For the best experience, open
https://m.punjabitribuneonline.com
on your mobile browser.
Advertisement

ਟਰਨ-ਟਰਨ: ਮਾਲ ਮਾਲਕਾਂ ਦਾ, ਜੇਬ ਪੰਜਾਬ ਦੀ..!

06:10 AM Dec 10, 2024 IST
ਟਰਨ ਟਰਨ  ਮਾਲ ਮਾਲਕਾਂ ਦਾ  ਜੇਬ ਪੰਜਾਬ ਦੀ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 9 ਦਸੰਬਰ
ਪੰਜਾਬ ਵਿਚ ਹਰ ਨਿਆਣੇ-ਸਿਆਣੇ ਦੇ ਹੱਥ ਮੋਬਾਈਲ ਫ਼ੋਨ ਹੈ। ਆਬਾਦੀ ਤੋਂ ਵੱਧ ਮੋਬਾਈਲ ਫ਼ੋਨ ਦੇਖ ਕੇ ‘ਜੀਓ ਪੰਜਾਬੀਓ ਜੀਓ’ ਹੀ ਆਖਿਆ ਜਾ ਸਕਦਾ ਹੈ। ਮੋਬਾਈਲ ਫ਼ੋਨ ਵਰਤੋਂ ਦਾ ਖਰਚਾ ਦੇਖ ਇੰਝ ਲੱਗਦਾ ਹੈ ਕਿ ਪੰਜਾਬ ਦੇ ਘਰ ’ਚ ਕੋਈ ਘਾਟਾ ਨਹੀਂ ਜਿਹੜਾ ਕਾਰਪੋਰੇਟ ਘਰਾਣਿਆਂ ਦੇ ਘਰ ਭਰਨ ਵਿੱਚ ਮੋਹਰੀ ਸਫ਼ਾਂ ’ਚ ਹੈ। ਪੰਜਾਬ ’ਚ ਮੌਜੂਦਾ ਅਨੁਮਾਨਿਤ ਆਬਾਦੀ 3.17 ਕਰੋੜ ਹੈ, ਜਦੋਂ ਕਿ ਮੋਬਾਈਲ ਕੁਨੈਕਸ਼ਨ 3.42 ਕਰੋੜ ਹਨ। ਹਰ ਘਰ ’ਚ ਔਸਤਨ ਦੋ-ਦੋ ਮੋਬਾਈਲ ਕੁਨੈਕਸ਼ਨ ਹਨ। ਚੰਗਾ ਮੋੜਾ ਇਹ ਹੈ ਕਿ ਅਗਸਤ-ਸਤੰਬਰ ਮਹੀਨੇ ’ਚ ਸੂਬੇ ’ਚ 7.43 ਲੱਖ ਕੁਨੈਕਸ਼ਨਾਂ ਦੀ ਕਮੀ ਆਈ ਹੈ।

