ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਦੇ ਸਿਆਸੀ ਪਾਣੀਆਂ ’ਚ ਹਲਚਲ

08:11 AM Jun 13, 2024 IST

ਜਗਤਾਰ ਸਿੰਘ

ਅੰਕੜਿਆਂ ਦੇ ਲਿਹਾਜ਼ ਤੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਚੋਂ ਕਾਂਗਰਸ ਨੇ ਸੱਤ ਸੀਟਾਂ ਬਰਕਰਾਰ ਰੱਖੀਆਂ ਹਨ (2019 ਵਿਚ ਪਾਰਟੀ ਨੇ ਅੱਠ ਸੀਟਾਂ ਜਿੱਤੀਆਂ ਸਨ)। ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਤਿੰਨ ਸੀਟਾਂ ਜਿੱਤੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਇੱਕ ਸੀਟ ਆਈ ਹੈ। ਦੋ ਸੀਟਾਂ ਸਿੱਖ ਸਿਆਸਤ ਨਾਲ ਸਬੰਧਿਤ ਦੋ ਆਜ਼ਾਦ ਉਮੀਦਵਾਰਾਂ ਦੇ ਖਾਤੇ ਪਈਆਂ ਹਨ। ਉਂਝ, ਅੰਕੜਿਆਂ ਤੋਂ ਸੂਬੇ ਦੀ ਸਿਆਸਤ ਦੇ ਚੁਣਾਵੀ ਵਲਵਲਿਆਂ ਦਾ ਬਹੁਤਾ ਖੁਲਾਸਾ ਨਹੀਂ ਹੁੰਦਾ। ਬਿਨਾਂ ਸ਼ੱਕ, ਚੁਣਾਵੀ ਵਲਵਲੇ ਬਿਰਤਾਂਤ ਦੀ ਕੜੀ ਹੁੰਦੇ ਹਨ ਅਤੇ ਇਸ ਦਾ ਦੂਜਾ ਤੇ ਵਧੇਰੇ ਅਹਿਮ ਹਿੱਸਾ ਧਾਰਮਿਕ-ਸਿਆਸੀ ਵਲਵਲਿਆਂ ਨਾਲ ਜੁੜਿਆ ਹੁੰਦਾ ਹੈ। ਸਿੱਖ ਧਾਰਮਿਕ ਸਿਆਸੀ ਧਰਾਤਲ ਵਿੱਚ ਪਈ ਤਰੇੜ ਇਸ ਚੋਣ ਦਾ ਸਭ ਤੋਂ ਅਹਿਮ ਪਹਿਲੂ ਹੈ ਅਤੇ ਇਸ ਹਿੱਸੇ ਦੀ ਵਜਾਹਤ ਸਿਰਫ਼ ਧਾਰਮਿਕ-ਸਿਆਸੀ ਵਲਵਲੇ ਹੀ ਕਰ ਸਕਦੇ ਹਨ।
‘ਆਪ’ ਨੇ 2022 ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ 92 ਸੀਟਾਂ ਜਿੱਤ ਕੇ ਪੰਜਾਬ ਦੀ ਸੱਤਾ ਸੰਭਾਲੀ। ਬਹਰਹਾਲ, ਇਹਨੂੰ ਦੋ ਸਾਲਾਂ ਵਿੱਚ ਹੀ ਤਰੇਲੀਆਂ ਸ਼ੁਰੂ ਹੋ ਗਈਆਂ ਅਤੇ ਇਹ ਲੋਕ ਸਭਾ ਦੀਆਂ ਸਿਰਫ਼ ਤਿੰਨ ਸੀਟਾਂ- ਸੰਗਰੂਰ, ਅਨੰਦਪੁਰ ਸਾਹਿਬ ਤੇ ਹੁਸ਼ਿਆਰਪੁਰ, ਹੀ ਜਿੱਤ ਸਕੀ। ਇੱਕ ਹੋਰ ਅੰਕੜਾ ਹੈ ਕਿ ਪਾਰਟੀ ਦੋ ਸਾਲ ਪਹਿਲਾਂ ਜਿੱਤੇ 92 ਵਿਧਾਨ ਸਭਾ ਹਲਕਿਆਂ ਵਿੱਚੋਂ ਸਿਰਫ਼ 32 ਹਲਕਿਆਂ ਵਿੱਚ ਹੀ ਸਭ ਤੋਂ ਵੱਧ ਵੋਟਾਂ ਲੈ ਸਕੀ ਹੈ। ਰਵਾਇਤੀ ਪਾਰਟੀਆਂ ਤੋਂ ਅੱਕੇ ਲੋਕਾਂ ਨੇ ਨਵੀਂ ਪਾਰਟੀ ਨੂੰ ਬੇਮਿਸਾਲ ਫ਼ਤਵਾ ਦਿੱਤਾ ਸੀ ਪਰ ਇਹ ਸੂਬੇ ਲਈ ਕੋਈ ਭਵਿੱਖੀ ਨਜ਼ਰੀਆ ਪੇਸ਼ ਕਰਨ ਵਿੱਚ ਸਫਲ ਨਹੀਂ ਹੋ ਸਕੀ ਜਿੱਥੋਂ ਦੇ ਸਿਆਸੀ ਵਲਵਲਿਆਂ ਵਿੱਚ ਸਮੇਂ-ਸਮੇਂ ’ਤੇ ਮਜ਼ਬੂਤ ਲਹਿਰਾਂ ਵਹਿੰਦੀਆਂ ਰਹਿੰਦੀਆਂ ਹਨ। ‘ਆਪ’ ਨੇ ਆਪਣੇ ਆਪ ਨੂੰ ਖ਼ੈਰਾਤਾਂ/ਸੌਗਾਤਾਂ ਦੀ ਸਿਆਸਤ ਦੀ ਮੁਥਾਜ ਬਣਾ ਲਿਆ ਹੈ। ਖਿੱਤੇ ਦੇ ਇਤਿਹਾਸ ਦੀ ਸੂਝ-ਬੂਝ ਤੋਂ ਬਿਨਾਂ ਸੂਬੇ ਦਾ ਭਵਿੱਖੀ ਨਜ਼ਰੀਆ ਨਹੀਂ ਸਿਰਜਿਆ ਜਾ ਸਕਦਾ। ‘ਆਪ’ ਅਜੇ ਤੱਕ ਖ਼ੁਦ ਨੂੰ ਪੰਜਾਬ ਦੀ ਇਸ ਸਜੀਵ ਹਕੀਕਤ ਨਾਲ ਇਕਮਿਕ ਨਹੀਂ ਕਰ ਸਕੀ ਜਿਸ ਵਿੱਚ ਗ਼ੈਰਤ ਤੇ ਅਣਖ ਨਾਲ ਜਿਊਣ ਦਾ ਵੱਲ ਵੀ ਸ਼ਾਮਿਲ ਹੈ। ‘ਆਪ’ ਨੂੰ ਅਵਾਮ ਨਾਲ ਉਸਾਰੂ ਰਾਬਤਾ ਕਾਇਮ ਕਰਨਾ ਪਵੇਗਾ ਜੋ ਪੰਜਾਬ ਦੇ ਇਤਿਹਾਸਕ ਪ੍ਰਸੰਗ ਨੂੰ ਸਮਝੇ ਬਿਨਾਂ ਹੋ ਨਹੀਂ ਸਕੇਗਾ।
