For the best experience, open
https://m.punjabitribuneonline.com
on your mobile browser.
Advertisement

ਪੀਏਯੂ ਵਿੱਚ ਖਿੜੇ ਹਾਲੈਂਡ ਤੋਂ ਲਿਆਂਦੇ ਟਿਊਲਿਪ ਦੇ ਫੁੱਲ

09:07 AM Mar 10, 2024 IST
ਪੀਏਯੂ ਵਿੱਚ ਖਿੜੇ ਹਾਲੈਂਡ ਤੋਂ ਲਿਆਂਦੇ ਟਿਊਲਿਪ ਦੇ ਫੁੱਲ
ਪੀਏਯੂ ਵਿੱਚ ਟਰਾਇਲ ਵਜੋਂ ਹਾਲੈਂਡ ਤੋਂ ਲਿਆ ਕੇ ਲਾਏ ਫੁੱਲਾਂ ਦੇ ਬੂਟੇ।
Advertisement

ਸਤਵਿੰਦਰ ਬਸਰਾ
ਲੁਧਿਆਣਾ, 9 ਮਾਰਚ
ਖੇਤੀ ਖੇਤਰ ਵਿੱਚ ਚੰਗੀਆਂ ਖੋਜਾਂ ਕਰਕੇ ਪੂਰੇ ਵਿਸ਼ਵ ਵਿੱਚ ਪਛਾਣ ਬਣਾ ਚੁੱਕੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹੁਣ ਠੰਢੇ ਇਲਾਕਿਆਂ ਦੀ ਟਿਊਲਿਪ ਫੁੱਲਾਂ ਦੀ ਫਸਲ ਨੂੰ ਪੰਜਾਬ ਵਿੱਚ ਵਿਕਸਿਤ ਕਰਨ ਲਈ ਹਾਲੈਂਡ ਤੋਂ 2000 ਬੂਟੇ ਲਿਆ ਕੇ ਟਰਾਇਲ ਸ਼ੁਰੂ ਕੀਤੇ ਗਏ ਹਨ। ਜੇਕਰ ਇਹ ਟਰਾਇਲ ਸਫਲ ਰਹੇ ਤਾਂ ਸੈਲਾਨੀਆਂ ਨੂੰ ਟਿਊਲਿਪ ਦੇ ਫੁੱਲ ਦੇਖਣ ਲਈ ਹਰ ਸਾਲ ਸ਼੍ਰੀਨਗਰ ਜਾਣ ਦੀ ਲੋੜ ਨਹੀਂ ਪਵੇਗੀ। ਪੀਏਯੂ ਦੇ ਉਪ ਕੁਲਪਤੀ ਡਾ. ਸਤਬਿੀਰ ਸਿੰਘ ਗੋਸਲ ਨੇ ਦੱਸਿਆ ਕਿ ਪੀਏਯੂ ਨਰਸਰੀ ਦੇ ਨਾਲ ਬਣਾਏ ਜਾ ਰਹੇ ਇਸ ਟਿਊਲਿਪ ਗਾਰਡਨ ਨੂੰ ਆਉਂਦੇ ਸਾਲਾਂ ’ਚ ਹਰ ਕੋਈ ਆ ਕੇ ਦੇਖ ਸਕੇਗਾ।
ਠੰਢੇ ਇਲਾਕਿਆਂ ਵਿੱਚ ਹੋਣ ਵਾਲੇ ਟਿਊਲਿਪ ਦੇ ਫੁੱਲ ਪੰਜਾਬ ਵਿੱਚ ਪਹਿਲਾਂ ਕਦੇ ਨਹੀਂ ਲਾਏ ਗਏ। ਇਸ ਵਾਰ ਪੀਏਯੂ ਨੇ ਇਨ੍ਹਾਂ ਦੀਆਂ ਗੰਢਾਂ ਬਣਾਉਣ ਲਈ ਟਰਾਇਲ ਸ਼ੁਰੂ ਕੀਤੇ ਹਨ। ਹਾਂਲੈਂਡ ਤੋਂ ਲਿਆਂਦੇ ਅੱਠ ਵੱਖ-ਵੱਖ ਰੰਗਾਂ ਦੇ ਟਿਊਲਿਪ ਦੇ 2000 ਬੂਟੇ ਟਰਾਇਲ ਵਜੋਂ ਲਾਏ ਗਏ ਹਨ। ਇਨ੍ਹਾਂ ਵਿੱਚੋਂ ਪੰਜ ਤਰ੍ਹਾਂ ਦੇ ਫੁੱਲ (ਲਾਲ, ਪੀਲੇ, ਚਿੱਟੇ, ਗੁਲਾਬੀ ਅਤੇ ਨਾਭੀ) ਖਿੜ੍ਹ ਚੁੱਕੇ ਹਨ, ਜਦੋਂਕਿ ਤਿੰਨ ਰੰਗਾਂ ਦੇ ਫੁੱਲ ਆਉਂਦੇ ਦਿਨਾਂ ਵਿੱਚ ਖਿੜ੍ਹ ਜਾਣਗੇ। ਪੀਏਯੂ ਦੇ ਉਪ ਕੁਲਪਤੀ ਡਾ. ਸਤਬਿੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਠੰਢੇ ਇਲਾਕਿਆਂ ਵਿੱਚ ਉੱਗਣ ਵਾਲੇ ਇਹ ਫੁੱਲ ਸ਼੍ਰੀਨਗਰ ਤੋਂ ਬਾਅਦ ਕੀਲੌਂਗ ਵਿੱਚ ਵਧੀਆ ਲੱਗ ਰਹੇ ਹਨ। ਡਾ. ਗੋਸਲ ਨੇ ਦੱਸਿਆ ਕਿ ਪੀਏਯੂ ਦਾ ਇੱਕ ਸਬ-ਸਟੇਸ਼ਨ ਵੀ ਕੀਲੌਂਗ ਵਿੱਚ ਹੈ, ਜਿਸ ਕਰ ਕੇ ਸ਼ੁਰੂ ਕੀਤੇ ਇਸ ਟਰਾਇਲ ਦੇ ਸਫਲ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪੀਏਯੂ ਵਿੱਚ ਟਰਾਇਲ ਲਈ ਲਾਏ ਫੁੱਲਾਂ ਦੀਆਂ ਗੰਢਾਂ ਬਣਨ ’ਤੇ ਉਸ ਨੂੰ ਪੁੱਟ ਕੇ ਹਿਮਾਚਲ ਪ੍ਰਦੇਸ਼ ਦੇ ਕੀਲੌਂਗ ਸਬ ਸਟੇਸ਼ਨ ਵਿੱਚ ਲਾਇਆ ਜਾਵੇਗਾ ਅਤੇ ਪੰਜਾਬ ਵਿੱਚ ਦੁਬਾਰਾ ਠੰਢਾ ਮੌਸਮ ਆਉਣ ’ਤੇ ਪੁੱਟ ਕੇ ਇੱਥੇ ਲਿਆਂਦਾ ਜਾਵੇਗਾ। ਫਲੋਰੀਕਲਚਰ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਦੋ ਸਾਲ ਤੱਕ ਇਹ ਦੇਖਿਆ ਜਾਵੇਗਾ ਕਿ ਫੁੱਲਾਂ ਹੇਠਾਂ ਗੰਢਾਂ ਕਿੰਨੀਆਂ ਕੁ ਵੱਡੀਆਂ ਹੁੰਦੀਆਂ ਹਨ।

Advertisement

Advertisement
Author Image

Advertisement
Advertisement
×