Advertisement

ਪੰਜਾਬ ’ਚ ਬੀਐੱਸਐੱਨਐੱਲ ਤੋਂ ਇਲਾਵਾ ਤਿੰਨ ਘਰਾਣੇ ਪੰਜਾਬੀਆਂ ਦੀ ਫ਼ੋਨ ਦੀ ਬੇਲੋੜੀ ਵਰਤੋਂ ਦੀ ਆਦਤ ਤੇ ਸੁਭਾਅ ਦੀ ਖੱਟੀ ਖਾ ਰਹੇ ਹਨ। ਪੰਜਾਬ ਦੇ ਲੋਕਾਂ ਨੇ ਸੱਤ ਸਾਲਾਂ (2017-18 ਤੋਂ 2023-24) ਵਿਚ ਮੋਬਾਈਲ ਕੁਨੈਕਸ਼ਨਾਂ ਅਤੇ ਡਾਟਾ ਵਰਤੋਂ ’ਤੇ 47,006 ਕਰੋੜ ਰੁਪਏ ਖ਼ਰਚ ਦਿੱਤੇ ਹਨ, ਜਦੋਂ ਕਿ ਮੋਬਾਈਲ ਫ਼ੋਨ ਸੈੱਟ ਦਾ ਖਰਚਾ ਇਸ ਤੋਂ ਵੱਖਰਾ ਹੈ। ਪੰਜਾਬ ’ਚ ਸਾਲ 2023-24 ਵਿਚ ਟੈਲੀਕਾਮ ਕੰਪਨੀਆਂ ਨੇ 9175.28 ਕਰੋੜ ਦਾ ਕਾਰੋਬਾਰ ਕੀਤਾ ਹੈ, ਜੋ ਸਾਲ 2017-18 ਵਿਚ 1088.39 ਕਰੋੜ ਦਾ ਸੀ। ਸਾਲ 2023-24 ’ਚ ਉਸ ਕਾਰਪੋਰੇਟ ਘਰਾਣੇ ਨੇ 2892.26 ਕਰੋੜ ਦਾ ਕਾਰੋਬਾਰ ਕੀਤਾ, ਜਿਸ ਦਾ ਕਿਸਾਨੀ ਵੱਲੋਂ ਲੰਘੇ ਸਮੇਂ ’ਚ ਵੱਡਾ ਵਿਰੋਧ ਕੀਤਾ ਗਿਆ ਸੀ। ਦੂਸਰੇ ਘਰਾਣੇ ਨੇ ਸਾਲ ’ਚ 3995.18 ਕਰੋੜ ਦਾ ਕਾਰੋਬਾਰ ਕੀਤਾ। ਏਨਾ ਜ਼ਰੂਰ ਹੈ ਕਿ ਕਿਸਾਨਾਂ ਦੇ ਵਿਰੋਧ ਮਗਰੋਂ ਪੰਜਾਬ ’ਚ ਘਰਾਣਾ ਕਾਫ਼ੀ ਪਛੜਿਆ ਹੈ। ਇੱਕੋ ਵਰ੍ਹੇ ਦੀ ਔਸਤਨ ਦੇਖੀਏ ਤਾਂ ਪੰਜਾਬ ਦੇ ਲੋਕ ਰੋਜ਼ਾਨਾ 25.13 ਕਰੋੜ ਰੁਪਏ ਮੋਬਾਈਲ ਫ਼ੋਨ ਦੀ ਵਰਤੋਂ ਆਦਿ ’ਤੇ ਖ਼ਰਚਦੇ ਹਨ। ਸਾਲ 2021-22 ’ਚ ਕੰਪਨੀਆਂ ਨੇ ਸਭ ਤੋਂ ਵੱਧ 9636.87 ਕਰੋੜ ਦਾ ਕਾਰੋਬਾਰ ਕੀਤਾ ਸੀ। ਟੈਲੀਕਾਮ ਕੰਪਨੀਆਂ ਦੇ ਡੇਟਾ ਪੈਕੇਜ ਪੰਜਾਬੀਆਂ ਨੂੰ ਖਿੱਚਣ ਲੱਗੇ ਹਨ। ਰਿਲਾਇੰਸ ਜੀਓ ਨੇ ਤਾਂ ਸ਼ੁਰੂ ਵਿਚ ਮੁਫ਼ਤ ਦੀ ਚਾਟ ’ਤੇ ਵੀ ਲਾ ਲਿਆ ਸੀ। ਜੀਐੱਸਟੀ ਦੇ ਤਕਨੀਕੀ ਨੁਕਤਿਆਂ ਕਰਕੇ ਇਨ੍ਹਾਂ ਕੰਪਨੀਆਂ ਵੱਲੋਂ ਪੰਜਾਬ ’ਚ ਕੀਤੇ ਕਾਰੋਬਾਰ ਦਾ ਟੈਕਸ ਕਿਸੇ ਹੋਰ ਸੂਬੇ ਵਿਚ ਤਾਰਿਆ ਜਾ ਰਿਹਾ ਹੈ। ਕਾਰੋਬਾਰ ਦੀ ਦੌੜ ਵਿਚ ਬੀਐੱਸਐੱਨਐੱਲ ਕਾਫ਼ੀ ਪਛੜ ਗਿਆ ਹੈ। ਬੱਚਿਆਂ ਨੂੰ ਮੋਬਾਈਲ ਫੋਨਾਂ ’ਤੇ ਗੇਮਾਂ ਦੀ ਲਤ ਲੱਗ ਚੁੱਕੀ ਹੈ ਅਤੇ ਕਈ ਅਲਾਮਤਾਂ ਦਾ ਕਾਰਨ ਵੀ ਮੋਬਾਈਲ ਬਣਨ ਲੱਗਾ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪ੍ਰੰਤੂ ਫਿਰ ਵੀ ਸਨਅਤੀ ਸੂਬਿਆਂ ਵਾਂਗ ਮੋਬਾਈਲ ਦੀ ਵਰਤੋਂ ਹੋ ਰਹੀ ਹੈ। ਅੱਖਾਂ ਦੀ ਰੋਸ਼ਨੀ ਵੀ ਪ੍ਰਭਾਵਿਤ ਹੋ ਰਹੀ ਹੈ।ਟੈਲੀਕਾਮ ਅਥਾਰਿਟੀ ਆਫ਼ ਇੰਡੀਆ ਦੀ ਸਤੰਬਰ 2024 ਦੀ ਤਾਜ਼ਾ ਰਿਪੋਰਟ ਅਨੁਸਾਰ ਸਮੁੱਚੇ ਦੇਸ਼ ਵਿਚ 115.37 ਕਰੋੜ ਮੋਬਾਈਲ ਕੁਨੈਕਸ਼ਨ ਹਨ, ਜਿਨ੍ਹਾਂ ’ਚੋਂ 52.56 ਕਰੋੜ ਕੁਨੈਕਸ਼ਨ ਦਿਹਾਤੀ ਖੇਤਰ ਵਿਚ ਹਨ। ਇਸ ਰਿਪੋਰਟ ਅਨੁਸਾਰ ਪੰਜਾਬ ਵਿਚ 3.42 ਕੁਨੈਕਸ਼ਨ ਹਨ, ਜਿਨ੍ਹਾਂ ’ਚੋਂ ਸਭ ਤੋਂ ਵੱਧ ਭਾਰਤੀ ਏਅਰਟੈੱਲ ਦੇ ਕਰੀਬ 1.23 ਕਰੋੜ ਹਨ, ਜਦੋਂ ਕਿ ਰਿਲਾਇੰਸ ਜੀਓ ਦੇ 1.14 ਕਰੋੜ ਕੁਨੈਕਸ਼ਨ ਹਨ। ਇਸੇ ਤਰ੍ਹਾਂ ਵੋਡਾਫੋਨ ’ਦੇ 62.66 ਲੱਖ ਅਤੇ ਬੀਐੱਸਐੱਨਐੱਲ ਦੇ 41.49 ਲੱਖ ਕੁਨੈਕਸ਼ਨ ਹਨ। ਦੇਸ਼ ਦੇ ਟੈਲੀਕਾਮ ਸੈਕਟਰ ਦੇ ਬਾਜ਼ਾਰ ’ਚ 50.61 ਫ਼ੀਸਦੀ ਹਿੱਸੇਦਾਰੀ ਇਕੱਲੇ ਰਿਲਾਇੰਸ ਜੀਓ ਦੀ ਹੈ, ਜਦੋਂ ਕਿ 30.20 ਫ਼ੀਸਦੀ ਹਿੱਸੇਦਾਰੀ ਭਾਰਤੀ ਏਅਰਟੈੱਲ ਦੀ ਹੈ। ਇਸੇ ਤਰ੍ਹਾਂ ਵੋਡਾਫੋਨ ਦੀ 13.38 ਫ਼ੀਸਦੀ ਅਤੇ 3.99 ਫ਼ੀਸਦੀ ਬੀਐੱਸਐੱਨਐੱਲ ਦੀ ਹੈ। ਵੇਰਵਿਆਂ ਅਨੁਸਾਰ ਕਾਰੋਬਾਰ ਦੇ ਲਿਹਾਜ਼ ਨਾਲ ਪੰਜਾਬ ਵਿਚ ਭਾਰਤੀ ਏਅਰਟੈੱਲ ਉਪਰ ਜਾਪਦਾ ਹੈ। ਹਰਿਆਣਾ ਵਿਚ ਪੰਜਾਬ ਦੇ ਮੁਕਾਬਲੇ ਮੋਬਾਈਲ ਕੁਨੈਕਸ਼ਨਾਂ ਦਾ ਅੰਕੜਾ 2.61 ਕਰੋੜ ਹੈ। ਪੰਜਾਬ ’ਚ ਅਗਸਤ ਸਤੰਬਰ ਮਹੀਨੇ ਵਿਚ ਰਿਲਾਇੰਸ ਜੀਓ ਦੇ ਕਰੀਬ 75 ਹਜ਼ਾਰ ਕੁਨੈਕਸ਼ਨਾਂ ਦੀ ਕਮੀ ਆਈ ਹੈ।

