ਤੁਰਕੀ ਦਾ ‘ਪਾਕਿਟ ਹਰਕੁਲੀਸ’ ਨਈਮ ਸੁਲੇਮਾਨੋਗਲੂ
ਪ੍ਰਿੰ. ਸਰਵਣ ਸਿੰਘ
ਵੇਟਲਿਫਟਰ ਨਈਮ ਸੁਲੇਮਾਨੋਗਲੂ ਨੂੰ ‘ਪਾਕਿਟ ਹਰਕੁਲੀਸ’ ਕਿਹਾ ਜਾਂਦਾ ਸੀ। ਉਸ ਨੇ 4 ਫੁੱਟ 11 ਇੰਚ ਕੱਦ ਤੇ 60 ਕਿਲੋ ਵਜ਼ਨੀ ਜੁੱਸੇ ਨਾਲ 190 ਕਿਲੋ ਵਜ਼ਨ ਦਾ ਬਾਲਾ ਕੱਢ ਕੇ ਦੁਨੀਆ ਦੰਗ ਕਰ ਦਿੱਤੀ ਸੀ! ਆਪਣੇ ਖੇਡ ਕਰੀਅਰ ਦੌਰਾਨ ਉਸ ਨੇ 46 ਵਿਸ਼ਵ ਰਿਕਾਰਡ ਰੱਖੇ। ਬੁਲਗਾਰੀਆ/ਤੁਰਕੀ ਦਾ ਉਹ ਅਲੋਕਾਰ ਭਾਰਚੁਕਾਵਾ ਸੀ ਜੋ 51ਵੇਂ ਸਾਲ ਦੀ ਉਮਰ ਵਿੱਚ ਹੀ ਫੌਤ ਹੋ ਗਿਆ ਤੇ ਪਿੱਛੇ ਆਪਣੀ ਅੰਸ਼ ਦੇ ਚਾਰ ਬੱਚੇ ਛੱਡ ਗਿਆ। ਉਸ ਨੇ ਕਿਸੇ ਨਾਲ ਰਸਮੀ ਵਿਆਹ ਨਹੀਂ ਸੀ ਕਰਵਾਇਆ। ਕੋਈ ਕਹਿੰਦਾ ਹੈ ਉਹਦੇ ਬੱਚੇ ਦੋ ਔਰਤਾਂ ਦੇ ਪੇਟੋਂ ਹੋਏ ਤੇ ਕੋਈ ਕਹਿੰਦੈ, ਤਿੰਨ ਔਰਤਾਂ ਦੇ। ਉਹਦੀ ਵਿਰਾਸਤ ਦੀ ਵੰਡ ਵੰਡਾਈ ਦਾ ਝਗੜਾ ਆਖ਼ਰ ਅਦਾਲਤ ਨੇ ਨਬੇੜਿਆ। ਨਿਆਂ ਕਰਨ ਲਈ ਅਦਾਲਤ ਨੂੰ ਉਹਦੀ ਕਬਰ ਪੁਟਵਾਉਣੀ ਪਈ ਤੇ ਨਈਮ ਦਾ ਡੀਐੱਨਏ ਟੈਸਟ ਕਰਵਾਉਣਾ ਪਿਆ।
ਕਦੇ ਖੇਡ ਜਗਤ ਵਿੱਚ ਸਵਾਲ ਕੀਤਾ ਜਾਂਦਾ ਸੀ ਕਿ ਕੋਈ ਭਾਰਚੁਕਾਵਾ ਕਦੇ ਆਪਣੇ ਵਜ਼ਨ ਤੋਂ ਤਿੰਨ ਗੁਣਾਂ ਵੱਧ ਵਜ਼ਨ ਦਾ ਬਾਲਾ ਕੱਢ ਸਕੇਗਾ? ਪਾਠਕ ਇਹ ਜਾਣ ਕੇ ਹੈਰਾਨ ਹੋਣਗੇ ਕਿ ਵਿਸ਼ਵ ਦੇ 7 ਭਾਰਚੁਕਾਵੇ ਆਪਣੇ ਭਾਰ ਨਾਲੋਂ ਤਿੰਨ ਗੁਣਾਂ ਤੋਂ ਵੀ ਵੱਧ ਭਾਰ ਦੇ ਬਾਲੇ ਕੱਢ ਵੀ ਚੁੱਕੇ ਹਨ। ਅਜਿਹੇ ਭਾਰਚੁਕਾਵਿਆਂ ਦੀ ਗਿਣਤੀ ਦਿਨੋਂ ਦਿਨ ਵਧੀ ਜਾਂਦੀ ਹੈ ਕਿਉਂਕਿ ਵੇਟਲਿਫਟਰ ਦਿਨੋਂ ਦਿਨ ਹੋਰ ਜੁਗਤੀ ਤੇ ਜ਼ੋਰਾਵਰ ਹੁੰਦੇ ਜਾਂਦੇ ਹਨ। ਨਈਮ ਸੁਲੇਮਾਨੋਗਲੂ ਨੇ 1988 ਦੀਆਂ ਓਲੰਪਿਕ ਖੇਡਾਂ ਸਮੇਂ 60 ਕਿਲੋ ਵਜ਼ਨ ਵਰਗ ਵਿੱਚ 190 ਕਿਲੋ ਵਜ਼ਨ ਬਾਹਾਂ ’ਤੇ ਉਠਾ ਕੇ ਗੋਲਡ ਮੈਡਲ ਜਿੱਤਿਆ ਸੀ। ਉੱਥੇ ਉਸ ਨੇ 152.5 ਕਿਲੋ ਦੀ ਸਨੈਚ ਤੇ 190 ਕਿਲੋ ਦੀ ਜਰਕ ਲਾਈ ਸੀ ਜਿਸ ਦਾ ਜੋੜ 342.5 ਕਿਲੋ ਬਣਿਆ ਸੀ। ਸਿਓਲ ਓਲੰਪਿਕਸ ਵਿੱਚ ਨਈਮ ਨੇ ਸਨੈਚ, ਕਲੀਨ ਐਂਡ ਜਰਕ ਅਤੇ ਕੁਲ ਵਜ਼ਨ ਦੇ ਤਿੰਨੇ ਨਵੇਂ ਵਿਸ਼ਵ ਰਿਕਾਰਡ ਕਾਇਮ ਕਰ ਦਿੱਤੇ ਸਨ। ਉਸ ਤੋਂ ਪਹਿਲਾਂ 1984 ਵਿੱਚ ਸਟੀਫਨ ਟੋਪੂਰੋਵ ਨੇ ਆਪਣੇ 60 ਕਿਲੋ ਵਜ਼ਨ ਨਾਲ 185 ਕਿਲੋ ਦੀ ਜਰਕ ਲਾਈ ਸੀ। ਨੈਨੋ ਤਰਜਿਸਕੀ ਨੇ 1987 ’ਚ 56 ਕਿਲੋ ਵਜ਼ਨ ਨਾਲ 171 ਕਿਲੋ ਦਾ ਬਾਲਾ ਕੱਢਿਆ ਸੀ। ਉਨ੍ਹਾਂ ਤੋਂ ਪਿੱਛੋਂ ਐਂਜਲ ਜੈਨਚੇਵ, ਹਲੀਲ ਮੁਟਲੂ, ਯੁਨ ਚੋਲ ਓਮ ਤੇ ਕਿੰਗ ਕੁਆਂ ਆਪੋ ਆਪਣੇ ਵਜ਼ਨਾਂ ਤੋਂ ਤਿੰਨ ਗੁਣਾਂ ਤੋਂ ਵੀ ਵੱਧ ਵਜ਼ਨਾਂ ਦੇ ਬਾਲੇ ਕੱਢ ਚੁੱਕੇ ਹਨ।
ਨਈਮ ਨੂੰ ਵੇਟਲਿਫਟਿੰਗ ਦੇ ਇਤਿਹਾਸ ਦਾ ਸਰਬੋਤਮ ਭਾਰਚੁਕਾਵਾ ਕਿਹਾ ਜਾਂਦਾ ਹੈ। ਉਸ ਨੇ ਲਗਾਤਾਰ ਤਿੰਨ ਓਲੰਪਿਕ ਖੇਡਾਂ ਦੇ ਤਿੰਨੇ ਗੋਲਡ ਮੈਡਲ ਜਿੱਤੇ ਜੋ ਉਸ ਤੋਂ ਪਹਿਲਾਂ ਕਿਸੇ ਭਾਰਚੁਕਾਵੇ ਨੇ ਨਹੀਂ ਸਨ ਜਿੱਤੇ। ਉਸ ਨੇ ਵਿਸ਼ਵ ਚੈਂਪੀਅਨਸ਼ਿਪਾਂ ਦੇ ਵੀ 7 ਗੋਲਡ ਮੈਡਲ ਜਿੱਤੇ। ਉਹਦੇ ਕੁਲ ਮੈਡਲ ਤਾਂ ਦਰਜਨਾਂ ਵਿੱਚ ਹਨ। ਉਹ 10 ਸਾਲ ਦੀ ਉਮਰ ਤੋਂ ਵਜ਼ਨ ਦੇ ਬਾਲੇ ਕੱਢਣ ਲੱਗ ਪਿਆ ਸੀ। ਅਜੇ 14 ਸਾਲਾਂ ਦਾ ਹੋਇਆ ਸੀ ਕਿ ਵਿਸ਼ਵ ਰਿਕਾਰਡ ਨੂੰ ਪੈ ਚੱਲਿਆ ਸੀ। ਜੇ ਉਹ ਢਾਈ ਕਿਲੋ ਵੱਧ ਭਾਰ ਚੁੱਕ ਦਿੰਦਾ ਤਾਂ ਉਹਦੇ ਨਾਂ ਸਭ ਤੋਂ ਛੋਟੀ ਉਮਰ ਦਾ ਵਿਸ਼ਵ ਰਿਕਾਰਡ ਵੀ ਦਰਜ ਹੋ ਜਾਂਦਾ। 15 ਸਾਲਾਂ ਦਾ ਹੋ ਕੇ ਉਸ ਨੇ ਪਹਿਲਾ ਵਿਸ਼ਵ ਰਿਕਾਰਡ ਆਪਣੇ ਨਾਂ ਕਰਵਾ ਲਿਆ ਸੀ।
