For the best experience, open
https://m.punjabitribuneonline.com
on your mobile browser.
Advertisement

ਸੱਤਾ ਤੇ ਸੱਚ...

08:46 AM Sep 10, 2023 IST
ਸੱਤਾ ਤੇ ਸੱਚ
Advertisement

ਸਵਰਾਜਬੀਰ

ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਜਸਟਿਸ ਐੱਮਸੀ ਸ਼ਾਗਲਾ ਯਾਦਗਾਰੀ ਭਾਸ਼ਣ ਦੇਣ ਸਮੇਂ ਇਹ ਵਿਸ਼ਾ ਚੁਣਿਆ, ‘ਸੱਤਾਮਈ ਤਾਕਤ ਸਾਹਮਣੇ ਸੱਚ ਬੋਲਣਾ: ਨਾਗਰਿਕ ਅਤੇ ਕਾਨੂੰਨ (Speaking Truth to Power: Citizens and the Law)’। ਉੱਘੇ ਚਿੰਤਕ ਮਾਈਕਲ ਪੈਟਰਿਕ ਲਿੰਚ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ, ‘‘ਆਧੁਨਿਕ ਜਮਹੂਰੀ ਰਾਜ, ਜਿਨ੍ਹਾਂ ਨੂੰ ‘ਤਰਕ ਦੇ ਸਥਾਨ (Spaces of Reason)’ ਕਿਹਾ ਗਿਆ ਹੈ, ਵਿਚ ਸੱਚ ਬੋਲਣਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਅਜਿਹਾ ਤਰਕ, ਜੋ ਝੂਠ ’ਤੇ ਆਧਾਰਿਤ ਹੋਵੇ, ਤਰਕ ਕਹਾਉਣ ਦੇ ਕਾਬਲ ਨਹੀਂ।’’
ਇਹ ਸਵਾਲ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਸਰਬਉੱਚ ਅਦਾਲਤ ਦੇ ਮੁਖੀ ਅਜਿਹੇ ਪ੍ਰਸ਼ਨ ਕਿਉਂ ਉਠਾ ਰਹੇ ਹਨ; ਕੀ ਅਸੀਂ ਸੱਚ ਨਹੀਂ ਬੋਲ ਰਹੇ ਜਾਂ ਜੋ ਅਸੀਂ ਕਹਿ ਰਹੇ ਹਾਂ, ਉਹ ਤਰਕ ’ਤੇ ਆਧਾਰਿਤ ਨਹੀਂ ਅਤੇ ਅਸੀਂ ਤਰਕਹੀਣ ਦਲੀਲਾਂ ਨੂੰ ਸੱਚ ਬਣਾ ਕੇ ਪੇਸ਼ ਕਰ ਰਹੇ ਹਾਂ? ਸਾਡੀ ਜਮਹੂਰੀਅਤ ਵਿਚ ਤਰਕ ਲਈ ਕਿੰਨਾ ਕੁ ਸਥਾਨ/ਸਪੇਸ ਉਪਲਬਧ ਹੈ? ਇਹ ਸਵਾਲ ਵੀ ਪੁੱਛਿਆ ਜਾਣਾ ਚਾਹੀਦਾ ਹੈ ਕਿ ਚੀਫ਼ ਜਸਟਿਸ ਨੇ ਸੱਤਾਮਈ ਤਾਕਤ ਸਾਹਮਣੇ ਸੱਚ ਬੋਲਣ ਬਾਰੇ ਵਿਸ਼ੇ ਨੂੰ ਆਪਣੇ ਭਾਸ਼ਣ ਲਈ ਕਿਉਂ ਚੁਣਿਆ। ਕਿਹਾ ਜਾਂਦਾ ਹੈ ਕਿ ਬਹੁਤੇ ਜਵਾਬ ਸਵਾਲਾਂ ਦੇ ਵਿਚ ਹੀ ਪਏ ਹੁੰਦੇ ਹਨ; ਅਸਲ ਵਿਚ ਜਦੋਂ ਕੋਈ ਸਵਾਲ ਬੌਧਿਕ ਇਮਾਨਦਾਰੀ ਅਤੇ ਇਨਸਾਨਪ੍ਰਸਤੀ ਨੂੰ ਸਾਹਮਣੇ ਰੱਖ ਕੇ ਪੁੱਛਿਆ ਜਾਂਦਾ ਹੈ ਤਾਂ ਉਸ ਵਿਚ ਉਸ ਸਮੇਂ/ਯੁੱਗ ਦੀ ਆਤਮਾ ਵਿਚ ਖੌਲ ਰਹੇ ਕਈ ਪ੍ਰਸ਼ਨ ਪਏ ਹੁੰਦੇ ਹਨ। ਉਦਾਹਰਨ ਦੇ ਤੌਰ ’ਤੇ ਗੁਰੂ ਨਾਨਕ ਦੇਵ ਜੀ ਇਹ ਮਹਾਂ-ਪ੍ਰਸ਼ਨ ਪੁੱਛਦੇ ਹਨ, ‘‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।।’’ ਭਾਵ ‘ਅਸੀਂ ਸਚਿਆਰੇ ਕਿਵੇਂ ਹੋ ਸਕਦੇ ਹਾਂ, ਕੂੜ ਦੇ ਪਰਦੇ ਨੂੰ ਕਿਵੇਂ ਪਾੜਿਆ ਜਾ ਸਕਦਾ ਹੈ’ ਪਰ ਨਾਲ ਨਾਲ ਇਹ ਸੰਦੇਸ਼ ਵੀ ਮਿਲਦਾ ਹੈ ਕਿ ਕੂੜ ਦੇ ਪਰਦੇ ਨੂੰ ਪਾੜਨਾ ਤੇ ਸਚਿਆਰਾ ਹੋਣਾ ਇਕ ਔਕੜਾਂ ਭਰਿਆ ਕਾਰਜ ਹੈ; ਜਦੋਂ ਬੁੱਲ੍ਹੇ ਸ਼ਾਹ ਇਹ ਪ੍ਰਸ਼ਨ ਪੁੱਛਦਾ ਹੈ, ‘‘ਬੁੱਲ੍ਹਾ ਕੀ ਜਾਣਾ ਮੈਂ ਕੌਣ?’’ ਤਾਂ ਉਹ ਭੇਖਾਂ, ਪਾਖੰਡਾਂ ਆਦਿ ਨੂੰ ਨਕਾਰ ਕੇ ਆਪਣੇ ਇਨਸਾਨ ਹੋਣ ਦਾ ਐਲਾਨ ਹੀ ਨਹੀਂ ਕਰਦਾ ਸਗੋਂ ਉਹ ਇਹ ਵੀ ਦੱਸਦਾ ਹੈ ਕਿ ਮਨੁੱਖ ਦੀ ਹਸਤੀ ਦੀਆਂ ਕਿੰਨੀਆਂ ਪਰਤਾਂ ਹਨ।
ਜਸਟਿਸ ਚੰਦਰਚੂੜ ਨੇ ਭਾਰਤ ਸਮੇਤ ਕਈ ਦੇਸ਼ਾਂ ਦੇ ਬੀਤੇ ਅਤੇ ਅਜੋਕੇ ਸਮਿਆਂ ਦੇ ਹਾਲਾਤ ਦੇ ਵੇਰਵੇ ਅਤੇ ਹਵਾਲੇ ਦਿੰਦਿਆਂ ਕਿਹਾ, ‘‘ਯੂਰਪ ਵਿਚ ਗਿਆਨ-ਉਦੇ ਦੇ ਸਮਿਆਂ (Enlightement Era, 17-18ਵੀਂ ਸਦੀ) ਵਿਚ ਚਿੰਤਕਾਂ ਨੇ ਜਨਤਕ ਜੀਵਨ ਵਿਚ ਕੈਥੋਲਿਕ ਚਰਚ (ਇਸਾਈ ਧਰਮ ਦੇ ਕੈਥੋਲਿਕ ਪੰਥ ਦੀ ਧਰਮ ਸੰਸਥਾ) ਅਤੇ ਬਾਦਸ਼ਾਹਾਂ ਦੇ ਗ਼ਲਬੇ ਨੂੰ ਚੁਣੌਤੀ ਦਿੱਤੀ ਕਿਉਂਕਿ ਉਨ੍ਹਾਂ (ਧਰਮ ਅਤੇ ਬਾਦਸ਼ਾਹਾਂ) ਨੇ ‘ਸੱਚ’ ਉੱਤੇ ਕਬਜ਼ਾ ਕੀਤਾ ਹੋਇਆ ਸੀ। ... ਹੈਨਾ ਐਰੰਟ ਤਾਨਾਸ਼ਾਹ ਸਰਕਾਰਾਂ ਨੂੰ ਉਸ ਗ਼ਲਬੇ ਨਾਲ ਜੋੜ ਕੇ ਦੇਖਦੀ ਹੈ ਜੋ ਉਹ ਝੂਠ ਨੂੰ ਆਧਾਰ ਬਣਾ ਕੇ ਕਾਇਮ ਕਰਦੇ ਹਨ।’’
ਚੰਦਰਚੂੜ ਸਾਨੂੰ ਇਹ ਦੱਸ ਰਹੇ ਹਨ ਕਿ ਧਰਮ ਅਤੇ ਤਾਨਾਸ਼ਾਹੀ ਸਰਕਾਰਾਂ ਸੱਚ ’ਤੇ ਕਬਜ਼ਾ ਕਰ ਕੇ ਆਪਣੇ ‘ਸੱਚ’ ਬਣਾ ਲੈਂਦੇ ਹਨ; ਉਹ ਇਹ ਵੇਰਵੇ ਵੀ ਦਿੰਦੇ ਹਨ ਕਿ ਸਮਾਜ ਦੇ ਵੱਖ ਵੱਖ ਹਿੱਸੇ, ਚਿੰਤਕ, ਮਾਹਿਰ, ਸਰਕਾਰਾਂ ਆਦਿ ਆਪੋ-ਆਪਣੇ ‘ਸੱਚ’ ਕਿਵੇਂ ਬਣਾਉਂਦੇ-ਸਿਰਜਦੇ ਹਨ। ਉਹ ਇਤਿਹਾਸਕਾਰ ਸੋਫੀਆ ਰੋਜੈਨਫੈਲਡ ਦੇ ਹਵਾਲੇ ਨਾਲ ਦੱਸਦੇ ਹਨ ਕਿ ਅਸੀਂ ਸੱਚ ਤਕ ਕਿਵੇਂ ਪਹੁੰਚ ਸਕਦੇ ਹਾਂ; ਸੋਫੀਆ ਅਨੁਸਾਰ ਜਮਹੂਰੀਅਤਾਂ ਵਿਚ ‘ਸੱਚ’ ਦੀ ਪੈਦਾਵਾਰ ਤਿੰਨ ਤਰ੍ਹਾਂ ਨਾਲ ਹੁੰਦੀ ਹੈ; ਪਹਿਲਾ ਰਿਆਸਤ/ਸਟੇਟ ਆਪਣਾ ‘ਸੱਚ’ ਬਣਾਉਂਦੀ-ਦੱਸਦੀ ਹੈ; ਉਸ ਦੀਆਂ ਇਹ ਉਦਾਹਰਨਾਂ ਦਿੱਤੀਆਂ ਗਈਆਂ ਹਨ : ਅਮਰੀਕੀ ਸਰਕਾਰ ਨੇ ਵੀਅਤਨਾਮ ਜੰਗ ਦੌਰਾਨ ਵੀਅਤਨਾਮੀ ਲੋਕਾਂ ’ਤੇ ਕੀਤੇ ਜਾ ਰਹੇ ਜ਼ੁਲਮ ਨੂੰ ਜਮਹੂਰੀਅਤ ਦੀ ਰਖਵਾਲੀ ਬਣਾ ਕੇ ਪੇਸ਼ ਕੀਤਾ ਅਤੇ ਕੋਵਿਡ-19 ਦੀ ਮਹਾਮਾਰੀ ਦੌਰਾਨ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ’ਤੇ ਪਰਦਾ ਪਾਉਣ ਲਈ ਤਰ੍ਹਾਂ ਤਰ੍ਹਾਂ ਦੇ ‘ਸੱਚ’ ਘੜੇ। ਦੂਸਰਾ ‘ਸੱਚ’ ਉਹ ਹੈ ਜਿਸ ਦਾ ਨਿਰਮਾਣ ਮਾਹਿਰ, ਖੋਜੀ ਅਤੇ ਆਰਥਿਕ ਮਾਹਿਰ ਕਰਦੇ ਹਨ; ਇਸ ‘ਸੱਚ’ ਦੀ ਅਸਲੀ ਸੱਚ ਦੇ ਨਜ਼ਦੀਕ ਹੋਣ ਦੀ ਸੰਭਾਵਨਾ ਹੋ ਸਕਦੀ ਹੈ ਕਿਉਂਕਿ ਇਹ ਖ਼ਿਆਲ ਕੀਤਾ ਜਾਂਦਾ ਹੈ ਕਿ ਇਹ ਮਾਹਿਰ ਕਿਸੇ ਸਿਆਸੀ ਵਿਚਾਰਧਾਰਾ ਨਾਲ ਨਹੀਂ ਜੁੜੇ ਹੁੰਦੇ; ਇਸ ‘ਸੱਚ’ ’ਤੇ ਸਵਾਲ ਇਸ ਲਈ ਉੱਠਦੇ ਹਨ ਕਿਉਂਕਿ ਬਹੁਤ ਵਾਰ ਇਨ੍ਹਾਂ ਮਾਹਿਰਾਂ ਦੀ ਖੋਜ ਲਈ ਪੈਸੇ ਕੁਝ ਖ਼ਾਸ ਤਰ੍ਹਾਂ ਦੇ ਸਰੋਤਾਂ ’ਤੇ ਆਉਂਦੇ ਹਨ ਜਾਂ ਉਹ ਅਜਿਹੇ ਵਿਚਾਰ-ਅਸਥਾਨਾਂ (Think Tanks) ਨਾਲ ਜੁੜੇ ਹੁੰਦੇ ਹਨ ਜਿਹੜੇ ਕੁਝ ਨਿਸ਼ਚਿਤ ਵਿਚਾਰਧਾਰਾਵਾਂ ਅਨੁਸਾਰ ਸੋਚ ਤੇ ਖੋਜ ਨੂੰ ਉਤਸ਼ਾਹਿਤ ਕਰਦੇ ਹਨ; ਚੀਫ਼ ਜਸਟਿਸ ਅਨੁਸਾਰ ਦੱਬੇ-ਕੁਚਲੇ ਦਾ ਸੱਚ ਬਹੁਤੀ ਵਾਰ ਇਸ ਲਈ ਸਾਹਮਣੇ ਨਹੀਂ ਆਉਂਦਾ ਕਿਉਂਕਿ ਸਮਾਜਿਕ ਤੇ ਆਰਥਿਕ ਹਾਲਾਤ ਉਨ੍ਹਾਂ ਨੂੰ ਮਾਹਿਰ ਤੇ ਖੋਜੀ ਬਣਨ ਤਕ ਪਹੁੰਚਣ ਹੀ ਨਹੀਂ ਦਿੰਦੇ। ਭਾਸ਼ਣ ਵਿਚ ਉਸ ‘ਸੱਚ’ ’ਤੇ ਜ਼ੋਰ ਦਿੱਤਾ ਗਿਆ ਹੈ ਜਿਹੜਾ ਨਾਗਰਿਕਾਂ ਦੇ ਵਿਚਾਰ-ਵਟਾਂਦਰੇ ’ਚੋਂ ਉਦੈ ਹੁੰਦਾ, ਗੋਸ਼ਟਿ ’ਚੋਂ ਉਗਮਦਾ ਅਤੇ ਤੱਥਾਂ ਤੇ ਵਿਚਾਰਾਂ ਦੇ ਘੋਲ ’ਚ ਪਨਪਦਾ ਹੈ। ਇਹ ਵਿਚਾਰ ਉੱਘੇ ਚਿੰਤਕ ਬਾਖਤਿਨ ਦੇ ਵਿਚਾਰਾਂ ਦੇ ਨਜ਼ਦੀਕ ਹੈ ਜਿਸ ਅਨੁਸਾਰ ਵਿਚਾਰ, ਸੋਚ-ਸਮਝ, ਸੂਝ-ਬੂਝ, ਦਰਸ਼ਨ, ਸਭ, ਸਮਾਜ ਵਿਚ ਹੁੰਦੇ ਵਿਚਾਰਾਂ ਦੇ ਘੋਲ (social discourse) ’ਚੋਂ ਜਨਮ ਲੈਂਦੇ ਹਨ; ਅਕਲ/ਸਮਝ ਕਿਸੇ ਬੰਦੇ ਦੀ ਨਿੱਜੀ ਖੋਜ ਜਾਂ ਮਲਕੀਅਤ ਨਹੀਂ, ਸਮਾਜਿਕ ਪੈਦਾਵਾਰ ਹੈ।
ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਇਸ ਗੋਸ਼ਟਿ/ਵਿਚਾਰ-ਵਟਾਂਦਰੇ ਵਿਚ ਕੌਣ ਹਿੱਸਾ ਲਵੇ। ਚੰਦਰਚੂੜ ਦੱਸਦੇ ਹਨ ਕਿ ਹਰ ਕੋਈ ਆਪਣੀ ਸੂਝ-ਬੂਝ ਅਤੇ ਜੀਵਨ-ਅਨੁਭਵ ਦੇ ਆਧਾਰ ’ਤੇ ਸੱਚ ਦੀ ਪਛਾਣ ਕਰ ਸਕਦਾ ਹੈ। ਇਸ ਦੇ ਨਾਲ ਨਾਲ ਜਨਤਕ ਬੁੱਧੀਜੀਵੀਆਂ/ਲੋਕ-ਦਾਨਿਸ਼ਵਰਾਂ (Public intellectuals) ਦੀ ਭੂਮਿਕਾ ਉੱਭਰਦੀ ਹੈ। ਇਮਾਨੂਅਲ ਕਾਂਤ, ਗਰਾਮਸ਼ੀ ਅਤੇ ਨੋਮ ਚੌਮਸਕੀ ਜਿਹੇ ਚਿੰਤਕਾਂ ਨੇ ਇਸ ਭੂਮਿਕਾ ਨੂੰ ਉਭਾਰਿਆ ਹੈ। ਭਾਸ਼ਣ ਵਿਚ ਚੌਮਸਕੀ ਦੇ ਲੇਖ ‘ਦਾਨਿਸ਼ਵਰਾਂ ਦੀ ਭੂਮਿਕਾ’ ਦੇ ਹਵਾਲੇ ਨਾਲ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਦਾਨਿਸ਼ਵਰਾਂ ਨੂੰ ਸਮਾਜ ਵਿਚ ਸੱਚ ਦੱਸਣ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੂੰ ਸਮਾਜ ਵਿਚ ਦੂਸਰੇ ਨਾਗਰਿਕਾਂ ਦੇ ਮੁਕਾਬਲੇ ਜ਼ਿਆਦਾ ਸੱਤਾਮਈ ਸਥਾਨ, ਵਿਸ਼ੇਸ਼ ਅਧਿਕਾਰ ਅਤੇ ਆਜ਼ਾਦੀ ਹਾਸਲ ਹੁੰਦੀ ਹੈ। ਇਹ ਪ੍ਰਸ਼ਨ ਵੀ ਉਠਾਇਆ ਗਿਆ ਹੈ ਕਿ ਅਜੋਕੇ ਸਮਿਆਂ, ਜਿਨ੍ਹਾਂ ਨੂੰ ‘ਉਤਰ-ਸੱਚ (Post-truth)’ ਦੇ ਸਮੇਂ ਕਿਹਾ ਜਾਂਦਾ ਹੈ, ਵਿਚ ‘ਉਤਰ-ਸੱਚ ਦੇ ਸਮੇਂ’ ਦੇ ਕੀ ਅਰਥ ਹਨ; ਉਤਰ-ਸੱਚ ਦੇ ਸ਼ਾਬਦਿਕ ਅਰਥ ਹਨ ਸੱਚ ਤੋਂ ਬਾਅਦ ਦਾ ਸਮਾਂ; ਇਸ ਦੇ ਦੋ ਅਰਥ ਦੱਸੇ ਗਏ ਹਨ; ਪਹਿਲਾ ਇਹ ਕਿ ਇਨ੍ਹਾਂ ਸਮਿਆਂ ਵਿਚ ਨਾਗਰਿਕਾਂ ਲਈ ‘ਸੱਚ’ ਨੂੰ ਲੱਭਣਾ ਮੁਸ਼ਕਲ ਬਣਦਾ ਜਾ ਰਿਹਾ ਹੈ ਅਤੇ ਦੂਸਰਾ ਇਹ ਕਿ ਜੇ ਉਨ੍ਹਾਂ ਨੂੰ ‘ਸੱਚ ਦਾ ਪਤਾ ਵੀ ਲੱਗ ਜਾਏ ਤਾਂ ਉਹ (ਨਾਗਰਿਕ) ਇਸ ਦੀ ਪਰਵਾਹ ਨਹੀਂ ਕਰਦੇ।
ਜਸਟਿਸ ਚੰਦਰਚੂੜ ਦੇ ਭਾਸ਼ਣ ਦੇ ਕਈ ਪਹਿਲੂ ਹਨ ਪਰ ਸਭ ਤੋਂ ਮਹੱਤਵਪੂਰਨ ਪੱਖ ਉਨ੍ਹਾਂ ਨੇ ਇਨ੍ਹਾਂ ਸ਼ਬਦਾਂ ਵਿਚ ਪੇਸ਼ ਕੀਤਾ, ‘‘ਸੱਚ ਨੂੰ ਲੱਭਣ ਵਾਸਤੇ ਅਸੀਂ ਸਿਰਫ਼ ਰਿਆਸਤ/ਸਟੇਟ ’ਤੇ ਭਰੋਸਾ ਨਹੀਂ ਕਰ ਸਕਦੇ। ਤਾਨਾਸ਼ਾਹੀ ਸਰਕਾਰਾਂ ਆਪਣੀ ਸੱਤਾ ਮਜ਼ਬੂਤ ਕਰਨ ਲਈ ਝੂਠ ਨੂੰ ਆਧਾਰ ਬਣਾਉਂਦੀਆਂ ਹਨ।’’ ਜਿੱਥੇ ਇਹ ਲੇਖ ਪੜ੍ਹਦਿਆਂ ਤੁਸੀਂ ਸੱਚ ਬੋਲਣ ਲਈ ਉਤਸ਼ਾਹਿਤ ਹੁੰਦੇ ਹੋ, ਉੱਥੇ ਮਨ ਵਿਚ ਕਈ ਅਜੀਬ ਪ੍ਰਸ਼ਨ ਵੀ ਪੈਦਾ ਹੁੰਦੇ ਹਨ : ਕੀ ਸਰਬਉੱਚ ਅਦਾਲਤ ਦੇ ਮੁਖੀ ਸਾਨੂੰ ਸੱਚ ਲੱਭਣ ਦੀ ਪ੍ਰੇਰਨਾ ਦੇਣ ਦੇ ਨਾਲ ਨਾਲ ਆਪਣੇ ਆਪ ਨੂੰ ਵੀ ਸੰਬੋਧਿਤ ਹਨ; ਉਹ ਜਾਣਦੇ ਹਨ ਕਿ ਇਨ੍ਹਾਂ ਸਮਿਆਂ ਵਿਚ ਸੱਚ ਤਕ ਪਹੁੰਚਣਾ ਤੇ ਸੱਚ ਬੋਲਣਾ ਜੋਖ਼ਮ ਭਰੇ ਕਾਰਜ ਹਨ। ਇਨ੍ਹਾਂ ਸਮਿਆਂ ਵਿਚ ਰਿਆਸਤ/ਸਟੇਟ/ਸਰਕਾਰ ਤੁਹਾਡੇ ਬੋਲਣ ਅਤੇ ਚੁੱਪ ਰਹਿਣ ਦੀਆਂ ਸੀਮਾਵਾਂ ਮਿੱਥਦੀ ਹੈ; ਇਨਕਲਾਬਾਂ ’ਚੋਂ ਪੈਦਾ ਹੋਏ ਦੇਸ਼ਾਂ ਦੀਆਂ ਸਰਕਾਰਾਂ ਵੀ ਇਹ ਹੱਦਾਂ/ਸੀਮਾਵਾਂ ਤੈਅ ਕਰਦੀਆਂ ਰਹੀਆਂ ਹਨ ਕਿ ਤੁਸੀਂ ਕਿੰਨੇ ਕੁ ਅਤੇ ਕਿਹੋ ਜਿਹੇ ਇਨਕਲਾਬੀ ਹੋ ਸਕਦੇ ਹੋ; ਜਦੋਂ ਤੁਸੀਂ ਇਕ ਖ਼ਾਸ ਸੀਮਾ-ਰੇਖਾ ਤੋਂ ਪਾਰ ਜਾਂਦੇ ਹੋ ਤਾਂ ਰਿਆਸਤ/ਸਟੇਟ/ਸਰਕਾਰ ਆਪਣੇ ਉਸ ਰੂਪ ਵਿਚ ਹਾਜ਼ਰ ਹੋ ਜਾਂਦੀ ਹੈ ਜਿਸ ਦਾ ਇਰਾਦਾ ਨਾਗਰਿਕਾਂ ਨੂੰ ਇਕ ਖ਼ਾਸ ਤਰ੍ਹਾਂ ਦੀ ਚੁੱਪ ਦੇ ਦਾਇਰੇ ਵਿਚ ਰੱਖਣਾ ਹੁੰਦਾ ਹੈ। ਇਸ ਤਰ੍ਹਾਂ ਪ੍ਰਮੁੱਖ ਦਲੀਲ ਇਹ ਹੈ ਕਿ ਸੱਚ ਬੋਲਣਾ ਮਹੱਤਵਪੂਰਨ ਹੈ ਅਤੇ ਸੱਚ ਤਰਕ ’ਤੇ ਆਧਾਰਿਤ ਹੋਣਾ ਚਾਹੀਦਾ ਹੈ। ਇਹ ਦਲੀਲ ਬਹੁਤ ਸਰਲ ਲੱਗਦੀ ਹੈ ਪਰ ਇਸ ’ਤੇ ਅਮਲ ਕਰਨਾ ਕਾਫ਼ੀ ਔਖਾ ਹੈ।
ਸੋਫੀਆ ਰੋਜੈਨਫੈਲਡ ਅਨੁਸਾਰ ਜਮਹੂਰੀਅਤਾਂ ਮਨੁੱਖਤਾ ਦੇ ਵਿਕਾਸ ਵਿਚ ਉਹ ਪੜਾਅ ਹਨ ਜਿੱਥੇ ਸਮਾਜ ਦੇ ਸਮੂਹਿਕ ਗਿਆਨ ਨੂੰ ਕਲਾਵੇ ਵਿਚ ਲੈਣ ਦੀ ਤਾਂਘ ਪੈਦਾ ਹੁੰਦੀ ਹੈ ਜਦੋਂਕਿ ਬਾਦਸ਼ਾਹਤਾਂ ਅਤੇ ਜਾਗੀਰਦਾਰੀ ਦੌਰਾਂ ਵਿਚ ਲੋਕਾਂ ਦੀ ਬਹੁਗਿਣਤੀ ਅਤੇ ਉਨ੍ਹਾਂ ਦੇ ਗਿਆਨ ਨੂੰ ਸੱਤਾ/ਤਾਕਤ ਤੋਂ ਵੀ ਬਾਹਰ ਰੱਖਿਆ ਜਾਂਦਾ ਸੀ ਅਤੇ ਮੁੱਖ ਧਾਰਾ ਵਜੋਂ ਪੇਸ਼ ਕੀਤੀ ਜਾਂਦੀ ਚਿੰਤਨ ਪ੍ਰਣਾਲੀ ਤੋਂ ਵੀ। ਇਸ ਤਰ੍ਹਾਂ ਜਮਹੂਰੀਅਤ ਸੱਚ ਅਤੇ ਖ਼ਾਸ ਕਰਕੇ ਦੱਬੇ-ਕੁਚਲੇ ਲੋਕਾਂ ਦੇ ਸੱਚ ਨੂੰ ਉਜਾਗਰ ਕਰਨ ਦੇ ਅਹਿਮ ਮੌਕੇ ਪ੍ਰਦਾਨ ਕਰਦੀ ਹੈ। ਇਹ ਵੀ ਪ੍ਰਤੱਖ ਹੈ ਕਿ ਸਾਂਝੀਵਾਲਤਾ ਅਤੇ ਸਹਿਣਸ਼ੀਲਤਾ ਨੂੰ ਕਲਾਵੇ ਵਿਚ ਲੈਣ ਵਾਲਾ ਸੱਚ ਹੀ ਮਨੁੱਖਤਾ ਦਾ ਸੱਚ ਹੋ ਸਕਦਾ ਹੈ; ਗ਼ਾਲਬ ਜਮਾਤਾਂ, ਜਾਤਾਂ ਅਤੇ ਵਰਗਾਂ ਦੇ ਸੱਚ ਉਨ੍ਹਾਂ ਦੇ ਸਮਾਜ ’ਤੇ ਗ਼ਲਬਾ ਬਣਾਈ ਰੱਖਣ ਦੇ ਸਾਧਨ ਹੁੰਦੇ ਹਨ, ਸੱਚ ਨਹੀਂ।
