ਚੀਨੀ ਡੋਰ ਕਾਰਨ ਵਾਪਰੇ ਦੋ ਹਾਦਸੇ
ਜਗਮੋਹਨ ਸਿੰਘ
ਰੂਪਨਗਰ, 12 ਫਰਵਰੀ
ਇੱਥੇ ਸ਼ਹਿਰ ਵਿੱਚ ਪਾਬੰਦੀਸ਼ੁਦਾ ਚੀਨੀ ਡੋਰ ਕਾਰਨ ਵਾਪਰ ਰਹੇ ਹਾਦਸੇ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਚੀਨੀ ਡੋਰ ਦੀ ਵਿੱਕਰੀ ਸਖ਼ਤੀ ਨਾਲ ਰੋਕਣ ਦੇ ਦਾਅਵਿਆਂ ਨੂੰ ਝੁਠਲਾਉਂਦੇ ਹੋਏ ਨਜ਼ਰ ਆ ਰਹੇ ਹਨ। ਬਸੰਤ ਪੰਚਮੀ ਦੇ ਤਿਉਹਾਰ ਤੋਂ ਦੋ ਦਿਨ ਪਹਿਲਾਂ ਹੀ ਅੱਜ ਰੂਪਨਗਰ ਸ਼ਹਿਰ ਵਿੱਚ ਚੀਨੀ ਡੋਰ ਕਾਰਨ ਦੋ ਪਹੀਆ ਵਾਹਨ ਚਾਲਕਾਂ ਨਾਲ ਵੱਖ ਵੱਖ ਥਾਵਾਂ ਤੇ ਦੋ ਹਾਦਸੇ ਵਾਪਰੇ। ਇੱਕ ਹਾਦਸੇ ਦੌਰਾਨ ਤਾਂ ਵਾਹਨ ਚਾਲਕ ਦੀ ਚੌਕਸੀ ਸਦਕਾ ਉਸ ਦੇ ਸਰੀਰਕ ਨੁਕਸਾਨ ਤੋਂ ਬਚਾਅ ਹੋ ਗਿਆ, ਪਰ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਇਸ ਸਬੰਧੀ ਇੱਥੇ ਪ੍ਰਾਈਵੇਟ ਹਸਪਤਾਲ ’ਚ ਜ਼ੇਰੇ ਇਲਾਜ ਲਾਲਕੂ ਸਾਦਾ ਵਾਸੀ ਬ੍ਰਾਹਮਣਮਾਜਰਾ ਨੇ ਦੱਸਿਆ ਕਿ ਉਹ ਸ਼ੈੱਲਰ ਵਿੱਚ ਮਜ਼ਦੂਰੀ ਕਰਦਾ ਹੈ। ਉਹ ਅੱਜ ਰੂਪਨਗਰ ਸ਼ਹਿਰ ਵਿੱਚ ਖ਼ਰੀਦਦਾਰੀ ਲਈ ਆਇਆ ਸੀ। ਉਹ ਜਦੋਂ ਵਾਪਸ ਜਾ ਰਿਹਾ ਸੀ ਤਾਂ ਸਰਹਿੰਦ ਨਹਿਰ ਕਿਨਾਰੇ ਰਾਜਧਾਨੀ ਝੁੱਗੀ ਬਸਤੀ ਕੋਲ ਅਚਾਨਕ ਚੀਨੀ ਡੋਰ ਉਸ ਦੀ ਗਰਦਨ ਦੁਆਲੇ ਲਿਪਟ ਗਈ। ਇਸ ਕਾਰਨ ਉਸ ਦੇ ਗਲੇ ’ਤੇ ਕੱਟ ਲੱਗ ਗਏ। ਡਾ. ਜੇਪੀ ਸਾਂਘਾ ਨੇ ਦੱਸਿਆ ਕਿ ਪੀੜਤ ਵਿਅਕਤੀ ਦੀ ਗਰਦਨ ’ਤੇ 20 ਟਾਂਕੇ ਲਗਾਏ ਗਏ ਹਨ ਤੇ ਹੁਣ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਦੂਜੇ ਪਾਸੇ, ਸ਼ਹਿਰ ਵਾਸੀਆਂ ਦਾ ਦੋਸ਼ ਹੈ ਕਿ ਸ਼ਹਿਰ ਵਿੱਚ ਕੁੱਝ ਦੁਕਾਨਦਾਰਾਂ ਵੱਲੋਂ ਚੀਨੀ ਡੋਰ ਵੇਚੀ ਜਾ ਰਹੀ ਹੈ। ਇਸ ਸਬੰਧੀ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਬਸੰਤ ਪੰਚਮੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸ਼ੱਕੀ ਥਾਵਾਂ ’ਤੇ ਸਾਦੇ ਕੱਪੜਿਆਂ ’ਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਜੋ ਪਾਬੰਦੀਸ਼ੁਦਾ ਡੋਰ ਵੇਚਣ ਵਾਲਿਆਂ ਨੂੰ ਰੰਗੇ ਹੱਥੀਂ ਕਾਬੂ ਕਰਨਗੇ। ਡੋਰ ਦੀ ਵਰਤਣ ਵਾਲਿਆਂਂ ਖ਼ਿਲਾਫ਼ ਵੀ ਐਕਸ਼ਨ ਲਿਆ ਜਾਵੇਗਾ।