ਨਈਮ ਦਾ ਜਨਮ ਦੱਖਣੀ ਬੁਲਗਾਰੀਆ ਦੇ ਤੁਰਕ ਵੰਸ਼ ਵਿੱਚ ਪਟਿਚਰ ਵਿਖੇ ਮਾਂ ਹਤੀਸ ਸੁਲੇਮਾਨ ਦੀ ਕੁੱਖੋਂ 23 ਜਨਵਰੀ 1967 ਨੂੰ ਹੋਇਆ ਸੀ। ਉਸ ਦਾ ਪਿਓ ਸੁਲੇਮਾਨ ਰੇਲ ਗੱਡੀ ਦਾ ਡਰਾਈਵਰ ਸੀ ਜਿਸ ਦਾ ਕੱਦ 5 ਫੁੱਟ ਤੇ ਹਤੀਸ ਦਾ 4 ਫੁੱਟ 7 ਇੰਚ ਸੀ। ਉਨ੍ਹਾਂ ਦੇ ਤਿੰਨੇ ਪੁੱਤਰ ਵੀ ਮਧਰੇ ਕੱਦਾਂ ਦੇ ਸਨ। ਉਹ ਪੱਥਰਾਂ ਦੇ ਚਿਣੇ ਸਾਧਾਰਨ ਕੁਆਟਰਾਂ ਵਿੱਚ ਰਹਿੰਦੇ ਸਨ ਜਿੱਥੇ ਪੱਥਰਾਂ ਦੇ ਬਾਲੇ ਕੱਢਦੇ ਰਹਿੰਦੇ। ਨਈਮ ਹੁੰਦੜਹੇਲ ਬਾਲਕ ਸੀ ਜੋ ਨਿਆਣੀ ਉਮਰੇ ਵੇਟਲਿਫਟਿੰਗ ਦੀ ਕੋਚਿੰਗ ਲੈਣ ਲੱਗ ਪਿਆ ਸੀ। ਉਨ੍ਹਾਂ ਦਾ ਕੋਚ ਈਵਾਨ ਅਬੈਡਜੀਵ ਬੜੀ ਸਖ਼ਤ ਮਿਹਨਤ ਕਰਾਉਂਦਾ ਸੀ ਤੇ ਟਾਲਮਟੋਲ ਕਰਨ ਵਾਲੇ ਪੱਠੇ ਨੂੰ ਵਾਧੂ ਪ੍ਰੈਕਟਿਸ ਕਰਨ ਦੀ ਸਜ਼ਾ ਦਿੰਦਾ ਸੀ। ਉਹ ਅਨੁਸ਼ਾਸਨ ਦਾ ਵੀ ਪੱਕਾ ਸੀ।
1980ਵਿਆਂ ਵਿੱਚ ਤੁਰਕਵੰਸ਼ੀ ਲੋਕ ਬੁਲਗਾਰੀਆ ਤੋਂ ਤੁਰਕੀ ਨੂੰ ਨਿਕਲਣੇ ਸ਼ੁਰੂ ਹੋ ਗਏ ਸਨ। ਨਈਮ ਜਿਸ ਦਾ ਬੁਲਗਾਰੀਅਨ ਨਾਂ ਨਈਮ ਸਲਮਾਨੋਵ ਰੱਖਿਆ ਗਿਆ ਸੀ, ਚਾਹੁੰਦਾ ਸੀ ਕਿ ਮੈਂ ਵੀ ਬੁਲਗਾਰੀਆ ’ਚੋਂ ਨਿਕਲ ਕੇ ਤੁਰਕੀ ਦਾ ਸਿਟੀਜ਼ਨ ਬਣ ਜਾਵਾਂ ਪਰ ਬੁਲਗਾਰੀਆ ਨੇ ਨਈਮ ਨੂੰ ਨਿਗਰਾਨੀ ਹੇਠ ਕਰ ਲਿਆ ਸੀ ਤੇ ਪਹਿਰੇ ਹੋਰ ਤਕੜੇ ਕਰ ਦਿੱਤੇ ਸਨ। ਓਧਰ ਤੁਰਕੀ ਦਾ ਪ੍ਰਧਾਨ ਮੰਤਰੀ ਤੁਰਗਟ ਓਜ਼ਲ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਨਈਮ ਨੂੰ ਸਮੱਗਲ ਕਰ ਲਿਆ ਜਾਵੇ।
ਨਈਮ ਬੁਲਗਾਰੀਆ ਦਾ ਜੰਮਪਲ ਹੋਣ ਕਰਕੇ 1986 ਤੱਕ ਬੁਲਗਾਰੀਆ ਵੱਲੋਂ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਗ ਲੈਂਦਾ ਰਿਹਾ ਸੀ। 1986 ਵਿੱਚ ਉਹ ਮੈਲਬੌਰਨ ਦੇ ਵਿਸ਼ਵ ਕੱਪ ਵਿੱਚ ਭਾਗ ਲੈਣ ਗਿਆ ਤੇ ਗੋਲਡ ਮੈਡਲ ਜਿੱਤ ਲਿਆ। ਜਦੋਂ ਉਸ ਦੀ ਜਿੱਤ ਦੀਆਂ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਤਾਂ ਸੋਚੀ ਸਮਝੀ ਸਕੀਮ ਮੁਤਾਬਿਕ ਮੈਲਬੌਰਨ ਰਹਿੰਦੇ ਤੁਰਕੀ ਦੇ ਇੱਕ ਬੰਦੇ ਨੇ ਨਈਮ ਦਾ ਗੁਪਤਵਾਸ ਕਰਵਾ ਕੇ ਤੁਰਕੀ ਦੇ ਪ੍ਰਧਾਨ ਮੰਤਰੀ ਨੂੰ ਸੂਚਿਤ ਕਰ ਦਿੱਤਾ। ਤੁਰਗਟ ਓਜ਼ਲ ਜੋ ਬਾਅਦ ਵਿੱਚ ਤੁਰਕੀ ਦਾ ਪ੍ਰਧਾਨ ਬਣਿਆ ਹਰ ਹਾਲਤ ਵਿੱਚ ਨਈਮ ਨੂੰ ਤੁਰਕੀ ਦਾ ਸਿਟੀਜ਼ਨ ਬਣਾਉਣਾ ਚਾਹੁੰਦਾ ਸੀ ਤਾਂ ਜੋ ਤੁਰਕੀ ਵੀ ਓਲੰਪਿਕ ਗੋਲਡ ਮੈਡਲ ਤੇ ਵਿਸ਼ਵ ਚੈਂਪੀਅਨਸ਼ਿਪਾਂ ਜਿੱਤ ਸਕੇ। ਉਸ ਨੇ ਪ੍ਰਾਈਵੇਟ ਜਹਾਜ਼ ਦਾ ਪ੍ਰਬੰਧ ਕਰ ਦਿੱਤਾ ਜੋ ਨਈਮ ਨੂੰ ਮੈਲਬੌਰਨ ਤੋਂ ਲੰਡਨ ਉਡਾ ਲਿਆਇਆ। ਉੱਥੋਂ ਚੋਰੀ ਛਿਪੇ ਪ੍ਰਾਈਵੇਟ ਜੈੱਟ ਰਾਹੀਂ ਉਹ ਪਹਿਲਾਂ ਇਸਤਾਂਬੁਲ ਤੇ ਫਿਰ ਅੰਕਾੜਾ ਪੁੱਜ ਗਿਆ। ਇਸ ਮੁਹਿੰਮ ਵਿੱਚ ਪ੍ਰਧਾਨ ਮੰਤਰੀ ਦੇ ਪੁੱਤਰ ਅਹਿਮਤ ਨੇ ਵੀ ਵਿਸ਼ੇਸ਼ ਭੂਮਿਕਾ ਨਿਭਾਈ।
ਇੰਜ ਨਈਮ ਤੁਰਕੀ ਦਾ ਸਿਟੀਜ਼ਨ ਬਣ ਗਿਆ ਤੇ ਤੁਰਕੀ ਵੱਲੋਂ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲੱਗ ਪਿਆ। ਓਜ਼ਲ ਨੇ ਨਈਮ ਨੂੰ ਫਲੈਟ, ਕਾਰਾਂ ਤੇ ਨਕਦੀ ਦੇ ਖੁੱਲ੍ਹੇ-ਡੁੱਲ੍ਹੇ ਇਨਾਮ ਬਖ਼ਸ਼ੇ। ਉਸ ਨਾਲ ਸਕਿਉਰਿਟੀ ਵੀ ਲਾ ਦਿੱਤੀ ਤਾਂ ਜੋ ਬੁਲਗਾਰੀਆ ਉਸ ਨੂੰ ਵਾਪਸ ਨਾ ਲੈ ਜਾਵੇ। ਬੁਲਗਾਰੀਆ ਦੇ ਪਾਸਪੋਰਟ ’ਚ ਉਸ ਦਾ ਨਾਂ ਨਈਮ ਸਲਮਾਨੋਵ ਸੀ ਜੋ ਤੁਰਕੀ ਦੇ ਪਾਸਪੋਰਟ ’ਤੇ ਨਈਮ ਸੁਲੇਮਾਨੋਗਲੂ ਰੱਖ ਦਿੱਤਾ ਗਿਆ। ਉਤੋਂ 1988 ਦੀਆਂ ਓਲੰਪਿਕ ਖੇਡਾਂ ਆ ਗਈਆਂ। ਓਲੰਪਿਕ ਖੇਡਾਂ ਦੇ ਨੇਮਾਂ ਅਨੁਸਾਰ ਉਹ ਤੁਰਕੀ ਵੱਲੋਂ ਤਦ ਹੀ ਭਾਗ ਲੈ ਸਕਦਾ ਸੀ ਜੇ ਤੁਰਕੀ ’ਚ ਰਹਿੰਦੇ ਨੂੰ ਤਿੰਨ ਸਾਲ ਹੋ ਗਏ ਹੋਣ। ਡਰ ਸੀ ਕਿ ਬੁਲਗਾਰੀਆ ਅੜਿੱਕਾ ਪਾਵੇਗਾ। ਓਜ਼ਲ ਨੇ ਬੁਲਗਾਰੀਆ ਨੂੰ ਮਿਲੀਅਨ ਤੋਂ ਵੀ ਵੱਧ ਡਾਲਰਾਂ ਦਾ ਖ਼ਰਚਾ ਦਿੱਤਾ ਤੇ ਨਈਮ ਸਿਓਲ ਓਲੰਪਿਕਸ ਵਿੱਚ ਭਾਗ ਲੈ ਸਕਿਆ। ਤੁਰਕੀ ਵੱਲੋਂ ਉਸ ਨੇ ਵੇਟਲਿਫਟਿੰਗ ਦਾ ਪਹਿਲਾ ਓਲੰਪਿਕ ਗੋਲਡ ਮੈਡਲ ਜਿੱਤਿਆ ਤੇ ਤਿੰਨ ਵਿਸ਼ਵ ਰਿਕਾਰਡ ਨਵਿਆਏ। ਜਦ ਉਹ ਤੁਰਕੀ ਪਰਤਿਆ ਤਾਂ ਤੁਰਕੀ ਸਰਕਾਰ ਨੇ ਕੌਮੀ ਛੁੱਟੀ ਦਾ ਐਲਾਨ ਕਰ ਕੇ ਖ਼ੁਸ਼ੀ ਮਨਾਈ। ਨਈਮ ਦੇ ਨਾਂ ’ਤੇ ਸਪੋਰਟਸ ਸੈਂਟਰ ਬਣਾਇਆ ਤੇ ਇੱਕ ਸਟਰੀਟ ਦਾ ਨਾਂ ਨਈਮ ਸੁਲੇਮਾਨੋਗਲੂ ਰੱਖ ਦਿੱਤਾ ਗਿਆ। ਅਮਰੀਕਾ ਦੇ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਨਈਮ ਨੂੰ ਵਾੲ੍ਹੀਟ ਹਾਊਸ ਸੱਦਿਆ। ਉੱਥੇ ਉਸ ਨੇ ਬੁਲਗਾਰੀਅਨ ਤੁਰਕਾਂ ਦੇ ਦੁੱਖੜੇ ਰਾਸ਼ਟਰਪਤੀ ਰੀਗਨ ਨੂੰ ਦੱਸੇ ਤੇ 3 ਲੱਖ ਤੁਰਕਾਂ ਨੂੰ ਤੁਰਕੀ ਜਾਣ ਲਈ ਪਾਸਪੋਰਟ ਦੁਆਏ। ਉਨ੍ਹਾਂ ਵਿੱਚ ਨਈਮ ਦੇ ਮਾਪੇ ਵੀ ਸਨ। ਇੰਜ ਉਹ ਦੋ ਸਾਲਾਂ ਦੇ ਵਿਛੋੜੇ ਬਾਅਦ ਮਾਪਿਆਂ ਨੂੰ ਮਿਲ ਸਕਿਆ।
ਨਈਮ ਨੇ ਬੁਲਗਾਰੀਆ ਵੱਲੋਂ 1987 ਤੱਕ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਗ ਲਿਆ ਸੀ। ਬੁਲਗਾਰੀਆ ਵੱਲੋਂ ਹੀ ਵਿਸ਼ਵ ਚੈਂਪੀਅਨਸ਼ਿਪਾਂ ਦੇ 1985 ਤੇ 86 ਦੇ ਗੋਲਡ ਮੈਡਲ ਜਿੱਤੇ ਸਨ ਅਤੇ 1983 ਦਾ ਸਿਲਵਰ ਮੈਡਲ ਜਿੱਤਿਆ ਸੀ। ਯੂਰਪੀਨ ਚੈਂਪੀਅਨਸ਼ਿਪਾਂ ਵਿੱਚੋਂ ਵੀ 1983 ’ਚ ਸਿਲਵਰ ਅਤੇ 1984, 85, 86 ਵਿੱਚ ਗੋਲਡ ਮੈਡਲ ਜਿੱਤੇ ਸਨ। 1982 ਵਿੱਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ’ਚੋਂ 52 ਕਿਲੋ ਵਜ਼ਨ ਵਰਗ ਦਾ ਪਹਿਲਾ ਗੋਲਡ ਮੈਡਲ ਜਿੱਤਿਆ ਸੀ। 1984, 85 ਦੇ ਵਰਲਡ ਕੱਪਾਂ ਦੇ ਗੋਲਡ ਮੈਡਲ ਵੀ ਬੁਲਗਾਰੀਆ ਲਈ ਜਿੱਤੇ ਸਨ। 1984 ਦੀਆਂ ਓਲੰਪਿਕ ਖੇਡਾਂ ਵਿੱਚ ਉਹ ਬੁਲਗਾਰੀਆ ਵੱਲੋਂ ਓਲੰਪਿਕ ਖੇਡਾਂ ’ਚ ਭਾਗ ਲੈ ਸਕਦਾ ਸੀ ਤੇ ਓਲੰਪਿਕ ਮੈਡਲ ਜਿੱਤ ਸਕਦਾ ਸੀ ਪਰ ਬੁਲਗਾਰੀਆ ਨੇ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ ਦਾ ਬਾਈਕਾਟ ਕਰ ਦਿੱਤਾ ਸੀ। ਇੰਜ ਉਸ ਦਾ ਪਹਿਲਾ ਓਲੰਪਿਕ ਮੈਡਲ ਜਿੱਤਣ ਦਾ ਸੁਨਹਿਰੀ ਮੌਕਾ ਹੱਥੋਂ ਨਿਕਲ ਗਿਆ ਸੀ। 