ਤੁਲਸੀ ਵਿਆਹ ਰਾਹੀਂ ਵਾਤਾਵਰਨ ਦੀ ਸੰਭਾਲ ਬਾਰੇ ਪ੍ਰੇਰਿਆ
ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 13 ਨਵੰਬਰ
ਇੱਥੋਂ ਦੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਵਾਤਾਵਰਣ ਪ੍ਰਦੂਸ਼ਨ, ਜੰਗਲੀ ਜੀਵ ਸੁਰੱਖਿਆ, ਜਲਵਾਯੂ ਤਬਦੀਲੀ ਅਤੇ ਕੁਦਰਤ ਤੋਂ ਦੂਰੀ ਨਾਲ ਪ੍ਰਭਾਵਿਤ ਹੋਈ ਜੀਵਨ ਸ਼ੈਲੀ ਬਾਰੇ ਚਿੰਤਾ ਪ੍ਰਗਟ ਕਰਦਿਆਂ ਤੁਲਸੀ ਪੂਜਾ ਰਾਹੀਂ ਵਾਤਾਵਰਨ ਦੀ ਸੰਭਾਲ ਬਾਰੇ ਜਾਗਰੂਕਤਾ ਪੈਦਾ ਕੀਤੀ। ਇਸ ਮੌਕੇ ਹਿੰਦੂ ਦੇਵੀ ਦਾ ਪ੍ਰਤੀਕ ਤੁਲਸੀ ਦੇ ਬੂਟੇ ਦਾ ਵਿਆਹ ਵਿਸ਼ਣੂ ਭਗਵਾਨ ਨਾਲ ਕਰਵਾਉਣ ਦੀ ਪ੍ਰਥਾ ਰਾਹੀਂ ਲੋਕਾਂ ਨੂੰ ਦਰੱਖ਼ਤਾਂ ’ਤੇ ਬੂਟਿਆਂ ਦੀ ਅਹਿਮੀਅਤ ਦੱਸਦਿਆਂ ਘਰਾਂ ਵਿੱਚ ਡਾਕਟਰੀ ਅਹਿਮੀਅਤ ਵਾਲੇ ਬੂਟੇ ਲਗਾਉਣ ਦੀ ਅਪੀਲ ਕੀਤੀ। ਇਸ ਸਮਾਗਮ ਦੇ ਕਨਵੀਨਰ ਦੀਪਕ ਸ਼ਰਮਾ ਨੇ ਦੱਸਿਆ ਕਿ ਰਾਮ ਮੰਦਰ ਕਮੇਟੀ, ਰੋਟਰੀ ਕਲੱਬ ਅਤੇ ਤ੍ਰਿਮੂਰਤੀ ਕਲਾ ਮੰਚ ਦੇ ਅਹੁਦੇਦਾਰਾਂ ਅਤੇ ਕਾਰਕੁਨਾਂ ਨੇ ਤੁਲਸੀ ਵਿਆਹ ਦੇ ਧਾਰਮਿਕ ਪੱਖ ਦੇ ਨਾਲ ਇਸ ਦੇ ਸਮਾਜਿਕ, ਸੱਭਿਆਚਾਰਕ ਤੇ ਵਾਤਾਵਰਨ ਨਾਲ ਸਬੰਧਤ ਪੱਖਾਂ ਬਾਰੇ ਵੀ ਦੱਸਿਆ ਹੈ। ਲੋਕਾਂ ਨੂੰ ਤੁਲਸੀ ਦੇ ਬੂਟੇ ਵੀ ਵੰਡੇ ਗਏ। ਬੁਲਾਰਿਆਂ ਨੇ ਦੱਸਿਆ ਕਿ ਤੁਲਸੀ ਦਾ ਪੌਦਾ ਧਾਰਮਿਕ ਉਦੇਸ਼ਾਂ ਦੀ ਪੂਰਤੀ ਤਾਂ ਕਰਦਾ ਹੀ ਹੈ ਮਨੁੱਖ ਨੂੰ ਰਚਨਾਤਮਕ ਸ਼ਕਤੀਆਂ ਨਾਲ ਵੀ ਜੋੜਦਾ ਹੈ।