ਟਰੰਪ ਦਾ ਵੱਡਾ ਫੈਸਲਾ ਨਾਸਾ ਪ੍ਰਮੁੱਖ ਵਜੋਂ Jared Isaacman ਦਾ ਨਾਮ ਵਾਪਸ ਲਿਆ
ਵਾਸ਼ਿੰਗਟਨ, 1 ਜੂਨ
Trump vs Musk: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨਿੱਚਰਵਾਰ ਦੇਰ ਰਾਤ ਐਲਾਨ ਕੀਤਾ ਕਿ ਉਹ ਨਾਸਾ (NASA) ਦੀ ਅਗਵਾਈ ਕਰਨ ਲਈ ਐਲਨ ਮਸਕ ਦੇ ਸਹਿਯੋਗੀ Jared Isaacman ਦਾ ਨਾਮ ਵਾਪਸ ਲੈ ਰਹੇ ਹਨ। ਟਰੰਪ ਨੇ ਕਿਹਾ ਕਿ ਉਹ ਇਸਾਕਮੈਨ ਦੇ ‘ਪੁਰਾਣੇ ਰਿਸ਼ਤਿਆਂ’ ਦੀ ‘ਡੂੰਘੀ ਸਮੀਖਿਆ’ ਮਗਰੋਂ ਇਸ ਨਤੀਜੇ ’ਤੇ ਪਹੁੰਚੇ ਹਨ। ਹਾਲਾਂਕਿ ਟਰੰਪ ਨੇ ਆਪਣੀ ਗੱਲ ਤਫ਼ਸੀਲ ਵਿਚ ਨਹੀਂ ਸਮਝਾਈ। ਅਮਰੀਕੀ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼ ਤੇ ਦਫ਼ਤਰ ਵ੍ਹਾਈਟ ਹਾਊਸ ਨੇ ਵੀ ਇਸ ਸਬੰਧ ਵਿਚ ਭੇਜੇ ਗਏ ਈਮੇਲ ਦਾ ਕੋਈ ਜਵਾਬ ਨਹੀਂ ਦਿੱਤਾ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਮੰਚ ’ਤੇ ਲਿਖਿਆ, ‘‘ਪੁਰਾਣੇ ਰਿਸ਼ਤਿਆਂ ਦੀ ਡੂੰਘੀ ਸਮੀਖਿਆ ਮਗਰੋਂ ਮੈਂ NASA ਪ੍ਰਮੁੱਖ ਲਈ Jared Isaacman ਦਾ ਨਾਮ ਵਾਪਸ ਲੈ ਰਿਹਾ ਹਾਂ।’’ ਉਨ੍ਹਾਂ ਕਿਹਾ, ‘‘ਮੈਂ ਜਲਦ ਹੀ ਇਕ ਨਵੇਂ ਉਮੀਦਵਾਰ ਦਾ ਐਲਾਨ ਕਰਾਂਗਾ ਜੋ ਮਿਸ਼ਨ ਨਾਲ ਜੁੜਿਆ ਹੋਵੇਗਾ ਤੇ ਪੁਲਾੜ ਵਿਚ ਅਮਰੀਕਾ ਨੂੰ ਅੱਗੇ ਰੱਖੇਗਾ।’’
ਚੇਤੇ ਰਹੇ ਕਿ ਟਰੰਪ ਨੇ ਦਸੰਬਰ ਵਿਚ ਐਲਾਨ ਕੀਤਾ ਸੀ ਕਿ ਉਨ੍ਹਾਂ ਇਸਾਕਮੈਨ ਨੂੰ ਪੁਲਾੜ ਏਜੰਸੀ ਦਾ ਅਗਲਾ ਪ੍ਰਸ਼ਾਸਕ ਚੁਣਿਆ ਹੈ। ਇਸਾਕਮੈਨ (42) ਮਸਕ ਦੇ ਕਰੀਬੀ ਸਹਿਯੋਗੀ ਰਹੇ ਹਨ। ਸੈਨੇਟ ਦੀ ਵਣਜ, ਵਿਗਿਆਨ ਤੇ ਟਰਾਂਪੋਰਟ ਕਮੇਟੀ ਨੇ ਅਪਰੈਲ ਦੇ ਅਖੀਰ ਵਿਚ ਇਸਾਕਮੈਨ ਦੀ ਨਾਮਜ਼ਦਗੀ ਨੂੰ ਮਨਜ਼ੂਰੀ ਦਿੱਤੀ ਸੀ ਤੇ ਉਨ੍ਹਾਂ ਦੇ ਨਾਂ ਦੀ ਪੁਸ਼ਟੀ ਲਈ ਸੈਨੇਟ ਵਿਚ ਜਲਦੀ ਵੋਟਿੰਗ ਹੋਣ ਦੀ ਉਮੀਦ ਸੀ। ਮਸਕ ਨੇ ਸ਼ਨਿੱਚਰਵਾਰ ਨੂੰ ਇਹ ਖ਼ਬਰ ਆਉਣ ਮਗਰੋਂ ਟਰੰਪ ਦੇ ਫੈਸਲੇ ’ਤੇ ਅਫਸੋਸ ਜਤਾਇਆ ਤੇ ਇਕ ਪੋਸਟ ਵਿਚ ਲਿਖਿਆ ਕਿ ‘ਇੰਨਾ ਸਮਰੱਥ ਅਤੇ ਨੇਕ ਦਿਲ ਵਿਅਕਤੀ ਮਿਲਣਾ ਬਹੁਤ ਮੁਸ਼ਕਲ ਹੈ।’’ -ਏਪੀ