1980 ਵਿੱਚ ਮਾਸਕੋ ਦੀਆਂ ਓਲੰਪਿਕ ਖੇਡਾਂ ਦਾ ਅਮਰੀਕਾ ਗੁੱਟ ਦੇ ਮੁਲਕਾਂ ਨੇ ਬਾਈਕਾਟ ਕੀਤਾ ਸੀ ਜਿਸ ਦਾ ਜਵਾਬ ਸੋਵੀਅਤ ਗੁੱਟ ਦੇ ਮੁਲਕਾਂ ਵੱਲੋਂ 1984 ਵਿੱਚ ਦਿੱਤਾ ਗਿਆ ਸੀ।
ਨਈਮ ਨੇ ਤੁਰਕੀ ਵੱਲੋਂ ਨਾ ਸਿਰਫ਼ 1988 ’ਚ ਹੋਈਆਂ ਸਿਓਲ ਦੀਆਂ ਓਲੰਪਿਕ ਖੇਡਾਂ ’ਚੋਂ ਗੋਲਡ ਮੈਡਲ ਜਿੱਤਿਆ ਬਲਕਿ 1992 ’ਚ ਬਾਰਸੀਲੋਨਾ ਦੀਆਂ ਓਲੰਪਿਕ ਖੇਡਾਂ ’ਚੋਂ ਦੂਜਾ ਗੋਲਡ ਮੈਡਲ ਅਤੇ 1996 ’ਚ ਐਟਲਾਂਟਾ ਦੀਆਂ ਓਲੰਪਿਕ ਖੇਡਾਂ ’ਚੋਂ 64 ਕਿਲੋ ਵਜ਼ਨ ਵਰਗ ਦਾ ਤੀਜਾ ਗੋਲਡ ਮੈਡਲ ਵੀ ਜਿੱਤ ਲਿਆ। 2000 ’ਚ ਸਿਡਨੀ ਦੀਆਂ ਓਲੰਪਿਕ ਖੇਡਾਂ ਸਮੇਂ ਪਹਿਲੀਆਂ ਤਿੰਨੇ ਟਰਾਈਆਂ ਫੇਲ੍ਹ ਹੋ ਜਾਣ ਕਾਰਨ ਉਹ ਮੁਕਾਬਲੇ ’ਚੋਂ ਹੀ ਬਾਹਰ ਹੋ ਗਿਆ ਤੇ ਸਰਗਰਮ ਵੇਟਲਿਫਟਿੰਗ ਤੋਂ ਰਿਟਾਇਰਮੈਂਟ ਲੈ ਲਈ।
ਉਸ ਨੇ 60 ਕਿਲੋ ਵਜ਼ਨ ਵਰਗ ਵਿੱਚ 1989 ਤੇ 91 ਦੀਆਂ ਵਿਸ਼ਵ ਚੈਂਪੀਅਨਸ਼ਿਪਾਂ ਜਿੱਤੀਆਂ ਅਤੇ 64 ਕਿਲੋ ਵਰਗ ਵਿੱਚ 1993, 94 ਤੇ 95 ਦੀਆਂ ਚੈਂਪੀਅਨਸ਼ਿਪਾਂ ਦੇ ਗੋਲਡ ਮੈਡਲ ਜਿੱਤੇ। 1988, 89, 94, 95 ਦੀਆਂ ਯੂਰਪੀਨ ਚੈਂਪੀਅਨਸ਼ਿਪਾਂ ’ਚੋਂ ਵੀ ਗੋਲਡ ਮੈਡਲ, 1992 ’ਚ ਸਿਲਵਰ ਮੈਡਲ ਤੇ 2000 ਵਿੱਚ ਕਾਂਸੀ ਦਾ ਮੈਡਲ ਪ੍ਰਾਪਤ ਕੀਤੇ। ਗੱਲ ਕੀ ਉਸ ਨੇ ਓਲੰਪਿਕ ਖੇਡਾਂ ਦੇ 3 ਗੋਲਡ ਮੈਡਲ, ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪਾਂ ਦੇ 7 ਗੋਲਡ ਮੈਡਲ ਜਿੱਤੇ ਤੇ 46 ਵਿਸ਼ਵ ਰਿਕਾਰਡ ਕਾਇਮ ਕੀਤੇ ਪਰ ਬਦਕਿਸਮਤੀ ਨਾਲ ਉਹ ਸਿਰਫ਼ 50 ਕੁ ਸਾਲ ਹੀ ਜਿਊਂਦਾ ਰਿਹਾ ਤੇ 18 ਨਵੰਬਰ 2017 ਨੂੰ ਫੌਤ ਹੋ ਗਿਆ। ਉਸ ਦੀ ਕਬਰ ਇਸਤਾਂਬੁਲ ਵਿੱਚ ਹੈ ਜਿੱਥੇ ਲੋਕਾਂ ਦਾ ਆਉਣ ਜਾਣ ਬਣਿਆ ਰਹਿੰਦਾ ਹੈ। ‘ਪਾਕਿਟ ਹਰਕੁਲੀਸ’ ਦਾ ਖ਼ਿਤਾਬ ਉਸ ਨੂੰ ਨਿਕੱਦਾ ਹੋਣ ਕਰਕੇ ‘ਮਿਲਿਆ ਸੀ। ਉਸ ਦਾ ਮਸਕੁਲਰ ਜੁੱਸਾ ਗੋਲਮੋਲ ਸੀ। ਉਸ ਦੇ ਤਿੰਨ ਨਾਂ ਸਨ, ਨੌਮ ਸ਼ਲਮਾਨੋਵ, ਨਈਮ ਸੁਲੇਮਾਨੋਵ ਤੇ ਨਈਮ ਸੁਲੇਮਾਨੋਗਲੂ। ਉਹ ਵਿਸ਼ਵ ਦਾ ‘ਮਹਾਨ ਵੇਟਲਿਫਟਰ’ ਸੀ।
1988 ਦੀਆਂ ਓਲੰਪਿਕ ਖੇਡਾਂ ’ਚ ਜਦੋਂ ਉਸ ਨੇ ਤਿੰਨ ਵਿਸ਼ਵ ਰਿਕਾਰਡ ਨਵਿਆਏ ਤਾਂ ਉਹਦੀ ਤਸਵੀਰ ਵਿਸ਼ਵ ਪ੍ਰਸਿੱਧ ਮੈਗਜ਼ੀਨ ‘ਟਾਈਮ’ ਦੇ ਟਾਈਟਲ ’ਤੇ ਲਾਈ ਗਈ ਸੀ। 2001 ਵਿੱਚ ਉਸ ਨੂੰ ‘ਓਲੰਪਿਕ ਆਰਡਰ’ ਦਿੱਤਾ ਗਿਆ। 2000 ਤੇ 2004 ਵਿੱਚ ਉਹ ਇੰਟਰਨੈਸ਼ਨਲ ਵੇਟਲਿਫਟਿੰਗ ਫੈਡਰੇਸ਼ਨ ਹਾਲ ਆਫ ਫੇਮ ਦਾ ਮੈਂਬਰ ਚੁਣਿਆ ਗਿਆ। 1988 ਤੋਂ 1996 ਤੱਕ ਉਹਦੀ ਗੁੱਡੀ ਅਸਮਾਨੇ ਚੜ੍ਹੀ ਰਹੀ। ਉਹ ਬੇਸ਼ੱਕ ਬੁਲਗਾਰੀਆ ਛੱਡ ਆਇਆ ਸੀ ਪਰ ਉਹਦੇ ਬੁਲਗਾਰੀਅਨ ਸਾਥੀ ਉਸ ਨੂੰ ਸਦਾ ਪਿਆਰਦੇ ਰਹੇ। ਬੁਲਗਾਰੀਆ ਸਰਕਾਰ ਨੇ ਉਸ ਦੇ ਜਨਾਜ਼ੇ ਵਿੱਚ ਆਪਣੇ ਨੁਮਾਇੰਦੇ ਭੇਜੇ। ਨਈਮ ਬੁਲਗਾਰੀਅਨ ਵੀ ਸੀ ਤੇ ਤੁਰਕੀ ਵੀ।
1989 ਵਿੱਚ ਏਥਨਜ਼ ਦੀ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਪਿੱਛੋਂ ਉਸ ਨੇ ਕਿਹਾ ਸੀ, “ਮੈਂ ਮੈਡਲ ਤਾਂ ਬਹੁਤ ਜਿੱਤੇ ਹਨ ਪਰ ਬਚਪਨ ਦੀ ਬਾਦਸ਼ਾਹੀ ਭਾਰ ਚੁੱਕਦਿਆਂ ਗੁਆ ਲਈ ਹੈ ਜੋ ਮੁੜ ਨਹੀਂ ਮਿਲਣੀ।” 2000 ਵਿੱਚ ਰਿਟਾਇਰ ਹੁੰਦਿਆਂ ਕਿਹਾ, “ਬਥੇਰਾ ਭਾਰ ਚੁੱਕ ਲਿਆ, ਹੁਣ ਬੱਸ ਕਰਦਾ ਹਾਂ।” ਇਸ ਦੌਰਾਨ ਅਨੇਕ ਕੁੜੀਆਂ ਉਸ ਦੀਆਂ ਦੋਸਤ ਬਣੀਆਂ ਪਰ ਵਿਆਹ ਕਿਸੇ ਨਾਲ ਵੀ ਨਾ ਕਰਵਾਇਆ। ਵੇਟਲਿਫਟਿੰਗ ਛੱਡਣ ਪਿੱਛੋਂ ਉਸ ਨੇ ਤੁਰਕੀ ਦੀ ਸਿਆਸਤ ਵਿੱਚ ਭਾਗ ਲਿਆ ਪਰ ਕਾਮਯਾਬ ਨਾ ਹੋ ਸਕਿਆ। ਉਹ ਤੁਰਕਿਸ਼ ਵੇਟਲਿਫਟਿੰਗ ਫੈਡਰੇਸ਼ਨ ਦਾ ਅਹੁਦੇਦਾਰ ਵੀ ਰਿਹਾ। ਉਸ ਦੀਆਂ ਅਨੇਕ ਇੰਟਰਵਿਊਜ਼ ਹੋਈਆਂ ਜਿਨ੍ਹਾਂ ’ਚ ਕਈ ਗੁੱਝੇ ਭੇਤ ਨਸ਼ਰ ਹੋਏ। 2014 ਦੀ ਇੱਕ ਇੰਟਰਵਿਊ ਵਿੱਚ ਉਸ ਨੇ ਦੱਸਿਆ ਕਿ ਮੇਰੀਆਂ ਚਾਰ ਧੀਆਂ ਹਨ। ਤਿੰਨ ਤੁਰਕੀ ਵਿੱਚ ਹਨ ਤੇ ਚੌਥੀ ਜਪਾਨ ’ਚ।
