ਟੀਐੱਸਯੂ ਨੇ ਹਲਕਾ ਵਿਧਾਇਕ ਨੂੰ ਮੰਗ ਪੱਤਰ ਸੌਂਪਿਆ
ਪੱਤਰ ਪ੍ਰੇਰਕ
ਸਮਰਾਲਾ, 26 ਜੁਲਾਈ
ਟੈਕਨੀਕਲ ਸਰਵਿਸਿਜ਼ ਯੂਨੀਅਨ ਡਵੀਜ਼ਨ ਵਰਕਿੰਗ ਕਮੇਟੀ ਸਮਰਾਲਾ ਵੱਲੋਂ ਵਰਕਿੰਗ ਕਮੇਟੀ ਦੇ ਫੈਸਲੇ ਨੂੰ ਲਾਗੂ ਕਰਦੇ ਹੋਏ ਮੰਡਲ ਕਮੇਟੀ ਆਗੂਆਂ ਦੀ ਅਗਵਾਈ ਵਿੱਚ ਹਲਕਾ ਵਿਧਾਇਕ ਸਮਰਾਲਾ ਜਗਤਾਰ ਸਿੰਘ ਦਿਆਲਪੁਰਾ ਨੂੰ ਜੱਥੇਬੰਦੀ ਵੱਲੋਂ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ/ਮਸਲਿਆਂ ਪ੍ਰਤੀ ਤਿਆਰ ਕੀਤਾ ਮੈਮੋਰੰਡਮ ਬਿਜਲੀ ਮੰਤਰੀ ਨੂੰ ਭੇਜਣ ਲਈ ਦਿੱਤਾ ਗਿਆ। ਡਵੀਜ਼ਨ ਪ੍ਰਧਾਨ ਸੰਗਤ ਸਿੰਘ ਸੇਖੋਂ ਨੇ ਕਿਹਾ ਜੇਕਰ ਮੈਨੇਜਮੈਂਟ ਤੇ ਪੰਜਾਬ ਸਰਕਾਰ ਨੇ ਜੱਥੇਬੰਦੀ ਵੱਲੋਂ ਦਿੱਤੇ ਗਏ ਮੈਮੋਰੰਡਮ ਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੂਬਾ ਕਮੇਟੀ ਦੇ ਦਿੱਤੇ ਸੰਘਰਸ਼ ਪ੍ਰੋਗਰਾਮਾਂ ਨੂੰ ਮੰਡਲ ਸਮਰਾਲਾ ਵਿੱਚ ਲਾਗੂ ਕੀਤਾ ਜਾਵੇਗਾ।
ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਡਵੀਜ਼ਨ ਕਮੇਟੀ ਆਗੂਆਂ ਸੰਗਤ ਸਿੰਘ ਸੇਖੋਂ, ਦਰਸ਼ਨ ਸਿੰਘ ਢੰਡਾ, ਰੁਲਦਾ ਸਿੰਘ ਖਮਾਣੋਂ, ਬਲਦੇਵ ਸਿੰਘ ਖਮਾਣੋਂ ਅਤੇ ਪ੍ਰੀਤਮ ਸਿੰਘ ਚਹਿਲਾਂ ਵੱਲੋ ਮੈਮੋਰੰਡਮ ਵਿੱਚ ਦਰਜ ਮੰਗਾਂ ਮਸਲਿਆਂ ਤੇ ਹਲਕਾ ਵਿਧਾਇਕ ਨਾਲ ਗੱਲਬਾਤ ਕੀਤੀ ਗਈ। ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਮੈਨੇਜਮੈਂਟ ਵੱਲੋਂ ਸੰਘਰਸ਼ ਦੇ ਦਬਾਅ ਸਦਕਾ 19 ਮਈ 2023 ਨੂੰ ਜੱਥੇਬੰਦੀ ਨਾਲ ਲਿਖਤੀ ਮੀਟਿੰਗ ਕੀਤੀ ਗਈ ਸੀ। ਮੀਟਿੰਗ ਵਿੱਚ ਹੋਈ ਗੱਲਬਾਤ ਸਮੇਂ ਮੈਂਨਜਮੈਂਟ ਦਾ ਰਵੱਈਆ ਬਿਜਲੀ ਕਾਮਿਆਂ ਦੀਆਂ ਮੰਗਾਂ ਪ੍ਰਤੀ ਬੇਰੁਖਾ ਰਿਹਾ। ਪਟਿਆਲਾ ਸਰਕਲ ਦੇ ਆਗੂਆਂ ਦੀਆਂ ਡਿਸਮਿਸਲਾਂ, ਮੁਕਤਸਰ ਸਰਕਲ ਦੇ ਆਗੂਆਂ ਦੀਆਂ ਮੁਅੱਤਲੀਆਂ, ਸਬ-ਅਰਬਨ ਸਰਕਲ ਲੁਧਿਆਣਾ ਦੇ ਡਵੀਜ਼ਨ ਪ੍ਰਧਾਨ ਚਮਕੌਰ ਸਿੰਘ ਜੇ.ਈ, ਮੋਹਾਲੀ ਸਰਕਲ ਦੇ ਪ੍ਰਧਾਨ ਗੁਰਬਖਸ਼ ਸਿੰਘ ਦੀਆਂ ਸਿਆਸੀ ਅਧਾਰ ਤੇ ਬਦਲੀਆਂ ਕੀਤੀਆਂ ਗਈਆਂ ਹਨ, ਸੀ.ਆਰ.ਏ. 295/19 ਵਾਲੇ ਸਾਥੀਆਂ ਦੇ ਪੁਲੀਸ ਕੇਸ ਵਾਪਸ ਨਹੀਂ ਲਏ ਗਏ, ਇਹਨਾਂ ਮੰਗਾਂ ਨੂੰ ਹੱਲ ਕਰਾਉਣ ਲਈ 31 ਜੁਲਾਈ ਤੱਕ ਸਮੁੱਚੇ ਹਲਕਾ ਵਿਧਾਇਕਾਂ ਰਾਹੀਂ ਜੱਥੇਬੰਦੀ ਦੇ ਵੱਡੇ ਵਫਦ ਲੈ ਕੇ ਬਿਜਲੀ ਮੰਤਰੀ ਨੂੰ ਮੰਗ ਪੱਤਰ ਭੇਜੇ ਜਾਣਗੇ।