ਗੁੱਡੀਆਂ ’ਚ ਜਾਨ ਪਾਉਣ ਦੀ ਕੋਸ਼ਿਸ਼
ਕੁਝ ਪੰਜਾਬੀ ਪਿਆਰਿਆਂ ਨੇ ਆਪੋ ਆਪਣੀ ਪੱਧਰ ’ਤੇ ਪੰਜਾਬੀ ਵਿਰਸੇ ਦੀ ਸਾਂਭ ਸੰਭਾਲ ਦੇ ਯਤਨ ਕੀਤੇ ਹਨ। ਇਨ੍ਹਾਂ ਵਿੱਚ ਸਭ ਤੋਂ ਉੱਤੇ ਨਾਮ ਡਾ. ਮਹਿੰਦਰ ਸਿੰਘ ਰੰਧਾਵਾ ਦਾ ਆਉਂਦਾ ਹੈ। ਉਨ੍ਹਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਇੱਕ ਅਜਾਇਬ ਘਰ ਦੀ ਉਸਾਰੀ ਕਰਵਾਈ ਜਿਸ ਵਿੱਚ ਪੁਰਾਣੇ ਪੰਜਾਬ ਦੀ ਇੱਕ ਝਲਕ ਦਿਖਾਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਪੰਜਾਬ ਦੇ ਲੋਕਗੀਤ ਇਕੱਠੇ ਕਰਵਾਏ, ਲੋਕ ਕਲਾਵਾਂ ਤੇ ਕਲਾਕਾਰਾਂ ਨੂੰ ਉਤਸ਼ਾਹਿਤ ਕੀਤਾ। ਪੰਜਾਬ ਦੇ ਚੂਪਣ ਵਾਲੇ ਅੰਬਾਂ ਦੀਆਂ ਕਿਸਮਾਂ ਇਕੱਠੀਆਂ ਕਰਕੇ ਇਨ੍ਹਾਂ ਨੂੰ ਲੋਪ ਹੋਣ ਤੋਂ ਬਚਾਇਆ। ਰਵਾਇਤੀ ਰੁੱਖਾਂ ਤੇ ਫ਼ਲਾਂ ਵਾਲੇ ਬੂਟਿਆਂ ਦੀ ਸੰਭਾਲ ਕੀਤੀ।
ਉਨ੍ਹਾਂ ਦੀ ਤਰ੍ਹਾਂ ਹੀ ਹੁਣ ਵੀ ਕਈ ਸੱਭਿਆਚਾਰਕ ਪ੍ਰੇਮੀ ਆਪੋ ਆਪਣੀ ਪੱਧਰ ’ਤੇ ਪੰਜਾਬ ਦੀ ਲੋਪ ਹੋਈ ਕਲਾ ਨੂੰ ਸੰਭਾਲਣ ਦਾ ਯਤਨ ਕਰ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਹਨ ਡਾ. ਦਵਿੰਦਰ ਕੌਰ ਢੱਟ ਜਿਸ ਨੇ ਪੰਜਾਬ ਦੀ ਕਲਾ ਗੁੱਡੀਆਂ ਪਟੋਲੇ ਨੂੰ ਸੰਭਾਲਣ ਦਾ ਯਤਨ ਹੀ ਨਹੀਂ ਕੀਤਾ ਸਗੋਂ ਇਨ੍ਹਾਂ ਦੀ ਸਹਾਇਤਾ ਨਾਲ ਪੰਜਾਬ ਦੇ ਸੱਭਿਆਚਾਰ ਨੂੰ ਸਾਕਾਰ ਕਰਨ ਦਾ ਸਫਲ ਯਤਨ ਕੀਤਾ ਹੈ। ਬੀਤੇ ਸਮੇਂ ਮੋਬਾਈਲ, ਟੈਲੀਵੀਜ਼ਨ, ਇੱਥੋ ਤੱਕ ਕਿ ਘਰਾਂ ਵਿੱਚ ਰੇਡੀਓ ਵੀ ਨਹੀਂ ਸੀ ਹੁੰਦੇ। ਬੱਚੇ ਆਪਸ ਵਿੱਚ ਖੇਡਦਿਆਂ ਵੱਡੇ ਹੁੰਦੇ ਸਨ। ਹੁਣ ਇਹ ਖੇਡਾਂ ਲੋਪ ਹੋ ਗਈਆਂ ਹਨ। ਇਹ ਖੇਡਾਂ ਜਿੱਥੇ ਸਾਨੂੰ ਆਪਣੇ ਰਸਮਾਂ ਤੇ ਰਿਵਾਜਾਂ ਨਾਲ ਜੋੜਦੀਆਂ ਸਨ ਉੱਥੇ ਰਲ ਬੈਠਣਾ, ਇੱਕ ਦੂਜੇ ਦੀ ਸਹਾਇਤਾ ਕਰਨੀ ਤੇ ਸਮਾਜਿਕ ਕਦਰਾਂ ਕੀਮਤਾਂ ਵੀ ਪਰਿਪੱਕ ਕਵਾਉਂਦੀਆਂ ਸਨ। ਹੁਣ ਤਾਂ ਬੱਚਿਆਂ ਦੇ ਹੱਥ ਮੋਬਾਈਲ ਹਨ ਜਿਸ ਕਾਰਨ ਉਹ ਆਪਣੇ ਸੱਭਿਆਚਾਰ ਤੋਂ ਹੀ ਦੂਰ ਨਹੀਂ ਹੋ ਰਹੇ ਸਗੋਂ ਆਪਣੇ ਮਾਪਿਆਂ ਤੋਂ ਵੀ ਦੂਰ ਹੋ ਰਹੇ ਹਨ।
ਉਦੋਂ ਬਚਪਨ ਵਿੱਚ ਕੁੜੀਆਂ ਬਹੁਤਾ ਸਮਾਂ ਗੁੱਡੀਆਂ ਪਟੋਲਿਆਂ ਨਾਲ ਖੇਡਦੀਆਂ ਸਨ। ਇਨ੍ਹਾਂ ਗੁੱਡੀਆਂ ਗੁੱਡਿਆਂ ਨੂੰ ਲੀਰਾਂ ਨਾਲ ਬਣਾ ਸੋਹਣੀਆਂ ਸੁੰਦਰ ਪੁਸ਼ਾਕਾਂ ਪਵਾਈਆਂ ਜਾਂਦੀਆਂ ਸਨ। ਉਹ ਗੁੱਡੇ ਗੁੱਡੀਆਂ ਦਾ ਵਿਆਹ ਰਚਾਉਂਦੀਆਂ, ਗੀਤ ਗਾਉਂਦਿਆਂ ਤੇ ਹੋਰ ਰਸਮਾਂ ਕਰਦੀਆਂ ਜੀਵਨ ਜਾਚ ਤੇ ਘਰ ਪਰਿਵਾਰਾਂ ਬਾਰੇ ਜਾਣਕਾਰ ਬਣਦੀਆਂ ਸਨ। ਡਾ. ਦਵਿੰਦਰ ਕੌਰ ਨੇ ਇਸ ਕਲਾ ਵਿੱਚ ਮੁਹਾਰਤ ਪ੍ਰਾਪਤ ਕੀਤੀ ਹੈ। ਉਸ ਦਾ ਆਖਣਾ ਹੈ, ‘‘ਮੇਰਾ ਬਚਪਨ ਗੁੱਡੀਆਂ ਨਾਲ ਖੇਡਦਿਆਂ ਬੀਤਿਆ। ਨਿੱਕੇ ਹੁੰਦਿਆਂ ਹੀ ਮੈਂ ਆਪਣੀ ਮਾਂ ਤੋਂ ਸੁੰਦਰ ਗੁੱਡੀਆਂ ਬਣਾਉਣੀਆਂ ਸਿੱਖ ਗਈ ਸੀ। ਮੇਰੇ ਇਸ ਸ਼ੌਂਕ ਨੂੰ ਵੇਖਦਿਆਂ ਮੇਰੇ ਮਾਪਿਆਂ ਨੇ ਕਾਲਜ ਵਿੱਚ ਮੈਨੂੰ ਫਾਈਨ ਆਰਟਸ ਦਾ ਵਿਸ਼ਾ ਲੈ ਦਿੱਤਾ। ਬੀਐੱਡ ਕਰਦਿਆਂ ਇੰਟੀਰੀਆ ਡੈਕੋਰੇਸ਼ਨ ਦੇ ਫਾਈਨਲ ਪੇਪਰ ਵਿੱਚ ਮੇਰੇ ਵੱਲੋਂ ਬਣਾਈਆਂ ਗੁੱਡੀਆਂ ਨੂੰ ਸਭ ਤੋਂ ਵਧ ਅੰਕ ਪ੍ਰਾਪਤ ਹੋਏ। ਪਟਿਆਲਾ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਫਾਈਨ ਆਰਟਸ ਅਤੇ ਫੋਕ ਆਰਟ ਅਤੇ ਕਲਚਰ ਦੀਆਂ ਦੋ ਮਾਸਟਰਜ਼ ਤੇ ਪੀਐੱਚ. ਡੀ ਕਰਦਿਆਂ ਜੀ.ਕੇ. ਢਿੱਲੋਂ ਅਤੇ ਮੈਡਮ ਡੇਜ਼ੀ ਆਹਲੂਵਾਲੀਆ ਨੇ ਮੈਨੂੰ ਡੌਲ ਮੇਕਿੰਗ ਲਈ ਉਤਸ਼ਾਹਿਤ ਹੀ ਨਹੀਂ ਸਗੋਂ ਮੇਰੀਆਂ ਬਣਾਈਆਂ ਗੁੱਡੀਆਂ ਨੂੰ ਦੇਸ਼ ਭਰ ਵਿੱਚ ਮਕਬੂਲ ਵੀ ਕੀਤਾ। ਸਰਕਾਰੀ ਡੌਲ ਮੇਕਿੰਗ ਸੈਂਟਰ ਪਟਿਆਲਾ ਤੋਂ ਗੁੱਡੀਆਂ ਬਣਾਉਣ ਦਾ ਕੋਰਸ ਕਰਨ ਉਪਰੰਤ ਮੈਂ ਪੰਜਾਬੀ ਸੱਭਿਆਚਾਰ ਤੇ ਵਿਰਸੇ ਨਾਲ ਸਬੰਧਿਤ ਬਹੁਤ ਸਾਰੇ ਵਿਸ਼ਿਆਂ ’ਤੇ ਸਾਢੇ ਤਿੰਨ ਫੁੱਟ ਤੱਕ ਲੰਬੀਆਂ ਗੁੱਡੀਆਂ ਬਣਾਈਆਂ ਹਨ। ਇਹ ਕੱਪੜਿਆਂ ਦੇ ਨਾਲ ਨਾਲ ਹੋਰ ਮੈਟੀਰੀਅਲ ਦੀਆਂ ਹਨ।’’
ਦਵਿੰਦਰ ਨੇ ਖ਼ੂਬਸੂਰਤ ਗੁੱਡੀਆਂ ਰਾਹੀਂ ਲੋਪ ਹੋਏ ਪੰਜਾਬੀ ਵਿਰਸੇ ਨੂੰ ਸੁਆਣੀਆਂ ਦੀ ਕਲਾ, ਲੋਕ ਨਾਚ, ਪ੍ਰੀਤ ਕਹਾਣੀਆਂ ਆਦਿ ਨੂੰ ਪੇਸ਼ ਕਰਨ ਦਾ ਸਫਲ ਯਤਨ ਕੀਤਾ ਹੈ। ਪੰਜਾਬ ਕਲਾ ਪਰਿਸ਼ਦ ਨੇ ਡਾ. ਦਵਿੰਦਰ ਕੌਰ ਵੱਲੋਂ ਤਿਆਰ ਕੀਤੀਆਂ ਇਨ੍ਹਾਂ ਕਲਾ ਕ੍ਰਿਤਾਂ ਨੂੰ ਪ੍ਰਦਰਸ਼ਨੀ ਰੂਪ ਵਿੱਚ ਪੰਜਾਬੀਆਂ ਦੇ ਰੂਬਰੂ ਕੀਤਾ ਹੈ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਦਾ ਮੰਨਣਾ ਹੈ ਕਿ ਡਾ. ਦਵਿੰਦਰ ਕੌਰ ਢੱਟ ਨੇ ਆਪਣੀ ਕਲਾ ਬਣਾ ਕੇ ਇਨ੍ਹਾਂ ਗੁੱਡੀਆਂ ਪਟੋਲਿਆਂ ਦੇ ਪਰਿਵਾਰ ਨੂੰ ਆਪਣੇ ਨਾਲ ਨਾਲ ਰੱਖਿਆ ਤੇ ਇਨ੍ਹਾਂ ਰਾਹੀਂ ਉਸ ਪੰਜਾਬ ਨੂੰ ਵੀ ਨਾਲ ਰੱਖਿਆ ਜਿਹੜਾ ਅਸੀਂ ਆਪਣੇ ਬਚਪਨ ਤੇ ਚੜ੍ਹਦੀ ਜਵਾਨੀ ਵੇਲੇ ਦੇਖਿਆ ਸੀ। ਡਾ. ਦਵਿੰਦਰ ਕੌਰ ਢੱਟ ਨੇ ਆਪਣੀ ਲਗਨ, ਮਿਹਨਤ ਅਤੇ ਪ੍ਰਤਿਭਾ ਨਾਲ ਪੰਜਾਬੀ ਲੋਕ ਕਲਾ ਦੀ ਸੁੰਦਰਤਾ ਨੂੰ ਸੰਭਾਲਿਆ ਤੇ ਹੋਰ ਨਿਖਾਰਿਆ ਹੈ।
ਦਵਿੰਦਰ ਕੌਰ ਖ਼ੁਸ਼ਕਿਸਮਤ ਹੈ ਕਿ ਆਪਣੀ ਇਸ ਕਲਾ ਨੂੰ ਅੱਗੇ ਵਧਾਉਣ ਵਿੱਚ ਉਸ ਦੇ ਪਰਿਵਾਰ ਵੱਲੋਂ ਪੂਰਾ ਸਹਿਯੋਗ ਪ੍ਰਾਪਤ ਹੋ ਰਿਹਾ ਹੈ। ਉਸ ਦੇ ਹਮਸਫ਼ਰ ਜਸਮੇਰ ਸਿੰਘ ਢੱਟ ਵੱਲੋਂ ਉਤਸ਼ਾਹਿਤ ਕਰਨ ’ਤੇ ਹੀ ਉਹ ਨਿਤ ਨਵੇਂ ਵਿਸ਼ਿਆਂ ਨੂੰ ਲੈ ਕੇ ਗੁੱਡੀਆਂ ਤਿਆਰ ਕਰ ਰਹੀ ਹੈ। ਇਸ ਜੋੜੇ ਵੱਲੋਂ ਵਿਸ਼ੇਸ਼ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਨਵੀਂ ਪੀੜ੍ਹੀ ਨੂੰ ਲੋਪ ਹੋ ਰਹੀ ਇਸ ਕਲਾ ਬਾਰੇ ਜਾਣਕਾਰੀ ਹੀ ਨਾ ਦਿੱਤੀ ਜਾਵੇ ਸਗੋਂ ਉਨ੍ਹਾਂ ਨੂੰ ਲੋਪ ਹੋ ਰਹੇ ਆਪਣੇ ਵਿਰਸੇ ਨਾਲ ਵੀ ਜੋੜਿਆ ਜਾ ਸਕੇ। ਪਿਛਲੇ ਦਿਨੀਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਲਗਾਈ ਉਨ੍ਹਾਂ ਦੀ ਪ੍ਰਦਰਸ਼ਨੀ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲਿਆ। ਦਵਿੰਦਰ ਵਰਗੀਆਂ ਉਤਸ਼ਾਹੀ ਰੂਹਾਂ ਹੀ ਪੰਜਾਬੀ ਵਿਰਸੇ ਨੂੰ ਸੰਭਾਲਣ ਵਿੱਚ ਕੇਵਲ ਸਹਾਈ ਹੀ ਨਹੀਂ ਹੁੰਦੀਆਂ ਸਗੋਂ ਨਵੀਂ ਪੀੜ੍ਹੀ ਨੂੰ ਵਿਰਸੇ ਅਤੇ ਸਮਾਜਿਕ ਕਦਰਾਂ ਕੀਮਤਾਂ ਨਾਲ ਜੋੜਨ ਵਿੱਚ ਵੀ ਅਹਿਮ ਯੋਗਦਾਨ ਪਾਉਂਦੀਆਂ ਹਨ।