ਕਾਂਗਰਸ ਨੇ ਜਿਹੜੀਆਂ ਸੱਤ ਸੀਟਾਂ ਜਿੱਤੀਆਂ, ਉਨ੍ਹਾਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਫਿਰੋਜ਼ਪੁਰ, ਪਟਿਆਲਾ, ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਸ਼ਾਮਿਲ ਹਨ। ਵਿਧਾਨ ਸਭਾ ਦੇ 54 ਹਲਕਿਆਂ ’ਚ ਇਹ ਦੂਜੇ ਸਥਾਨ ’ਤੇ ਰਹੀ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਵੋਟ ਫ਼ੀਸਦ 42.01 ਫ਼ੀਸਦ ਤੋਂ ਘਟ ਕੇ 26.02 ਰਹਿ ਗਈ ਹੈ। ਇੱਕ ਲਿਹਾਜ਼ ਤੋਂ ਪੰਜਾਬ ਵਿਚ ਕਾਂਗਰਸ ਕੋਲ ਵੀ ਕੋਈ ਏਜੰਡਾ ਨਹੀਂ ਹੈ ਅਤੇ ਇਸ ਦੀਆਂ ਸਾਰੀਆਂ ਆਸਾਂ ਸੱਤਾ ਵਿਰੋਧੀ ਰਾਜਨੀਤੀ ’ਤੇ ਹਨ। ਅਸਲ ਵਿੱਚ ਇਹ ਉਨ੍ਹਾਂ ਦਿਨਾਂ ਦੀ ਸੋਚ ਹੈ ਜਦੋਂ ਪੰਜਾਬ ਵਿਚ ਦੋ ਧੁਰੀ ਰਾਜਨੀਤੀ ਦੀ ਤੂਤੀ ਬੋਲਦੀ ਸੀ।
ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਭਾਵੇਂ ਬਠਿੰਡਾ ਸੀਟ ਬਚਾਉਣ ਵਿੱਚ ਕਾਮਯਾਬ ਰਹੇ ਪਰ ਪਾਰਟੀ ਦੀ ਵੋਟ ਫ਼ੀਸਦ ਮਹਿਜ਼ 13.43 ਰਹਿ ਗਈ। ਪਾਰਟੀ ਨੇ ਸਾਰੀਆਂ 13 ਸੀਟਾਂ ’ਤੇ ਉਮੀਦਵਾਰ ਉਤਾਰੇ ਪਰ ਇਸ ਦੇ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਸਿਰਫ਼ ਤਿੰਨ ਸੀਟਾਂ ਮਿਲੀਆਂ ਸਨ। ਕੀ ਪਾਰਟੀ ਇਸ ਨਿਘਾਰ ਦੇ ਕਾਰਨਾਂ ਦੀ ਪੜਚੋਲ ਕਰੇਗੀ? 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਜੇ ਤੱਕ ਪਾਰਟੀ ਨੇ ਇਹ ਕਵਾਇਦ ਨਹੀਂ ਕੀਤੀ। ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਪਾਰਟੀ ਨੇ ਕਾਰਨਾਂ ਦਾ ਪਤਾ ਲਾਉਣ ਅਤੇ ਪਾਰਟੀ ਦੇ ਮੁੜ ਉਭਾਰ ਲਈ ਸਿਫਾਰਸ਼ਾਂ ਕਰਨ ਲਈ ਕਮੇਟੀ ਬਣਾਈ ਸੀ ਪਰ ਇਸ ਦੀ ਰਿਪੋਰਟ ਅਜੇ ਤੱਕ ਨਸ਼ਰ ਨਹੀਂ ਕੀਤੀ। ਹੋਰ ਤਾਂ ਹੋਰ, ਕਮੇਟੀ ਦੇ ਮੈਂਬਰਾਂ ਨੂੰ ਵੀ ਇਸ ਰਿਪੋਰਟ ਦੀ ਕਾਪੀ ਨਹੀਂ ਮਿਲ ਸਕੀ।
ਸਿੱਖ ਭਾਈਚਾਰੇ ਦੀ ਤਰਜਮਾਨੀ ਕਰਦਾ ਰਿਹਾ ਸ਼੍ਰੋਮਣੀ ਅਕਾਲੀ ਦਲ ਉਦੋਂ ਤੋਂ ਹੀ ਭੰਬਲਭੂਸੇ ਦਾ ਸ਼ਿਕਾਰ ਹੈ ਜਦੋਂ ਤੋਂ ਇਸ ਨੇ ਆਪਣੀ ਭੂਮਿਕਾ ਨੂੰ ਮੁੜ ਪਰਿਭਾਸ਼ਤ ਕਰਨ ਦੀ ਸ਼ੁਰੂਆਤ ਕੀਤੀ ਸੀ। ਉਦੋਂ ਤੋਂ ਹੁਣ ਤੱਕ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਕਸ਼ਮਕਸ਼ ਵਿਚ ਜੂਝ ਰਿਹਾ ਹੈ। ਦੂਜੇ ਪਾਸੇ, ਅਕਾਲੀ ਦਲ ਲਈ ਬੁਰੀ ਖ਼ਬਰ ਇਹ ਹੈ ਕਿ ਲੰਮੇ ਸਮੇਂ ਤੱਕ ਇਸ ਦੀ ਭਿਆਲ ਰਹੀ ਭਾਜਪਾ ਹਾਲੀਆ ਲੋਕ ਸਭਾ ਚੋਣਾਂ ਵਿਚ 18.06 ਫ਼ੀਸਦ ਵੋਟਾਂ ਹਾਸਲ ਕਰ ਕੇ ਤੀਜੇ ਨੰਬਰ ’ਤੇ ਆ ਗਈ ਹੈ; ਅਕਾਲੀ ਦਲ ਦਾ ਮੁਕਾਮ ਹੁਣ ਚੌਥਾ ਹੈ। ਇਹੀ ਨਹੀਂ, ਅਕਾਲੀ ਦਲ ਸਿਰਫ਼ ਨੌਂ ਅਸੈਂਬਲੀ ਹਲਕਿਆਂ ਵਿੱਚ ਵੱਧ ਵੋਟਾਂ ਲੈ ਸਕਿਆ ਹੈ; ਭਾਜਪਾ ਨੇ 23 ਹਲਕਿਆਂ ਵਿੱਚ ਵੱਧ ਵੋਟਾਂ ਲਈਆਂ ਹਨ। ਕਾਂਗਰਸ ਨੇ 2022 ਵਾਲੀਆਂ ਚੋਣਾਂ ਦੇ ਮੁਕਾਬਲੇ 38 ਅਸੈਂਬਲੀ ਹਲਕਿਆਂ ਵਿਚ ਵੱਧ ਵੋਟਾਂ ਹਾਸਲ ਕੀਤੀਆਂ ਹਨ ਅਤੇ ਇਸ ਮਾਮਲੇ ਵਿਚ ‘ਆਪ’ ਦੀ ਹਾਲਤ 92 ਹਲਕਿਆਂ ਤੋਂ ਘਟ ਕੇ 32 ਹਲਕਿਆਂ ਤੱਕ ਸਿਮਟ ਗਈ ਹੈ। ਇਸ ਪੱਖੋਂ ਕਾਂਗਰਸ ਅਤੇ ਭਾਜਪਾ ਨੇ ਆਪੋ-ਆਪਣੀ ਸਥਿਤੀ ਵਿੱਚ ਸੁਧਾਰ ਲਿਆਂਦਾ ਹੈ।