ਇਸ ਮੋੜ ’ਤੇ ਇਹ ਸਵਾਲ ਪੈਦਾ ਹੁੰਦੇ ਹਨ ਕਿ ਹੱਕ-ਸੱਚ ਦੀ ਆਵਾਜ਼ ਕਿਵੇਂ ਉਠਾਈ ਜਾਵੇ, ਉਸ ਦਾ ਰੂਪ ਤੇ ਤੇਵਰ ਕਿਹੋ ਜਿਹੇ ਹੋਣ, ਉਪਲਬਧ ਜਮਹੂਰੀ ਸਥਾਨ/ਸਪੇਸ ਦੀ ਸੁਰੱਖਿਆ ਕਿਵੇਂ ਕੀਤੀ ਜਾਵੇ, ਸੱਚ ਨੂੰ ਲੱਭਣ ਦੀ ਸਮੂਹਿਕ ਭਾਵਨਾ ਕਿਵੇਂ ਬਲਵਾਨ ਹੋਵੇ ਤੇ ਕਿਵੇਂ ਬਲਵਾਨ ਹੋਵੇ ਇਹ ਵਿਚਾਰ ਕਿ ਜੇ ਅਸੀਂ ਸੱਚ ਜਾਣਦੇ ਹਾਂ ਤਾਂ ਉਸ ਤੋਂ ਬੇਪਰਵਾਹ ਤੇ ਬੇਗਾਨੇ ਨਾ ਹੋਈਏ, ਉਸ ਨੂੰ ਸਮਾਜ ਨਾਲ ਸਾਂਝਾ ਕਰਨ ਦੀ ਹਿੰਮਤ ਦਿਖਾਈਏ। ਇਹ ਕਾਰਜ ਜੋਖ਼ਮ ਭਰਿਆ ਹੈ ਪਰ ਇਨ੍ਹਾਂ ਸਮਿਆਂ ਵਿਚ ਨਾ ਤਾਂ ਨਾਗਰਿਕ ਇਸ ਤੋਂ ਮੂੰਹ ਮੋੜ ਸਕਦੇ ਹਨ ਅਤੇ ਨਾ ਹੀ ਲੋਕ-ਪੱਖੀ ਦਾਨਿਸ਼ਵਰ। ਇਹ ਭਾਵਨਾ ਤੇ ਹਿੰਮਤ ਸਮਾਜ ਦੇ ਸੱਚ ਨੂੰ ਲੱਭਣ ਦੇ ਸਮੂਹਿਕ ਯਤਨਾਂ ਤੋਂ ਅੰਦੋਲਨਾਂ ’ਚੋਂ ਹੀ ਲੱਭ ਸਕਦੀ ਹੈ। ਇਕੱਲਾ ਮਨੁੱਖ ਕਿਸੇ ਨਿੱਜੀ ਸੱਚ ਤਕ ਤਾਂ ਪਹੁੰਚ ਸਕਦਾ ਹੈ ਪਰ ਸਮਾਜਿਕ ਸੱਚ ਦੀ ਲੱਭਤ ਸਮਾਜ ਦੇ ਸਮੂਹਿਕ ਯਤਨ ਰਾਹੀਂ ਹੀ ਸੰਭਵ ਹੈ। ਇਹ ਯਤਨ ਲੋਕਾਂ ਦੇ ਸੰਗਠਿਤ ਹੋਣ ਤੋਂ ਪੈਦਾ ਹੁੰਦਾ ਹੈ। ਇਨ੍ਹਾਂ ਸਮਿਆਂ ਵਿਚ ਬੁੱਲ੍ਹੇ ਸ਼ਾਹ ਦੇ ਇਹ ਕਥਨ ਯਾਦ ਰੱਖਣ ਯੋਗ ਹਨ, ‘‘ਸੱਚ ਆਖ ਮਨਾ ਕਿਉਂ ਡਰਨਾ ਏਂ/ ਇਸ ਸੱਚ ਪਿੱਛੇ ਤੂੰ ਤਰਨਾ ਏ/ ਸੱਚ ਸਦਾ ਆਬਾਦੀ ਕਰਨਾ ਏਂ/ ਸੱਚ ਵਸਤ ਅਚੰਭਾ ਆਈ ਏ।’’

Advertisement

Advertisement
Author Image

Advertisement
Advertisement
×