For the best experience, open
https://m.punjabitribuneonline.com
on your mobile browser.
Advertisement

ਟਰੰਪ ਵੱਲੋਂ ਬ੍ਰਿਕਸ ਦੇਸ਼ਾਂ ਨੂੰ ਡਾਲਰ ਦੀ ਥਾਂ ਹੋਰ ਮੁਦਰਾ ਵਰਤਣ ਖ਼ਿਲਾਫ਼ ਚਿਤਾਵਨੀ

06:26 AM Feb 01, 2025 IST
ਟਰੰਪ ਵੱਲੋਂ ਬ੍ਰਿਕਸ ਦੇਸ਼ਾਂ ਨੂੰ ਡਾਲਰ ਦੀ ਥਾਂ ਹੋਰ ਮੁਦਰਾ ਵਰਤਣ ਖ਼ਿਲਾਫ਼ ਚਿਤਾਵਨੀ
Advertisement

ਵਾਸ਼ਿੰਗਟਨ, 31 ਜਨਵਰੀ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁੜ ਚਿਤਾਵਨੀ ਦਿੱਤੀ ਹੈ ਕਿ ਜੇ ਬ੍ਰਿਕਸ ਦੇਸ਼ ਕੌਮਾਂਤਰੀ ਵਪਾਰ ਵਿੱਚ ਅਮਰੀਕੀ ਡਾਲਰ ਦੀ ਬਜਾਏ ਕਿਸੇ ਹੋਰ ਮੁਦਰਾ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਉਹ ਉਨ੍ਹਾਂ ’ਤੇ 100 ਫ਼ੀਸਦ ਟੈਕਸ ਲਾ ਦੇਣਗੇ। ਟਰੰਪ ਨੇ ਕਿਹਾ ਕਿ ਬ੍ਰਿਕਸ ਦੇਸ਼ ‘ਕੋਈ ਹੋਰ ਮੂਰਖ ਦੇਸ਼’ ਲੱਭ ਲੈਣ।
ਅਮਰੀਕੀ ਰਾਸ਼ਟਰਪਤੀ ਨੇ ਅੱਜ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁੱਥ ਸੋਸ਼ਲ’ ’ਤੇ ਕਿਹਾ, ‘ਬ੍ਰਿਕਸ ਦੇਸ਼ ਡਾਲਰ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰਨ ਅਤੇ ਅਸੀਂ ਖੜ੍ਹੇ ਹੋ ਕੇ ਬਸ ਦੇਖਦੇ ਰਹੀਏ, ਇਸ ਤਰ੍ਹਾਂ ਦੇ ਵਿਚਾਰਾਂ ਵਾਲੇ ਦਿਨ ਖ਼ਤਮ ਹੋ ਚੁੱਕੇ ਹਨ।’ ਉਨ੍ਹਾਂ ਕਿਹਾ ਕਿ ਉਹ ਬ੍ਰਿਕਸ ਦੇਸ਼ਾਂ ਤੋਂ ਇਹ ਵਚਨਬੱਧਤਾ ਚਾਹੁੰਦੇ ਹਨ ਕਿ ਨਾ ਤਾਂ ਉਹ ਨਵੀਂ ਬ੍ਰਿਕਸ ਮੁਦਰਾ ਬਣਾਉਣਗੇ ਅਤੇ ਨਾ ਹੀ ਅਮਰੀਕੀ ਡਾਲਰ ਤੋਂ ਇਲਾਵਾ ਕਿਸੇ ਹੋਰ ਮੁਦਰਾ ਦਾ ਸਮਰਥਨ ਕਰਨਗੇ।
ਉਨ੍ਹਾਂ ਧਮਕੀ ਦਿੰਦਿਆਂ ਕਿਹਾ, ‘ਉਹ (ਬ੍ਰਿਕਸ ਦੇਸ਼) ਕੋਈ ਦੂਜਾ ਮੂਰਖ ਦੇਸ਼ ਲੱਭ ਸਕਦੇ ਹਨ। ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਬ੍ਰਿਕਸ ਕੌਮਾਂਤਰੀ ਵਪਾਰ ਜਾਂ ਹੋਰ ਕਿਤੇ ਅਮਰੀਕੀ ਡਾਲਰ ਦੀ ਥਾਂ ਲੈ ਲਵੇਗਾ। ਹਾਲਾਂਕਿ ਜਿਹੜਾ ਵੀ ਦੇਸ਼ ਅਜਿਹਾ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਟੈਕਸਾਂ ਦਾ ਸਵਾਗਤ ਅਤੇ ਅਮਰੀਕਾ ਨੂੰ ਅਲਵਿਦਾ ਕਹਿਣਾ ਪਵੇਗਾ।’ ਟਰੰਪ ਨੇ ਬ੍ਰਿਕਸ ਮੈਂਬਰ ਦੇਸ਼ਾਂ ਵੱਲੋਂ ਆਪਣੀ ਮੁਦਰਾ ਜਾਰੀ ਕਰਨ ਦੇ ਕਿਸੇ ਵੀ ਕਦਮ ਦੀ ਵਾਰ-ਵਾਰ ਨਿਖੇਧੀ ਕੀਤੀ ਹੈ ਅਤੇ ਇਹ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਸਖ਼ਤ ਵਿਰੋਧ ਹੈ। ਦਸੰਬਰ ਵਿੱਚ ਵੀ ਟਰੰਪ ਨੇ ਬ੍ਰਿਕਸ ਦੇਸ਼ਾਂ ਨੂੰ ਅਜਿਹੇ ਕਦਮ ਖ਼ਿਲਾਫ਼ ਚਿਤਾਵਨੀ ਦਿੱਤੀ ਸੀ। -ਪੀਟੀਆਈ