ਭਾਜਪਾ ਨੇ ਧੂਮ ਧੜੱਕੇ ਨਾਲ ਪੰਜਾਬ ਦੇ ਚੁਣਾਵੀ ਮੈਦਾਨ ’ਚ ਪੈਰ ਧਰਿਆ ਪਰ ਪਾਰਟੀ ਦਾ ਖਾਤਾ ਨਹੀਂ ਖੁੱਲ੍ਹ ਸਕਿਆ। ਉਂਝ, ਕਿਸਾਨ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਪਾਰਟੀ ਨੇ ਦਿਹਾਤੀ ਇਲਾਕਿਆਂ ’ਚ ਦਾਖ਼ਲਾ ਪਾ ਲਿਆ। ਹੁਣ ਇਸ ਦੀਆਂ ਨਜ਼ਰਾਂ 2027 ਦੀਆਂ ਵਿਧਾਨ ਸਭਾ ਚੋਣਾਂ ’ਤੇ ਹੋਣਗੀਆਂ। ਚੋਣ ਅਖਾੜੇ ’ਚ ਇਨ੍ਹਾਂ ਚਾਰ ਪਾਰਟੀਆਂ ਦੇ ਉਤਰਾਅ-ਚੜ੍ਹਾਅ ਆਮ ਚੁਣਾਵੀ ਪ੍ਰਕਿਰਿਆ ਵਰਗੇ ਹਨ। ਸੱਤਾ ਵਿੱਚ ਆਈ ਲਗਭਗ ਹਰ ਸਿਆਸੀ ਬਣਤਰ ਅਧੀਨ ਉਹੋ ਜਿਹਾ ਹੀ ਰਿਹਾ ਹੈ, ਭਾਵੇਂ ਉਹ ਅਕਾਲੀ-ਭਾਜਪਾ ਦਾ ਗੱਠਜੋੜ ਹੋਵੇ, ਕਾਂਗਰਸ ਹੋਵੇ ਜਾਂ ਫਿਰ ਹੁਣ ‘ਆਪ’। ਸੂਬਾ ਦਹਾਕਿਆਂ ਤੋਂ ਉਨ੍ਹਾਂ ਹੀ ਮੁੱਦਿਆਂ ਨਾਲ ਜੂਝ ਰਿਹਾ ਹੈ।
ਇਨ੍ਹਾਂ ਰਾਜਨੀਤਕ ਜੋੜਾਂ ਦੀ ਸਫਲਤਾ ਜਾਂ ਨਾਕਾਮੀ ਸੂਬੇ ਦੇ ਸਿਆਸੀ ਤਾਣੇ-ਬਾਣੇ ਨੂੰ ਪ੍ਰਭਾਵਿਤ ਨਹੀਂ ਕਰਦੀ ਪਰ ਇੱਕ ਹੋਰ ਪਹਿਲੂ ਹੈ ਜੋ ਇਸ ’ਤੇ ਅਸਰ ਪਾਉਂਦਾ ਹੈ। ਇਹ ਸਭ ਤੋਂ ਮਹੱਤਵਪੂਰਨ ਪਹਿਲੂ ਦੋ ਸੀਟਾਂ (ਖਡੂਰ ਸਾਹਿਬ ਤੇ ਫਰੀਦਕੋਟ) ਦਾ ਚੋਣ ਨਤੀਜਾ ਹੈ। ਨੌਜਵਾਨ ਸਿੱਖ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਦੀ ਸੀਟ ਪੰਜਾਬ ਵਿਚ ਸਭ ਤੋਂ ਵੱਡੇ ਫ਼ਰਕ (1,97,120 ਵੋਟਾਂ) ਨਾਲ ਜਿੱਤੀ ਹੈ। ਜਿੱਤ ਦਾ ਫ਼ਰਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤੀ ਵਾਰਾਨਸੀ ਸੀਟ ਨਾਲੋਂ ਵੀ ਵੱਡਾ ਹੈ। ਇੰਦਰਾ ਗਾਂਧੀ ਦੇ ਕਾਤਲਾਂ ਵਿੱਚੋਂ ਇਕ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਨੇ ਫਰੀਦਕੋਟ ਸੀਟ 70,053 ਵੋਟਾਂ ਦੇ ਫ਼ਰਕ ਨਾਲ ਜਿੱਤੀ ਹੈ।