Advertisement

ਜ਼ਿਆਦਾ ਵਰਤੋਂ ਦਾ ਅੱਖਾਂ ’ਤੇ ਅਸਰ: ਅਰੀਤ

ਸਿਹਤ ਵਿਭਾਗ ਪੰਜਾਬ ਦੀ ਸੇਵਾਮੁਕਤ ਅੱਖਾਂ ਦੀ ਮਾਹਿਰ ਡਾਕਟਰ ਅਰੀਤ ਕੌਰ ਦਾ ਕਹਿਣਾ ਹੈ ਕਿ ਲਗਾਤਾਰ ਮੋਬਾਈਲ ਫ਼ੋਨ ਦੀ ਸਕਰੀਨ ਦੇਖਣ ਨਾਲ ਅੱਖਾਂ ਅਤੇ ਮਾਨਸਿਕ ਸਿਹਤ ’ਚ ਵਿਗਾੜ ਪੈਦਾ ਹੁੰਦੇ ਹਨ। ਕੋਰਨੀਆਂ ’ਤੇ ਸਿੱਧਾ ਅਸਰ ਪੈਂਦਾ ਹੈ ਅਤੇ ਅੱਖਾਂ ’ਚ ਖ਼ੁਸ਼ਕੀ ਪੈਦਾ ਹੋ ਜਾਂਦੀ ਹੈ। ਸਕਰੀਨ ਟਾਈਮ ਜ਼ਿਆਦਾ ਹੋਣ ਨਾਲ ਅਜਿਹਾ ਵਾਪਰਦਾ ਹੈ। ਉਨ੍ਹਾਂ ਕਿਹਾ ਕਿ ਪ੍ਰੋਫੈਸ਼ਨਲ ਲੋਕਾਂ ਦੀ ਤਾਂ ਮਜਬੂਰੀ ਹੁੰਦੀ ਹੈ ਪ੍ਰੰਤੂ ਪੰਜਾਬ ’ਚ ਲੋਕ ਆਪਣਾ ਵਿਹਲਾਪਣ ਹੁਣ ਮੋਬਾਈਲ ’ਤੇ ਦੂਰ ਕਰਦੇ ਹਨ। ਮੋਬਾਈਲ ’ਤੇ ਹੀ ਗੇਮਾਂ, ਪਿਕਚਰਾਂ ਅਤੇ ਹੋਰ ਪ੍ਰੋਗਰਾਮ ਸੁਣਦੇ ਹਨ।

Advertisement
Author Image

sukhwinder singh

View all posts

Advertisement