Advertisement

ਰੂਸ ਤੇ ਚੀਨ ਅਮਰੀਕੀ ਡਾਲਰ ਦਾ ਬਦਲ ਲੱਭਣ ਦੀ ਕੋਸ਼ਿਸ਼ ’ਚ

ਬ੍ਰਿਕਸ ਦਸ ਦੇਸ਼ਾਂ ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ, ਮਿਸਰ, ਇਥੋਪੀਆ, ਇੰਡੋਨੇਸ਼ੀਆ, ਇਰਾਨ ਅਤੇ ਸੰਯੁਕਤ ਅਰਬ ਅਮੀਰਾਤ ਦਾ ਅੰਤਰ-ਸਰਕਾਰੀ ਸੰਗਠਨ ਹੈ। 2009 ਵਿੱਚ ਬਣਿਆ ਬ੍ਰਿਕਸ ਇੱਕੋ ਇੱਕ ਵੱਡਾ ਕੌਮਾਂਤਰੀ ਗਰੁੱਪ ਹੈ, ਜਿਸ ਦਾ ਅਮਰੀਕਾ ਹਿੱਸਾ ਨਹੀਂ ਹੈ। ਹਾਲ ਹੀ ਦੇ ਸਾਲਾਂ ਵਿੱਚ ਇਸ ਦੇ ਕੁਝ ਮੈਂਬਰ ਦੇਸ਼, ਖਾਸ ਕਰਕੇ ਰੂਸ ਅਤੇ ਚੀਨ ਅਮਰੀਕੀ ਡਾਲਰ ਦਾ ਬਦਲ ਜਾਂ ਬ੍ਰਿਕਸ ਮੁਦਰਾ ਬਣਾਉਣ ਦੀ ਮੰਗ ਕਰ ਰਹੇ ਹਨ। ਬ੍ਰਿਕਸ ਦੇ ਅਹਿਮ ਥੰਮ੍ਹ ਭਾਰਤ ਨੇ ਕਿਹਾ ਹੈ ਕਿ ਉਹ ‘ਡੀ-ਡਾਲਰਾਈਜ਼ੇਸ਼ਨ’ (ਵਿਸ਼ਵ ਵਪਾਰ ਅਤੇ ਵਿੱਤੀ ਲੈਣ-ਦੇਣ ਵਿੱਚ ਡਾਲਰ ਦੀ ਵਰਤੋਂ ਵਿੱਚ ਕਮੀ) ਦੇ ਖ਼ਿਲਾਫ਼ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦਸੰਬਰ ਵਿੱਚ ਕਿਹਾ ਸੀ ਕਿ ਭਾਰਤ ਕਦੇ ਵੀ ‘ਡੀ-ਡਾਲਰਾਈਜ਼ੇਸ਼ਨ’ ਦੇ ਹੱਕ ਵਿੱਚ ਨਹੀਂ ਰਿਹਾ ਅਤੇ ਬ੍ਰਿਕਸ ਮੁਦਰਾ ਬਣਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ।

Advertisement

Advertisement
Author Image

sukhwinder singh

View all posts

Advertisement