ਅਧਖੜ ਉਮਰ ਵਿੱਚ ਹੀ ਉਹ ਜਿਗਰ ਸਿਰੌਸਿਸ ਦਾ ਰੋਗੀ ਬਣ ਗਿਆ ਸੀ। 25 ਸਤੰਬਰ 2017 ਨੂੰ ਹਸਪਤਾਲ ਦਾਖਲ ਕਰਾ ਦਿੱਤਾ ਗਿਆ ਸੀ। 6 ਅਕਤੂਬਰ ਨੂੰ ਉਹਦਾ ਜਿਗਰ ਬਦਲਿਆ ਗਿਆ। 11 ਅਕਤੂਬਰ 2017 ਨੂੰ ਬ੍ਰੇਨ ਹੈਮਰੇਜ ਹੋ ਗਿਆ ਤੇ ਬ੍ਰੇਨ ਦੀ ਸਰਜਰੀ ਦੌਰਾਨ 18 ਨਵੰਬਰ 2017 ਨੂੰ ਉਹਦੀ ਮੌਤ ਹੋ ਗਈ। ਉਹਦੇ ਜਨਾਜ਼ੇ ਵਿੱਚ ਉਹਦੀਆਂ ਤਿੰਨ ਧੀਆਂ ਤੇ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ। ਉਹਦੀ ਦੇਹ ਇਸਤਾਂਬੁਲ ਦੀ ਮਾਰਟਾਇਰਜ਼ ਸੀਮੈਟਰੀ ਵਿੱਚ ਦਫ਼ਨਾ ਦਿੱਤੀ ਗਈ। ਉਸ ਦੇ ਜੀਵਨ ’ਤੇ ਫਿਲਮ ਬਣੀ ਜੋ 22 ਨਵੰਬਰ 2019 ਨੂੰ ਰਿਲੀਜ਼ ਹੋਈ।
ਜੱਗੋਂ ਅਨੋਖੀ ਗੱਲ ਇਹ ਹੋਈ ਕਿ ਜਪਾਨ ਦੀ ਇੱਕ ਔਰਤ ਨੇ ਦਾਅਵਾ ਕਰ ਦਿੱਤਾ ਕਿ ਮੇਰੀ ਧੀ ਸੇਕਾਈ ਮੋਰੀ, ਨਈਮ ਦੇ ਤੁਖਮ ਤੋਂ ਪੈਦਾ ਹੋਈ ਸੀ। ਉਹ ਔਰਤ ਨਈਮ ਨੂੰ ਸਿਓਲ ਦੀਆਂ ਓਲੰਪਿਕ ਖੇਡਾਂ ਸਮੇਂ ਮਿਲੀ ਸੀ ਤੇ ਤੁਰਕੀ ’ਚ ਵੀ ਮਿਲਦੀ ਰਹੀ ਸੀ। ਦਾਅਵੇ ਨਾਲ ਹੀ ਸੇਕਾਈ ਮੋਰੀ ਨੂੰ ਨਈਮ ਦੀ ਜਾਇਦਾਦ ਦਾ ਹਿੱਸਾ ਮਿਲਣਾ ਸੀ। ਅਸਲੀਅਤ ਜਾਣਨ ਲਈ ਤੁਰਕੀ ਦੀ ਕੋਰਟ ਨੂੰ 4 ਜੁਲਾਈ 2018 ਦੇ ਦਿਨ ਨਈਮ ਦੀ ਕਬਰ ਖੁਦਵਾਉਣੀ ਪਈ ਸੀ। ‘ਪਾਕਿਟ ਹਰਕੁਲੀਸ’ ਦੇ ਡੀਐੱਨਏ ਟੈਸਟ ਨੇ ਸਿੱਧ ਕਰ ਦਿੱਤਾ ਸੀ ਕਿ ਸੇਕਾਈ ਮੋਰੀ ਸੱਚੀਂ ਨਈਮ ਦੀ ਧੀ ਹੈ। ਪਿਓ ਦੀ ਜਾਇਦਾਦ ਦਾ ਬਣਦਾ ਹਿੱਸਾ ਤਾਂ ਫਿਰ ਧੀਆਂ ਨੂੰ ਮਿਲਣਾ ਹੀ ਸੀ। ਸੇਕਾਈ ਮੋਰੀ ਕਿਵੇਂ ਬਾਹਰ ਰਹਿ ਜਾਂਦੀ?
ਈ-ਮੇਲ: principalsarwansingh@gmail.com