ਟਰੰਪ ਨੇ ‘ਦੁਖਾਂਤਾਂ ਨੂੰ ਸਿਆਸੀ ਹਥਿਆਰਾਂ ’ਚ ਤਬਦੀਲ ਕੀਤਾ: ਹੈਰਿਸ
ਵਾਸ਼ਿੰਗਟਨ, 20 ਅਗਸਤ
ਕੈਲੀਫੋਰਨੀਆ ਤੋਂ ਸੈਨੇਟਰ ਕਮਲਾ ਹੈਰਿਸ(55) ਨੇ ਡੈਮੋਕਰੈਟਿਕ ਪਾਰਟੀ ਦੀ ਕੌਮੀ ਕਨਵੈਨਸ਼ਨ ਦੌਰਾਨ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀ ਸਵੀਕਾਰ ਕਰਕੇ ਇਤਿਹਾਸ ਸਿਰਜ ਦਿੱਤਾ ਹੈ। ਉਹ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ-ਅਮਰੀਕੀ ਤੇ ਪਹਿਲੀ ਸਿਆਹਫਾਮ ਔਰਤ ਬਣ ਗਈ ਹੈ। ਹੈਰਿਸ ਨੇ ਆਪਣੇ ਸੰਬੋਧਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ‘ਅਗਵਾਈ ਦੇਣ ਵਿੱਚ ਨਾਕਾਮੀ ਲਈ’ ਰੱਜ ਕੇ ਭੰਡਿਆ।
ਹੈਰਿਸ ਨੇ ਕਿਹਾ ਕਿ ਟਰੰਪ ਨੇ ‘ਦੁਖਾਂਤਾਂ ਨੂੰ ਸਿਆਸੀ ਹਥਿਆਰਾਂ ਵਿੱਚ ਤਬਦੀਲ’ ਕਰ ਛੱਡਿਆ ਹੈ। ਹੈਰਿਸ ਨੇ ਕਰੋਨਾਵਾਇਰਸ ਮਹਾਮਾਰੀ ਦੌਰਾਨ ਅਮਰੀਕੀ ਲੋਕਾਂ ਦੀਆਂ ਗਈਆਂ ਜਾਨਾਂ ਤੇ ਰੁਜ਼ਗਾਰ ਖੁੱਸਣ ਲਈ ਰਿਪਬਲਿਕਨ ਆਗੂ ਸਿਰ ਦੋਸ਼ ਮੜਿਆ। ਹੈਰਿਸ ਨੇ ਸਾਫ਼ ਕਰ ਦਿੱਤਾ ਕਿ ਏਸ਼ੀਅਨ-ਅਮਰੀਕੀਆਂ ਦੀ ਨਵੰਬਰ ’ਚ ਹੋਣ ਵਾਲੀਆਂ ਚੋਣਾਂ ਵਿੱਚ ਅਹਿਮ ਭੂਮਿਕਾ ਹੋਵੇਗੀ। ਉਧਰ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਚੇਤਾਵਨੀ ਦਿੱਤੀ ਕਿ ਟਰੰਪ ਦੀ ਮੁੜ ਚੋਣ ਨਾਲ ‘ਹਾਲਾਤ ਹੋਰ ਬਦਤਰ’ ਹੋ ਜਾਣਗੇ। ਹੈਰਿਸ ਨੇ ਨਾਮਜ਼ਦਗੀ ਸਵੀਕਾਰ ਕਰਨ ਮੌਕੇ ਦਿੱਤੀ ਤਕਰੀਰ ਵਿੱਚ ਉਨ੍ਹਾਂ ਤੋਂ ਪਹਿਲਾਂ ਆਈਆਂ ਸਿਆਹਫਾਮ ਔਰਤਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਹ ਦੇਸ਼ ਲਈ ਇਹ ਲੜਾਈ ਲੜਨ ਦਾ ਸੰਕਲਪ ਕਰਦੀ ਹੈ। ਹੈਰਿਸ ਨੇ ਕਿਹਾ ਕਿ ਰਿਪਬਲਿਕਨ ਆਗੂ ਨੇ ‘ਸਾਡੇ ਦੁਖਾਂਤਾਂ ਨੂੰ ਸਿਆਸੀ ਹਥਿਆਰਾਂ ਵਿੱਚ ਤਬਦੀਲ ਕਰ ਛੱਡਿਆ ਹੈ।’ ਉਨ੍ਹਾਂ ਕਿਹਾ, ‘ਸਾਨੂੰ ਇਕ ਅਜਿਹਾ ਰਾਸ਼ਟਰਪਤੀ ਚੁਣਨ ਦੀ ਲੋੜ ਹੈ, ਜੋ ਕੁਝ ਵੱਖਰਾ ਤੇ ਕੁਝ ਚੰਗਾ ਲੈ ਕੇ ਆਏ ਅਤੇ ਜੋ ਅਹਿਮ ਕੰਮ ਕਰੇ। ਇਕ ਰਾਸ਼ਟਰਪਤੀ ਜੋ ਸਿਆਹਫਾਮਾਂ, ਸ਼ਵੇਤਾਂ, ਲਾਤੀਨੀਆਂ, ਏਸ਼ੀਅਨਾਂ ਤੇ ਮੁਕਾਮੀ ਲੋਕਾਂ ਨੂੰ ਇਕੱਠਿਆਂ ਕਰੇ ਤਾਂ ਕਿ ਅਸੀਂ ਸ਼ਾਨਦਾਰ ਭਵਿੱਖ ਹਾਸਲ ਕਰ ਸਕੀਏ।’
ਹੈਰਿਸ ਨੇ ਜੋਅ ਬਿਡੇਨ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਹੈਰਿਸ ਨੇ ਇਸ ਮੌਕੇ ਤਾਮਿਲ ਨਾਡੂ ਨਾਲ ਸਬੰਧਤ ਆਪਣੀ ਮਾਂ ਨੂੰ ਵੀ ਯਾਦ ਕੀਤਾ। ਹੈਰਿਸ ਨੇ ਕਿਹਾ, ‘ਮੇਰੀ ਮਾਂ ਨੇ ਸਾਡੀ ਦੋਵਾਂ ਭੈਣਾਂ ਦੀ ਇਹ ਕਹਿ ਕੇ ਪਰਵਰਿਸ਼ ਕੀਤੀ ਕਿ ‘ਮਜ਼ਬੂਤ ਸਿਆਹਫਾਮ ਔਰਤ ਹੋਣਾ ਮਾਣ ਦੀ ਗੱਲ ਹੈ। ਮਾਂ ਨੇ ਸਾਨੂੰ ਸਿਖਾਇਆ ਕਿ ਤੁਸੀਂ ਜਿਸ ਪਰਿਵਾਰ ਵਿੱਚ ਜੰਮੇ ਹੋ ਤੇ ਜਿਸ ਪਰਿਵਾਰ ਨੂੰ ਤੁਸੀਂ ਚੁਣਿਆ ਹੈ, ਊਸ ਨੂੰ ਹਮੇਸ਼ਾ ਪਹਿਲਾਂ ਰੱਖਣਾ ਹੈ।’
-ਪੀਟੀਆਈ