ਐੱਨਐੱਸਏ ਤਹਿਤ ਹਿਰਾਸਤ ’ਚ ਲਿਆ ਅੰਮ੍ਰਿਤਪਾਲ ਸਿੰਘ ਸਾਲ ਤੋਂ ਵੀ ਵੱਧ ਸਮੇਂ ਤੋਂ ਆਪਣੇ ਅੱਠ ਸਾਥੀਆਂ ਨਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹੈ। ਅੰਮ੍ਰਿਤਪਾਲ ਸਿੰਘ ਇਸ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਰਗੀ ਦਿੱਖ ਅਤੇ ਤਿੱਖੀ ਸਰਗਰਮੀ ਕਰ ਕੇ ਮਸ਼ਹੂਰ ਹੋਇਆ ਸੀ ਜਿਸ (ਭਿੰਡਰਾਂਵਾਲੇ) ਨੇ ਨਾ ਸਿਰਫ਼ ਪੰਜਾਬ ਬਲਕਿ ਭਾਰਤ ਦੇ ਇਤਿਹਾਸ ’ਚ ਆਪਣਾ ਵੱਖਰਾ ਨਾਂ ਦਰਜ ਕਰਵਾਇਆ ਹੈ।
ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਨੂੰ ਸੰਤ ਭਿੰਡਰਾਂਵਾਲੇ ਦਾ ਹਵਾਲਾ ਦਿੱਤੇ ਬਿਨਾਂ ਨਹੀਂ ਸਮਝਾਇਆ ਜਾ ਸਕਦਾ ਜਿਸ ਦੀ ਯਾਦਗਾਰ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਬਣੀ ਹੋਈ ਹੈ। ਸਰਬਜੀਤ ਸਿੰਘ ਉਸ ਬੇਅੰਤ ਸਿੰਘ ਦਾ ਪੁੱਤਰ ਹੈ ਜੋ ਇੰਦਰਾ ਗਾਂਧੀ ਦੇ ਹਤਿਆਰਿਆਂ ਵਿਚੋਂ ਇੱਕ ਸੀ। ਇੰਦਰਾ ਗਾਂਧੀ ਦੀ ਹੱਤਿਆ ਉਸ ਦੇ ਅੰਗ ਰੱਖਿਅਕਾਂ ਨੇ ਗੋਲੀਆਂ ਮਾਰ ਕੇ ਕਰ ਦਿੱਤੀ ਸੀ। ਸਰਬਜੀਤ ਸਿੰਘ ਪਹਿਲਾਂ ਤਿੰਨ ਵਾਰ ਚੋਣ ਲੜ ਚੁੱਕਿਆ ਹੈ। ਹੁਣ ਅਚਾਨਕ ਉਹ ਸੁਰਖੀਆਂ ਵਿੱਚ ਆ ਗਿਆ। ਇਹ ਵੀ ਜਿ਼ਕਰਯੋਗ ਹੈ ਕਿ ਸਰਬਜੀਤ ਸਿੰਘ ਆਮ ਜਿ਼ੰਦਗੀ ਗੁਜ਼ਾਰ ਰਿਹਾ ਸੀ ਤੇ ਬਹੁਤਾ ਸਰਗਰਮ ਨਹੀਂ ਸੀ; ਅੰਮ੍ਰਿਤਪਾਲ ਸਿੰਘ ਗ੍ਰਿਫ਼ਤਾਰੀ ਤੋਂ ਪਹਿਲਾਂ ਪੂਰੀ ਤਰ੍ਹਾਂ ਸਰਗਰਮ ਸੀ।
ਸਰਬਜੀਤ ਸਿੰਘ ਲਈ ਪ੍ਰਚਾਰ ਕਰਨ ਵਾਲਿਆਂ ਨੇ ਉਸ ਦੇ ਨਾਂ ਉੱਤੇ ਨਹੀਂ ਸਗੋਂ ਉਸ ਦੇ ਪਿਤਾ ਦੇ ਨਾਂ ਉੱਤੇ ਵੋਟਾਂ ਮੰਗੀਆਂ ਜਿਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਸਾਕਾ ਨੀਲਾ ਤਾਰਾ ਦਾ ਬਦਲਾ ਲੈ ਕੇ ਉਸ ਨੇ ਸਿੱਖਾਂ ਦਾ ਇੱਜ਼ਤ-ਮਾਣ ਬਹਾਲ ਕੀਤਾ। ਦਰਬਾਰ ਸਾਹਿਬ ਕੰਪਲੈਕਸ ’ਤੇ ਫੌਜੀ ਕਾਰਵਾਈ ਜੂਨ 1984 ਵਿਚ ਹੋਈ ਸੀ ਅਤੇ ਇੰਦਰਾ ਗਾਂਧੀ ਦੀ ਹੱਤਿਆ ਉਸੇ ਸਾਲ 31 ਅਕਤੂਬਰ ਨੂੰ ਹੋਈ। ਸਰਬਜੀਤ ਸਿੰਘ ਨੇ ਲੰਘੇ ਸਾਲਾਂ ’ਚ ਚੋਣ ਲੜਨ ਦੀ ਆਪਣੀ ਇੱਛਾ ਸਿੱਖ ਹਲਕਿਆਂ ’ਚ ਸਰਗਰਮ ਲੋਕਾਂ (ਸ਼੍ਰੋਮਣੀ ਅਕਾਲੀ ਦਲ ਨਹੀਂ) ਕੋਲ ਜ਼ਾਹਿਰ ਕੀਤੀ ਸੀ। ਇਸ ਬਾਰੇ ਫੈਸਲਾ ਕਰਨ ਲਈ ਰੋਡੇ ਪਿੰਡ ਦੇ ਗੁਰਦੁਆਰੇ ਵਿੱਚ ਇਕੱਤਰਤਾ ਹੋਈ। ਸੰਤ ਭਿੰਡਰਾਂਵਾਲੇ ਦੇ ਇਸੇ ਜੱਦੀ ਪਿੰਡ ਤੋਂ ਪ੍ਰਚਾਰ ਸ਼ੁਰੂ ਹੋਇਆ। ਅੰਮ੍ਰਿਤਪਾਲ ਸਿੰਘ ਨੇ ਵੀ ਜਸਬੀਰ ਸਿੰਘ ਰੋਡੇ ਦੀ ਹਾਜ਼ਰੀ ਵਿਚ ਇਸੇ ਗੁਰਦੁਆਰੇ ’ਚ ਸਮਰਪਣ ਕੀਤਾ ਸੀ।
ਮੁੱਦਾ ਇਹ ਹੈ ਕਿ ਸਿੱਖ ਧਾਰਮਿਕ-ਰਾਜਨੀਤਕ ਹਲਕਿਆਂ ’ਚ ਅਚਾਨਕ ਇਹ ਉਬਾਲ ਕਿਉਂ ਆਇਆ। ਇਸ ਦਾ ਅੰਸ਼ਕ ਤੌਰ ’ਤੇ ਇਕ ਜਵਾਬ ਸ਼੍ਰੋਮਣੀ ਅਕਾਲੀ ਦਲ ਦੇ ਲਗਾਤਾਰ ਬਾਈਕਾਟ ਵਿਚੋਂ ਖੋਜਿਆ ਜਾ ਸਕਦਾ ਹੈ। ਵਿਚਾਰਧਾਰਕ ਤਬਦੀਲੀ ਦੇ ਹਿੱਸੇ ਵਜੋਂ ਪਾਰਟੀ ਵੱਲੋਂ ਪੰਥਕ ਖਲਾਅ ਛੱਡਣ ਤੋਂ ਬਾਅਦ ਇਹ ਲਗਾਤਾਰ ਹਾਸ਼ੀਏ ’ਤੇ ਜਾ ਰਹੀ ਹੈ। ਨਾ-ਇਨਸਾਫ਼ੀ ਦਾ ਇਤਿਹਾਸਕ ਭਾਵ ਲਗਾਤਾਰ ਸਿੱਖ ਬਿਰਤਾਂਤ ਦਾ ਹਿੱਸਾ ਬਣਿਆ ਹੋਇਆ ਹੈ, ਇੱਥੇ ਮੌਕਾ ਸੀ ਇਨ੍ਹਾਂ ਦੁਖਦੇ ਜਜ਼ਬਾਤ ਨੂੰ ਪ੍ਰਗਟ ਕਰਨ ਦਾ, ਤੇ ਇਸ ਨੇ ਆਪਣੇ ਆਪ ਨੂੰ ਜਤਾਉਣ ਲਈ ਲੋਕਰਾਜੀ ਰਾਹ ਲੱਭ ਲਿਆ।
ਇਹ ਹਾਲਤ ਸਿੱਖ ਹਲਕਿਆਂ ’ਚ ਇੱਕ ਵਾਰ ਫਿਰ ਪੰਥਕ ਮੁੱਦਿਆਂ ਨੂੰ ਪ੍ਰਣਾਈ ਮਜ਼ਬੂਤ ਅਕਾਲੀ ਪਾਰਟੀ ਦੀ ਚਰਚਾ ਛੇੜ ਸਕਦੀ ਹੈ ਜਿਨ੍ਹਾਂ ਮੁੱਦਿਆਂ ਦੀਆਂ ਜੜ੍ਹਾਂ ਮਨੁੱਖਤਾ ਅਤੇ ਸਰਬੱਤ ਦੇ ਭਲੇ ਵਿਚ ਲੱਗੀਆਂ ਹੋਈਆਂ ਹਨ। ਪੰਥ ਇਸ ਬਿਰਤਾਂਤ ਲਈ ਨੈਤਿਕ ਹਮਾਇਤ ਤੇ ਅਖ਼ਤਿਆਰ ਦੇਵੇਗਾ।
ਜੂਨ 1984 ਵਿੱਚ ਫ਼ੌਜ ਦੇ ਦਰਬਾਰ ਸਾਹਿਬ ’ਤੇ ਹਮਲੇ ਨੂੰ 40 ਸਾਲ ਬੀਤ ਚੁੱਕੇ ਹਨ, ਹੁਣ ਸਿੱਖ ਸਿਆਸੀ-ਧਾਰਮਿਕ ਹਲਚਲ ਭਾਰਤ ਦੇ ਭੂ-ਰਾਜਨੀਤਕ ਦ੍ਰਿਸ਼ ਨੂੰ ਬਹੁਤਾ ਪ੍ਰਭਾਵਿਤ ਨਹੀਂ ਕਰ ਰਹੀ। ਪੰਜਾਬ ਦੀਆਂ ਸਿਆਸੀ ਪਾਰਟੀਆਂ ਇਸ ਪਹਿਲੂ ਬਾਰੇ ਅਵੇਸਲੀਆਂ ਹਨ। ਪੰਜਾਬ ਦੇ ਪਰਵਾਸੀ ਸਿੱਖਾਂ ਨਾਲ ਮਜ਼ਬੂਤ ਸਬੰਧ ਹਨ। ਖਡੂਰ ਸਾਹਿਬ ਅਤੇ ਫਰੀਦਕੋਟ ਦਾ ਵਰਤਾਰਾ ਬਿਲਕੁਲ ਵੱਖਰਾ ਬਿਰਤਾਂਤ ਨਹੀਂ ਹੈ। ਹੁਣ ਦੇਖਣਾ ਇਹ ਹੈ ਕਿ ਪੰਜਾਬ ਆਉਣ ਵਾਲੇ ਸਮੇਂ ਵਿਚ ਕੋਈ ਨਵੀਂ ਸ਼ੁਰੂਆਤ ਕਰਦਾ ਹੈ ਜਾਂ ਪਹਿਲੇ ਰਾਹ ’ਤੇ ਤੁਰਦਾ ਰਹੇਗਾ।

Advertisement

*ਲੇਖਕ ਸੀਨੀਅਰ ਪੱਤਰਕਾਰ ਹੈ।
ਸੰਪਰਕ: 97797-11201

Advertisement
Advertisement