ਚੋਣਾਂ ਤੱਕ ਉੱਤਰੀ ਕੈਰੋਲੀਨਾ ਵਿਚ ਪੂਰਾ ਟਿੱਲ ਲਾਉਣਗੇ ਟਰੰਪ
ਗੈਸਟੋਨੀਆ(ਯੂਐੱਸ): ਡੋਨਲਡ ਟਰੰਪ ਮੰਗਲਵਾਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਉੱਤਰੀ ਕੈਰੋਲੀਨਾ ਵਿਚ ਪੂਰਾ ਟਿੱਲ ਲਾਉਣਗੇ। ਟਰੰਪ ਵੱਖ ਵੱਖ ਰੈਲੀਆਂ ਕਰਕੇ ਆਪਣੇ ਹਮਾਇਤੀਆਂ ਨੂੰ ਸੰਬੋਧਨ ਕਰਨਗੇ। ਟਰੰਪ ਨੇ 2016 ਤੇ 2020 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਇਸ ਸੂਬੇ ਵਿਚ ਜਿੱਤ ਦਰਜ ਕੀਤੀ ਸੀ। ਟਰੰਪ ਨੇ ਐਤਕੀਂ ਚੋਣ ਪ੍ਰਚਾਰ ਦੌਰਾਨ ਦੋ ਡੈਮੋਕਰੈਟਿਕ ਰਾਜਾਂ ਨਿਊ ਮੈਕਸਿਕੋ ਤੇ ਵਰਜੀਨੀਆ ਵਿਚ ਵੀ ਰੈਲੀਆਂ ਕਰਕੇ ਆਪਣੇ ਅਧਾਰ ਦਾ ਘੇਰਾ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਟਰੰਪ ਨੇ ਹਾਲਾਂਕਿ ਉੱਤਰੀ ਕੈਰੋਲੀਨਾ ਨੂੰ ਵੱਧ ਸਮਾਂ ਦਿੱਤਾ ਹੈ। ਇਸ ਤੋਂ ਪਹਿਲਾਂ 2008 ਵਿਚ ਇਸ ਸੂਬੇ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੈਟ ਉਮੀਦਵਾਰ ਦੀ ਹਮਾਇਤ ਕੀਤੀ ਸੀ। ਦੱਸ ਦੇਈਏ ਕਿ ਟਰੰਪ ਜੇ ਉੱਤਰੀ ਕੈਰੋਲੀਨਾ ਤੋਂ ਹਾਰ ਜਾਂਦੇ ਹਨ ਤਾਂ ਉਨ੍ਹਾਂ ਲਈ ਵ੍ਹਾਈਟ ਹਾਊਸ ਪੁੱਜਣ ਲਈ ਲੋੜੀਂਦੀਆਂ 270 ਇਲੈਕਟੋਰਲ ਵੋਟਾਂ ਹਾਸਲ ਕਰਨ ਦਾ ਰਾਹ ਮੁਸ਼ਕਲ ਹੋ ਜਾਵੇਗਾ। ਟਰੰਪ ਨੇ ਸ਼ਨਿਚਰਵਾਰ ਨੂੰ ਗੈਸਟੋਨੀਆ, ਵੈਸਟ ਆਫ਼ ਸ਼ਾਰਲੋਟ ਤੇ ਗ੍ਰੀਨਸਬੋਰੋ ਵਿਚ ਵੀ ਚੋਣ ਪ੍ਰਚਾਰ ਕੀਤਾ। -ਏਪੀ