੀਤੇ ਹਨ। ਐਸਪੀ ਇਨਵੈਸਟੀਗੇਸ਼ਨ ਗੁਰਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਲੰਘੀ 4 ਮਾਰਚ ਨੂੰ ਰਾਣਾ ਖੰਡ ਮਿੱਲ ’ਚ ਕੰਮ ਕਰਦੇ ਪਰਵਾਸੀ ਮਜ਼ਦੂਰ ਦਿਨੇਸ਼ ਕੁਮਾਰ ਵਾਸੀ ਹਿਮਾਚਲ ਪ੍ਰਦੇਸ਼ ਤੇ ਰਾਮ ਜੀਵਨ ਸ਼ੁਕਲਾ ਵਾਸੀ ਉੱਤਰ ਪ੍ਰਦੇਸ਼ ਡਿਊਟੀ ਖਤਮ ਕਰਕੇ ਮੋਟਰਸਾਈਕਲ ’ਤੇ ਸ਼ਾਮ ਕਰੀਬ 6 ਵਜੇ ਹਿਮਾਚਲ ਪ੍ਰਦੇਸ਼ ਨੂੰ ਜਾ ਰਹੇ ਸਨ। ਪਿੰਡ ਮਹਿਮਦਪੁਰ ਕੋਲ ਤਿੰਨ ਨੌਜਵਾਨਾਂ ਨੇ ਉਨ੍ਹਾਂ ਦਾ ਪਰਸ ਤੇ ਮੋਬਾਈਲ ਫੋਨ ਖੋਹ ਲਏ ਤੇ ਵਿਰੋਧ ਕਰਨ ’ਤੇ ਰਾਮ ਜੀਵਨ ਨੂੰ ਗੋਲੀ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਐੱਸਪੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤਹਿਤ ਪੁਲੀਸ ਦੋ ਮੁਲਜ਼ਮਾਂ ਜੋਬਨਪ੍ਰੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਵਾਸੀਆਨ ਪਿੰਡ ਬੋਹਜਾ ਥਾਣਾ ਘੁਮਾਣ ਨੂੰ ਗ੍ਰਿਫ਼ਤਾਰ ਕੀਤਾ ਜਦਕਿ ਉਨ੍ਹਾਂ ਦਾ ਤੀਜਾ ਸਾਥੀ ਵਿਜੇ ਫਿਲਹਾਲ ਫ਼ਰਾਰ ਹੈ।