ਟਵਿੱਟਰ ਬਨਾਮ ਥਰੈੱਡਜ਼
ਇੰਟਰਨੈੱਟ ਦੇ 30 ਤੋਂ ਜ਼ਿਆਦਾ ਅਜਿਹੇ ਸੋਸ਼ਲ ਮੀਡੀਆ ਪਲੇਟਫਾਰਮ ਹਨ ਜਿਨ੍ਹਾਂ ਨੂੰ ਵਰਤਣ ਵਾਲਿਆਂ ਦੀ ਗਿਣਤੀ 10 ਕਰੋੜ ਤੋਂ ਜ਼ਿਆਦਾ ਹੈ। ਇਨ੍ਹਾਂ ਵਿਚੋਂ ਪ੍ਰਮੁੱਖ ਫੇਸਬੁੱਕ, ਯੂ-ਟਿਊਬ, ਵੱਟਸਐਪ, ਇੰਸਟਾਗਰਾਮ, ਟਿਕਟੌਕ, ਮੈਸੈਂਜਰ, ਲਿੰਕਡਿਨ, ਟਵਿੱਟਰ, ਕੋਰਾ, ਸਕਾਈਪ ਆਦਿ ਹਨ। ਫੇਸਬੁੱਕ, ਵੱਟਸਐਪ, ਇੰਸਟਾਗਰਾਮ, ਮੈਸੈਂਜਰ ਆਦਿ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਮਾਲਕ ਮੈਟਾ ਕੰਪਨੀ ਹੈ, ਨੇ ਹੁਣ ਨਵਾਂ ਪਲੇਟਫਾਰਮ ਥਰੈੱਡਜ਼ (Threads) ਸ਼ੁਰੂ ਕੀਤਾ ਹੈ। ਇਸ ਦਾ ਸਿੱਧਾ ਮੁਕਾਬਲਾ ਟਵਿੱਟਰ ਨਾਲ ਹੈ। ਇਸ ਪਲੇਟਫਾਰਮ ’ਤੇ 500 ਅੱਖਰਾਂ ਤਕ ਦੀ ਟਿੱਪਣੀ/ਪੋਸਟ ਅਤੇ ਪੰਜ ਮਿੰਟਾਂ ਦਾ ਵੀਡੀਓ, ਤਸਵੀਰਾਂ ਤੇ ਹੋਰ ਲਿੰਕ ਇਕੱਠੇ ਪਾਏ (Load ਕੀਤੇ) ਜਾ ਸਕਦੇ ਹਨ। ਟਵਿੱਟਰ ’ਤੇ ਪਾਈਆਂ ਜਾਣ ਵਾਲੀਆਂ ਟਿੱਪਣੀਆਂ ਦੇ ਅੱਖਰਾਂ ਦੀ ਸੀਮਾ 280 ਹੈ। ਟਵਿੱਟਰ ਦੀ ਹਰ ਟਿੱਪਣੀ/ਟਵੀਟ ’ਤੇ 4 ਤਸਵੀਰਾਂ ਤੇ ਵੀਡੀਓ ਪਾਈਆਂ ਜਾ ਸਕਦੀਆਂ ਹਨ ਜਦੋਂਕਿ ਥਰੈੱਡਜ਼ ’ਤੇ 10 ਤਸਵੀਰਾਂ ਤੇ ਵੀਡੀਓ ਪਾਉਣ ਦੀ ਸਹੂਲਤ ਹੈ। ਵੀਰਵਾਰ ਥਰੈੱਡਜ਼ ਦੇ ਇੰਟਰਨੈੱਟ ’ਤੇ ਆਉਣ ਨਾਲ ਪਹਿਲੇ 7-8 ਘੰਟਿਆਂ ਵਿਚ ਇਕ ਕਰੋੜ ਤੋਂ ਜ਼ਿਆਦਾ ਲੋਕਾਂ ਨੇ ਇਸ ਦੀ ਵਰਤੋਂ ਸ਼ੁਰੂ ਕਰ ਦਿੱਤੀ ਜਦੋਂਕਿ ਹੋਰ ਸੋਸ਼ਲ ਪਲੇਟਫਾਰਮਾਂ ਦੀ ਏਨੀ ਵੱਡੀ ਪੱਧਰ ’ਤੇ ਵਰਤੋਂ ਸ਼ੁਰੂ ਹੋਣ ਵਿਚ ਕਈ ਮਹੀਨੇ ਤੇ ਸਾਲ ਲੱਗ ਗਏ ਸਨ।
ਥਰੈੱਡਜ਼ ਦੀ ਮਾਲਕ ਕੰਪਨੀ ਮੈਟਾ ਇੰਸਟਾਗਰਾਮ ਦੀ ਮਾਲਕ ਵੀ ਹੈ ਅਤੇ ਇੰਸਟਾਗਰਾਮ ਵਰਤਣ ਵਾਲਿਆਂ ਨੂੰ ਇਸ ਦੀ ਵਰਤੋਂ ਲਈ ਖ਼ਾਸ ਸਹੂਲਤਾਂ ਦਿੱਤੀਆਂ ਗਈਆਂ ਹਨ। ਮੈਟਾ ਕੰਪਨੀ ਦੇ ਮਾਲਕ ਮਾਰਕ ਜ਼ੁਕਰਬਰਗ ਨੇ ਦਾਅਵਾ ਕੀਤਾ ਹੈ ਕਿ ਥਰੈੱਡਜ਼ ਛੇਤੀ ਹੀ ਟਵਿੱਟਰ ਜਿਸ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 45 ਕਰੋੜ ਦੱਸੀ ਜਾਂਦੀ ਹੈ, ਨੂੰ ਪਿੱਛੇ ਛੱਡ ਕੇ 100 ਕਰੋੜ ਵਰਤੋਂਕਾਰਾਂ ਤਕ ਪਹੁੰਚ ਜਾਵੇਗਾ। ਦੂਸਰੇ ਪਾਸੇ ਟਵਿੱਟਰ ਦੇ ਮਾਲਕ ਐਲਨ ਮਸਕ ਦਾ ਕਹਿਣਾ ਹੈ ਕਿ ਟਵਿੱਟਰ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਟਵਿੱਟਰ ਨੇ ਇਹ ਦੋਸ਼ ਵੀ ਲਗਾਇਆ ਹੈ ਕਿ ਮੈਟਾ ਕੰਪਨੀ ਨੇ ਥਰੈੱਡਜ਼ ਬਣਾਉਂਦਿਆਂ ਉਸ ਦੀ ਤਕਨੀਕ ਨਕਲ ਕੀਤੀ ਹੈ, ਇਸ ਲਈ ਉਹ ਅਦਾਲਤ ਵਿਚ ਜਾਏਗੀ।
ਇੰਟਰਨੈੱਟ ਦੇ ਕੁਝ ਮਾਹਿਰਾਂ ਨੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਥਰੈੱਡਜ਼ ਆਪਣੇ ਵਰਤਣ ਵਾਲਿਆਂ ਦੇ ਸੰਪਰਕ (Contacts), ਪਤਾ-ਟਿਕਾਣਾ, ਇੰਟਰਨੈੱਟ ਵਰਤਣ ਦੀਆਂ ਆਦਤਾਂ ਅਤੇ ਹੋਰ ਨਿੱਜੀ ਜਾਣਕਾਰੀ ਇੱਕਠੀ ਕਰ ਸਕਦਾ ਹੈ। ਦੂਸਰੇ ਪਾਸੇ ਇੰਟਰਨੈੱਟ ਨੂੰ ਜ਼ੋਰ-ਸ਼ੋਰ ਨਾਲ ਵਰਤਣ ਵਾਲਿਆਂ ਅਨੁਸਾਰ ਇਨ੍ਹਾਂ ਸਮਿਆਂ ਵਿਚ ਨਿੱਜੀ ਜਾਣਕਾਰੀ ਨੂੰ ਨਿੱਜੀ ਰੱਖਣ ਦਾ ਦਾਅਵਾ ਕਰਨਾ ਇਕ ਤਰ੍ਹਾਂ ਦੀ ਅਗਿਆਨਤਾ ਹੈ ਕਿਉਂਕਿ ਸੋਸ਼ਲ ਮੀਡੀਆ ਕੰਪਨੀਆਂ ਇੰਟਰਨੈੱਟ ਵਰਤਣ ਵਾਲਿਆਂ ਬਾਰੇ ਲਗਾਤਾਰ ਜਾਣਕਾਰੀ ਇਕੱਠੀ ਕਰਦੀਆਂ ਅਤੇ ਉਸ ਨੂੰ ਵਰਤਦੀਆਂ ਹਨ। ਇਸ ਕਥਨ ਵਿਚ ਕੁਝ ਸਚਾਈ ਤਾਂ ਹੈ ਅਤੇ ਸਰਕਾਰਾਂ ਨੂੰ ਸੋਸ਼ਲ ਮੀਡੀਆ ਕੰਪਨੀਆਂ ਨੂੰ ਵਰਤੋਂਕਾਰਾਂ ਦੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਕਰਨਾ ਚਾਹੀਦਾ ਹੈ। ਪਿਛਲੇ ਤਿੰਨ ਦਹਾਕਿਆਂ ਵਿਚ ਇੰਟਰਨੈੱਟ ਦੀ ਵਰਤੋਂ ਨੇ ਦੁਨੀਆ ਦੀ ਸ਼ਕਲ ਬਦਲ ਦਿੱਤੀ ਹੈ। ਇੰਟਰਨੈੱਟ ’ਤੇ ਗਿਆਨ ਤੇ ਜਾਣਕਾਰੀ ਦਾ ਅਨੰਤ ਭੰਡਾਰ ਉਪਲਬਧ ਕਰਾਇਆ ਗਿਆ ਹੈ ਅਤੇ ਅਰਬਾਂ ਲੋਕ ਰੋਜ਼ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਆਪਸ ਵਿਚ ਗੱਲਬਾਤ ਅਤੇ ਜਾਣਕਾਰੀ ਸਾਂਝੀ ਕਰਦੇ ਹਨ। ਵਪਾਰ ਅਤੇ ਕਾਰੋਬਾਰ ਵਿਚ ਇੰਟਰਨੈੱਟ ਦੀ ਭੂਮਿਕਾ ਏਨੀ ਅਹਿਮ ਹੋ ਚੁੱਕੀ ਹੈ ਕਿ ਇੰਟਰਨੈੱਟ ਬਗੈਰ ਕਿਸੇ ਵੱਡੇ ਕਾਰੋਬਾਰ ਦੀ ਕਲਪਨਾ ਕਰਨੀ ਵੀ ਮੁਸ਼ਕਿਲ ਹੈ। ਸੋਸ਼ਲ ਮੀਡੀਆ ਤੇ ਇੰਟਰਨੈੱਟ ਮਨੁੱਖ ਦੇ ਸਮਾਜਿਕ ਤੇ ਸਭਿਆਚਾਰਕ ਕਾਰਜਾਂ ਵਿਚ ਵੱਡਾ ਦਖ਼ਲ ਦੇ ਰਹੇ ਹਨ। ਸੋਸ਼ਲ ਮੀਡੀਆ ਕੰਪਨੀਆਂ ਨੂੰ ਇਸ਼ਤਿਹਾਰਬਾਜ਼ੀ ਅਤੇ ਹੋਰ ਸਾਧਨਾਂ ਨਾਲ ਖ਼ਰਬਾਂ ਰੁਪਏ ਦੀ ਕਮਾਈ ਹੁੰਦੀ ਹੈ ਜਿਸ ਕਾਰਨ ਉਨ੍ਹਾਂ ਵਿਚਕਾਰ ਮੁਕਾਬਲਾ ਹੋਣਾ ਸੁਭਾਵਿਕ ਹੈ। ਇਸ ਸਬੰਧ ਵਿਚ ਟਵਿੱਟਰ ਅਤੇ ਥਰੈੱਡਜ਼ ਦਾ ਵਪਾਰਕ ਮੁਕਾਬਲਾ ਵੀ ਕਾਫ਼ੀ ਦਿਲਚਸਪ ਹੋਵੇਗਾ।