ਮੁੱਲਾਪੁਰ ਸੋਢੀਆਂ ਵਿੱਚ ਟਿਊਬਵੈੱਲ ਦਾ ਕੰਮ ਸ਼ੁਰੂ
ਮਿਹਰ ਸਿੰਘ
ਕੁਰਾਲੀ, 18 ਨਵੰਬਰ
ਪਿੰਡ ਮੁੱਲਾਪੁਰ ਸੋਢੀਆਂ ਵਾਸੀ ਪੀਣ ਵਾਲੇ ਪਾਣੀ ਦੀ ਕਿੱਲਤ ਤੋਂ ਪ੍ਰੇਸ਼ਾਨ ਸਨ। ਪਿੰਡ ਵਾਸੀਆਂ ਨੂੰ ਰਾਹਤ ਦੇਣ ਲਈ ਨਵਾਂ ਟਿਊਬਵੈੱਲ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਟਿਊਬਵੈੱਲ ਦੇ ਬੋਰ ਦਾ ਕੰਮ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਣਾ ਹਰੀਸ਼ ਕੁਮਾਰ ਅਤੇ ਸਰਪੰਚ ਸਪਿੱਤਰ ਸਿੰਘ ਨੇ ਸਾਂਝੇ ਤੌਰ ’ਤੇ ਸ਼ੁਰੂ ਕਰਵਾਇਆ। ਟਿਊਬਵੈੱਲ ਲੱਗਣ ਨਾਲ ਪਿੰਡ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਦੀ ਆਸ ਬੱਝ ਗਈ ਹੈ।
ਇਸ ਮੌਕੇ ‘ਆਪ’ ਦੇ ਬਲਾਕ ਪ੍ਰਧਾਨ ਨਵਦੀਪ ਸਿੰਘ ਸੈਣੀ ਨੇ ਦੱਸਿਆ ਕਿ ਪਿੰਡ ਵਿੱਚ ਪਾਣੀ ਦੀ ਸਮੱਸਿਆ ਸਬੰਧੀ ਮਾਮਲਾ ਲੋਕਾਂ ਨੇ ਵਿਧਾਇਕਾ ਅਨਮੋਲ ਗਗਨ ਮਾਨ ਦੇ ਧਿਆਨ ਵਿੱਚ ਲਿਆਂਦਾ ਸੀ। ਵਿਧਾਇਕਾ ਨੇ ਪਿੰਡ ਵਾਸੀਆਂ ਨੂੰ ਪਾਣੀ ਦੀ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਅਤੇ ਹੁਣ ਵਿਧਾਇਕਾ ਦੇ ਯਤਨਾਂ ਸਦਕਾ ਪਿੰਡ ਵਿੱਚ ਨਵਾਂ ਟਿਊਬਵੈੱਲ ਲਗਾਉਣ ਲਈ ਬੋਰ ਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਟਿਊਬਵੈੱਲ ਦੇ ਲੱਗਣ ਨਾਲ ਪਿੰਡ ਵਸੀਆਂ ਦੀ ਪੀਣ ਵਾਲੇ ਪਾਣੀ ਦੀ ਚਿਰਕੋਣੀ ਸਮੱਸਿਆ ਦਾ ਹੱਲ ਹੋ ਸਕੇਗਾ।
ਸਰਪੰਚ ਸਪਿੱਤਰ ਸਿੰਘ ਨੇ ਕਿਹਾ ਕਿ ਪਾਣੀ ਪਿੰਡ ਦੀ ਮੁੱਢਲੀ ਲੋੜ ’ਤੇ ਮੰਗ ਰਹੀ ਹੈ। ਉਨ੍ਹਾਂ ਇਸ ਸਮੱਸਿਆ ਦੇ ਹੱਲ ਲਈ ਵਿਧਾਇਕਾ ਅਨਮੋਲ ਗਗਨ ਮਾਨ ਦਾ ਧੰਨਵਾਦ ਕਰਦੇ ਹੋਏ ਚੇਅਰਮੈਨ ਹਰੀਸ਼ ਰਾਣਾ, ਬਲਾਕ ਪ੍ਰਧਾਨ ਨਵਦੀਪ ਸਿੰਘ ਸੈਣੀ ਅਤੇ ਹੋਰ ਪਤਵੰਤਿਆਂ ਦਾ ਸਨਮਾਨ ਕੀਤਾ। ਇਸ ਮੌਕੇ ਪੰਚ ਰੁਪਿੰਦਰ ਕੌਰ, ਸੋਹਣ ਸਿੰਘ, ਜਸਵਿੰਦਰ ਕੌਰ, ਜਸਪਾਲ ਸਿੰਘ, ਲਖਵਿੰਦਰ ਸਿੰਘ, ਤਜਿੰਦਰਪਾਲ ਸਿੰਘ, ਹਰਜੀਤ ਸਿੰਘ, ਭੁਪਿੰਦਰ ਸਿੰਘ, ਮਨਵੀਰ ਸਿੰਘ, ਪਰਮਜੀਤ ਕੌਰ ਆਦਿ ਵੀ ਹਾਜ਼ਰ ਸਨ।