For the best experience, open
https://m.punjabitribuneonline.com
on your mobile browser.
Advertisement

ਪੰਜਾਬ ਭਾਜਪਾ ਦੀ ਪ੍ਰਧਾਨਗੀ ਲਈ ਟਕਸਾਲੀਆਂ ਤੇ ‘ਦਲਬਦਲੂਆਂ’ ਵਿਚਾਲੇ ਖਿੱਚੋਤਾਣ

08:56 AM Jul 04, 2023 IST
ਪੰਜਾਬ ਭਾਜਪਾ ਦੀ ਪ੍ਰਧਾਨਗੀ ਲਈ ਟਕਸਾਲੀਆਂ ਤੇ ‘ਦਲਬਦਲੂਆਂ’ ਵਿਚਾਲੇ ਖਿੱਚੋਤਾਣ
ਸੁਨੀਲ ਜਾਖਡ਼, ਤਰੁਣ ਚੁੱਘ
Advertisement

ਦਵਿੰਦਰ ਪਾਲ
ਚੰਡੀਗਡ਼੍ਹ, 3 ਜੁਲਾਈ
ਭਾਜਪਾ ਦੀ ਸੂਬਾਈ ਪ੍ਰਧਾਨਗੀ ਲਈ ਭਗਵਾਂ ਪਾਰਟੀ ’ਚ ਟਕਸਾਲੀ ਆਗੂਆਂ ਤੇ ਕਾਂਗਰਸ ਛੱਡ ਕੇ ਭਗਵੇਂ ਰੰਗ ’ਚ ਰੰਗੇ ਆਗੂਆਂ ਦਰਮਿਆਨ ਖਿੱਚੋਤਾਣ ਚੱਲ ਰਹੀ ਹੈ। ਪਾਰਟੀ ਦੇ ਇੱਕ ਸੀਨੀਅਰ ਆਗੂ ਦਾ ਦੱਸਣਾ ਹੈ ਕਿ ਐਤਵਾਰ ਨਵੀਂ ਦਿੱਲੀ ਵਿੱਚ ਹੋਈ ਇੱਕ ਮੀਟਿੰਗ ਦੌਰਾਨ ਭਾਜਪਾ ਦੇ ਮੌਜੂਦਾ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨੂੰ ਹਾਈ ਕਮਾਨ ਵੱਲੋਂ ਇਸ ਰੱਦੋਬਦਲ ਸਬੰਧੀ (ਨਵਾਂ ਪ੍ਰਧਾਨ ਲਾਉਣ ਬਾਰੇ) ਜਾਣੂ ਕਰਵਾ ਦਿੱਤਾ ਗਿਆ ਹੈ। ਅਸ਼ਵਨੀ ਸ਼ਰਮਾ ਨੂੰ ਪਾਰਟੀ ਅੰਦਰ ਚੰਗਾ ‘ਰੁਤਬਾ’ ਦਿੱਤੇ ਜਾਣ ਦਾ ਭਰੋਸਾ ਦਿੱਤਾ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਜਪਾ ਦੇ ਸੂਬਾ ਪ੍ਰਧਾਨ ਲਈ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖਡ਼ ਅਤੇ ਤਰੁਣ ਚੁੱਘ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ। ਉਂਜ ਅੱਧੀ ਦਰਜਨ ਦੇ ਕਰੀਬ ਆਗੂ ਇਸ ਅਹੁਦੇ ਲਈ ਜੋਡ਼-ਤੋਡ਼ ਵਿੱਚ ਲੱਗੇ ਹੋਏ ਹਨ। ਇੱਕ ਸੀਨੀਅਰ ਭਾਜਪਾ ਆਗੂ ਨੇ ਦੱਸਿਆ ਕਿ ਪਾਰਟੀ ਦੇ ਜਿਨ੍ਹਾਂ ਹੋਰਨਾਂ ਆਗੂਆਂ ਵੱਲੋਂ ਇਸ ਅਹੁਦੇ ਨੂੰ ਹਥਿਆਉਣ ਲਈ ਸਿਆਸੀ ਗੋਟੀਆਂ ਖੇਡੀਆਂ ਜਾ ਰਹੀਆਂ ਹਨ, ਉਨ੍ਹਾਂ ਵਿੱਚ ਫਤਿਹਜੰਗ ਸਿੰਘ ਬਾਜਵਾ, ਗੁਰਮੀਤ ਸਿੰਘ ਰਾਣਾ ਸੋਢੀ, ਮਨਪ੍ਰੀਤ ਸਿੰਘ ਬਾਦਲ ਅਤੇ ਹੋਰਨਾਂ ਦੇ ਨਾਮ ਸ਼ਾਮਲ ਹਨ। ਪੰਜਾਬ ਦੇ ਪ੍ਰਧਾਨ ਦੀ ਨਿਯੁਕਤੀ ਦਾ ਐਲਾਨ ਕਿਸੇ ਵੇਲੇ ਵੀ ਸੰਭਵ ਹੈ। ਭਾਜਪਾ ਆਗੂਆਂ ਦਾ ਦੱਸਣਾ ਹੈ ਕਿ ਪਾਰਟੀ ਅੰਦਰ ਪ੍ਰਧਾਨ ਬਦਲਣ ਦੇ ਮੁੱਦੇ ’ਤੇ ਚਰਚਾ ਤਾਂ ਕਈ ਮਹੀਨਿਆਂ ਤੋ ਚੱਲ ਰਹੀ ਹੈ ਪਰ ਲੰਘੇ ਦਿਨਾਂ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੁਰਦਾਸਪੁਰ ਰੈਲੀ ’ਚ ਪ੍ਰਭਾਵਸ਼ਾਲੀ ਇਕੱਠ ਨਾ ਹੋਣ ਕਰਕੇ ਹਾਈ ਕਮਾਨ ਨੇ ਲੀਡਰਸ਼ਿਪ ਵਿੱਚ ਤੁਰੰਤ ਤਬਦੀਲੀ ਕਰਨ ਦਾ ਫੈਸਲਾ ਲਿਆ ਸੀ। ਪ੍ਰਧਾਨ ਦੀ ਨਿਯੁਕਤੀ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਲਾਹ-ਮਸ਼ਵਰਾ ਕੀਤੇ ਜਾਣ ਦੀਆਂ ਵੀ ਰਿਪੋਰਟਾਂ ਹਨ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਆਰ.ਐੱਸ.ਐੱਸ. ਵੱਲੋਂ ਜਨ ਸੰਘ ਦੇ ਪਿਛੋਕਡ਼ ਵਾਲੇ ਕਿਸੇ ਆਗੂ ਨੂੰ ਵੀ ਪਾਰਟੀ ਦੇ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਦੇਣ ਲਈ ਜ਼ੋਰ ਦਿੱਤਾ ਜਾ ਰਿਹਾ ਹੈ। ਪਾਰਟੀ ਹਾਈ ਕਮਾਨ ਵੱਲੋਂ ਪੰਜਾਬ ਦੇ ਸਿਆਸੀ ਮਾਮਲਿਆਂ ਦੀ ਨਿਗਰਾਨੀ ਕਰ ਰਹੇ ਕੇਂਦਰੀ ਮੰਤਰੀਆਂ ਵੱਲੋਂ ਪੰਜਾਬ ਦੀ ਲੀਡਰਸ਼ਿਪ ਦੀ ਵਾਗਡੋਰ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਵਾਲੇ ਕੱਦਾਵਰ ਆਗੂ ਨੂੰ ਸੌਂਪਣ ਦੀ ਵਕਾਲਤ ਕੀਤੀ ਜਾ ਰਹੀ ਹੈ ਤਾਂ ਜੋ ਇਸ ਸਰਹੱਦੀ ਸੂਬੇ ਵਿੱਚ ਦਲਬਦਲੀ ਨੂੰ ਵੱਡਾ ਹੁਲਾਰਾ ਦਿੱਤਾ ਜਾਵੇ। ਇਸ ਤੋਂ ਪਹਿਲਾਂ ਵੀ ਭਾਜਪਾ ਨੇ ਕੌਮੀ ਤੇ ਸੂਬਾਈ ਕਾਰਜਕਾਰਨੀ ਅਤੇ ਸੂਬਾਈ ਅਹੁਦੇਦਾਰਾਂ ਵਿੱਚ ਕਾਂਗਰਸ ਛੱਡਣ ਵਾਲੇ ਆਗੂਆਂ ਨੂੰ ਅਹੁਦਿਆਂ ਦੇ ਕੇ ਖੁਸ਼ ਕਰਨ ਦਾ ਯਤਨ ਕੀਤਾ ਸੀ। ਸੰਸਦੀ ਚੋਣਾਂ ’ਚ ਇੱਕ ਸਾਲ ਤੋਂ ਵੀ ਘੱਟ ਸਮਾਂ ਹੋਣ ਕਾਰਨ ਭਾਜਪਾ ਵੱਲੋਂ ਪਾਰਟੀ ਨੂੰ ਪੰਜਾਬ ’ਚ ਪੱਕੇ ਪੈਰੀਂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਦੇ ਚਲਦਿਆਂ ਹੀ ਕੇਂਦਰੀ ਮੰਤਰੀਆਂ ਦੀ ਲਗਾਤਾਰ ਸੂਬੇ ਵਿੱਚ ਆਮਦ ਬਣੀ ਹੋਈ ਹੈ।
ਪਾਰਟੀ ਨੂੰ ਸੰਗਰੂਰ ਅਤੇ ਜਲੰਧਰ ਸੰਸਦੀ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੌਰਾਨ ਮਿਲੇ ਪ੍ਰਭਾਵਸ਼ਾਲੀ ਵੋਟ ਬੈਂਕ ਨੇ ਭਾਜਪਾ ਅੰਦਰ ਉਮੀਦ ਦੀ ਕਿਰਨ ਜਗਾਈ ਹੈ। ਇਨ੍ਹਾਂ ਦੋਵਾਂ ਸੰਸਦੀ ਹਲਕਿਆਂ ਤੋਂ ਭਾਜਪਾ ਨੇ ਟਕਸਾਲੀ ਉਮੀਦਵਾਰ ਦੀ ਥਾਂ ਦਲ-ਬਦਲੀ ਕਰਨ ਵਾਲੇ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਿਆ ਸੀ। ਪਾਰਟੀ ਦੇ ਇੱਕ ਆਗੂ ਦਾ ਕਹਿਣਾ ਹੈ ਕਿ ਕਾਂਗਰਸ ਜਾਂ ਅਕਾਲੀ ਪਿਛੋਕਡ਼ ਵਾਲੇ ਉਮੀਦਵਾਰਾਂ ਨੂੰ ਚੋਣ ਮੈਦਾਨ ’ਚ ਉਤਾਰਨ ਦਾ ਤਜਰਬਾ ਸਫਲ ਰਿਹਾ ਹੈ, ਇਸ ਲਈ ਲੀਡਰਸ਼ਿਪ ਤਬਦੀਲੀ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਗੌਰਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕੌਮੀ ਜਮਹੂਰੀ ਗੱਠਜੋਡ਼ (ਐਨਡੀਏ) ਵਿੱਚ ਮੁਡ਼ ਸ਼ਮੂਲੀਅਤ ਲਈ ਯਤਨ ਕੀਤੇ ਜਾ ਰਹੇ ਹਨ।

Advertisement

Advertisement
Tags :
Author Image

joginder kumar

View all posts

Advertisement
Advertisement
×