ਟਰੰਪ ਨੇ ਐਰੀਜ਼ੋਨਾ ਜਿੱਤਿਆ, ਹੈਰਿਸ ਨੂੰ ਸੱਤ ਅਹਿਮ ਸੂਬਿਆਂ ’ਚ ਹਰਾਇਆ
ਵਾਸ਼ਿੰਗਟਨ, 10 ਨਵੰਬਰ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਰੀਜ਼ੋਨਾ ਦੀ ਚੋਣ ਜਿੱਤ ਲਈ ਹੈ। ਇਸ ਜਿੱਤ ਨਾਲ ਟਰੰਪ ਨੇ ਆਪਣੀ ਵਿਰੋਧੀ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਸਾਰੇ ਸੱਤ ਅਹਿਮ ਰਾਜਾਂ ਜਿਨ੍ਹਾਂ ਨੂੰ ਸਵਿੰਗ ਸਟੇਟਸ ਮੰਨਿਆ ਜਾਂਦਾ ਹੈ, ਵਿੱਚ ਸ਼ਿਕਸਤ ਦਿੱਤੀ ਹੈ। ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਦੀ ਜਿੱਤ ਹਾਰ ਵਿੱਚ ਇਨ੍ਹਾਂ ਸਵਿੰਗ ਸਟੇਟਸ ਦੀ ਹਮੇਸ਼ਾ ਫੈਸਲਾਕੁਨ ਭੂਮਿਕਾ ਰਹੀ ਹੈ। ਇਹ ਸੱਤ ਰਾਜ ਐਰੀਜ਼ੋਨਾ, ਵਿਸਕੌਨਸਿਨ, ਮਿਸ਼ੀਗਨ, ਪੈਨਸਿਲਵੇਨੀਆ, ਨੌਰਥ ਕੈਰੋਲੀਨਾ ਤੇ ਜੌਰਜੀਆ ਹਨ। ਐਰੀਜ਼ੋਨਾ ਵਿੱਚ ਜਿੱਤ ਨਾਲ ਟਰੰਪ ਦੀਆਂ ਇਲੈਕਟੋਰਲ ਕਾਲਜ ਵੋਟਾਂ ਦੀ ਗਿਣਤੀ 312 ਨੂੰ ਪਹੁੰਚ ਗਈ ਹੈ ਜਦੋਂਕਿ ਉਪ ਰਾਸ਼ਟਰਪਤੀ ਹੈਰਿਸ ਨੂੰ 226 ਇਲੈਕਟੋਰਲ ਵੋਟ ਮਿਲੇ ਹਨ। ਐਰੀਜ਼ੋਨਾ ਦੇ ਕੁੱਲ 11 ਇਲੈਕਟੋਰਲ ਵੋਟ ਹਨ।
ਰਾਸ਼ਟਰਪਤੀ ਚੋਣਾਂ ਵਿੱਚ ਮਿਲੀ ਜਿੱਤ ਨਾਲ ਰਿਪਬਲਿਕਨ ਪਾਰਟੀ ਨੇ ਚਾਰ ਸਾਲਾਂ ਦੇ ਵਕਫ਼ੇ ਮਗਰੋਂ ਮੁੜ ਸੈਨੇਟ ਦਾ ਕੰਟਰੋਲ ਹਾਸਲ ਕਰ ਲਿਆ ਹੈ ਤੇ ਪ੍ਰਤੀਨਿਧ ਸਦਨ ਵਿਚ ਬਹੁਮਤ ਹਾਸਲ ਕਰਨ ਦੀ ਤਿਆਰੀ ਖਿੱਚ ਲਈ ਹੈ। ਮੌਜੂਦਾ ਸਮੇਂ ਪਾਰਟੀ ਕੋਲ ਸੈਨੇਟ ਵਿੱਚ 52 ਸੀਟਾਂ ਹਨ ਜਦੋਂਕਿ ਡੈਮੋਕਰੈਟਸ ਕੋਲ 47 ਸੀਟਾਂ ਹਨ। ਸਦਨ ਵਿੱਚ ਰਿਪਬਲਿਕਨਾਂ ਨੇ ਡੈਮੋਕਰੈਟਸ ਦੀਆਂ 209 ਸੀਟਾਂ ਦੇ ਮੁਕਾਬਲੇ ਹੁਣ ਤੱਕ 216 ਸੀਟਾਂ ਜਿੱਤ ਲਈਆਂ ਹਨ। ਬਹੁਮਤ ਦਾ ਜਾਦੂਈ ਅੰਕੜਾ 218 ਹੈ। ਰਿਪਬਲਿਕਨਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਬਹੁਮਤ ਹਾਸਲ ਕਰ ਲੈਣਗੇ। ਰਾਸ਼ਟਰਪਤੀ ਜੋਅ ਬਾਇਡਨ 2020 ਵਿੱਚ ਪਹਿਲੇ ਡੈਮੋਕਰੈਟ ਸਨ, ਜਿਨ੍ਹਾਂ ਐਰੀਜ਼ੋਨਾ ਜਿੱਤਿਆ ਸੀ। ਇਸ ਤੋਂ ਪਹਿਲਾਂ 1996 ਵਿੱਚ ਬਿਲ ਕਲਿੰਟਨ ਨੇ ਅਜਿਹਾ ਕੀਤਾ ਸੀ। ਟਰੰਪ ਨੇ ਹੁਣ ਐਰੀਜ਼ੋਨਾ ਮੁੜ ਹਾਸਲ ਕਰ ਲਿਆ ਹੈ। ਟਰੰਪ ਨੇ ਚੋਣ ਪ੍ਰਚਾਰ ਦੌਰਾਨ ਸੀਮਾ ਸੁਰੱਖਿਆ, ਇੰਮੀਗ੍ਰੇਸ਼ਨ ਅਤੇ ਗ਼ੈਰਕਾਨੂੰਨੀ ਸ਼ਰਨਾਰਥੀਆਂ ਵੱਲੋਂ ਕੀਤੇ ਗਏ ਅਪਰਾਧਾਂ ਦੇ ਮੁੱਦੇ ਉਭਾਰੇ ਸਨ। ਉਨ੍ਹਾਂ ਨੇ ਗ਼ੈਰਕਾਨੂੰਨੀ ਸ਼ਰਨਾਰਥੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਣ ਤੇ ਮਿਲਟਰੀ ਬਜਟ ਦਾ ਕੁਝ ਹਿੱਸਾ ਬਾਰਡਰ ਫੰਡਿੰਗ ਲਈ ਵਰਤਣ ਦਾ ਅਹਿਦ ਕੀਤਾ ਸੀ। -ਪੀਟੀਆਈ
ਟਰੰਪ ਨੇ ਮਾਈਕ ਪੌਂਪੀਓ ਅਤੇ ਨਿੱਕੀ ਹੇਲੀ ਨੂੰ ਕੈਬਨਿਟ ’ਚ ਸ਼ਾਮਲ ਕਰਨ ਤੋਂ ਕੀਤੀ ਨਾਂਹ
ਵਾਸ਼ਿੰਗਟਨ: ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਪਿਛਲੀ ਵਜ਼ਾਰਤ ’ਚ ਸ਼ਾਮਲ ਮਾਈਕ ਪੌਂਪੀਓ ਅਤੇ ਨਿੱਕੀ ਹੇਲੀ ਨੂੰ ਐਤਕੀਂ ਨਵੇਂ ਪ੍ਰਸ਼ਾਸਨ ’ਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਟਰੰਪ ਨੇ ‘ਟਰੁੱਥ ਸੋਸ਼ਲ’ ’ਤੇ ਇਕ ਪੋਸਟ ’ਚ ਕਿਹਾ, ‘‘ਮੈਂ ਸਾਬਕਾ ਸਫ਼ੀਰ ਨਿੱਕੀ ਹੇਲੀ ਜਾਂ ਸਾਬਕਾ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੂੰ ਟਰੰਪ ਪ੍ਰਸ਼ਾਸਨ ’ਚ ਸ਼ਾਮਲ ਹੋਣ ਦਾ ਸੱਦਾ ਨਹੀਂ ਦੇਣ ਜਾ ਰਿਹਾ ਹੈ ਜਿਸ ਦੇ ਗਠਨ ਲਈ ਕਵਾਇਦ ਚੱਲ ਰਹੀ ਹੈ।’’ ਉਂਜ ਸੋਸ਼ਲ ਮੀਡੀਆ ਪੋਸਟ ’ਚ ਟਰੰਪ ਨੇ ਦੋਵੇਂ ਆਗੂਆਂ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਪੌਂਪੀਓ ਸੀਆਈਏ ਦੇ ਡਾਇਰੈਕਟਰ ਰਹੇ ਸਨ ਅਤੇ ਟਰੰਪ ਦੇ ਪਿਛਲੇ ਕਾਰਜਕਾਲ ਦੌਰਾਨ ਉਨ੍ਹਾਂ ਵਿਦੇਸ਼ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ ਸਨ ਜਦਕਿ ਨਿੱਕੀ ਹੇਲੀ ਟਰੰਪ ਦੇ ਕਾਰਜਕਾਲ ਦੇ ਪਹਿਲੇ ਦੋ ਸਾਲਾਂ ’ਚ ਸੰਯੁਕਤ ਰਾਸ਼ਟਰ ’ਚ ਸਫ਼ੀਰ ਰਹੀ ਸੀ। ਬਾਅਦ ’ਚ ਕੈਬਨਿਟ ਰੈਂਕ ਦੇ ਦੋਵੇਂ ਆਗੂਆਂ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਟਰੰਪ ਨੂੰ ਚੁਣੌਤੀ ਦਿੱਤੀ ਸੀ। -ਪੀਟੀਆਈ