ਟਰੰਪ ਨੇ ਟੈਸਟ ਕਰਵਾਇਆ - ਜਵਾਬ ਦਰੁਸਤ ਹੈ ਜੀ
ਵਿਅਕਤੀ, ਔਰਤ, ਆਦਮੀ, ਕੈਮਰਾ, ਟੀਵੀ।
100 ਤੋਂ ਵੀ ਘੱਟ ਦਨਿ ਬਚੇ ਹਨ ਜਦੋਂ ਅਮਰੀਕਾ ਦੇ ਲੋਕਾਂ ਨੇ ਆਪਣਾ ਨਵਾਂ ਰਾਸ਼ਟਰਪਤੀ ਚੁਣਨਾ ਹੈ। ਪੁਰਾਣੇ ਵਾਲਾ ਇਸ ਫ਼ਿਰਾਕ ਵਿੱਚ ਹੈ ਕਿ ਉਹ ਹੀ ਨਵਾਂ ਬਣ ਜਾਵੇ, ਇਸ ਲਈ ਉਸ ਨੇ ਆਪਣੇ ਆਪ ਨੂੰ ਯੋਗ ਸਾਬਤ ਕਰਨ ਲਈ ਆਪਣਾ ਟੈਸਟ ਕਰਵਾਇਆ ਹੈ।
ਵੈਸੇ ਇਸ ਵੇਲੇ ਕੁੱਲ ਜਹਾਨ ਵਿੱਚ ਫੈਲੀ ਵਬਾ ਦੇ ਮੱਦੇਨਜ਼ਰ ਹਰ ਰੋਜ਼ ਲੱਖਾਂ ਲੋਕ ਟੈਸਟ ਕਰਵਾ ਰਹੇ ਹਨ ਪਰ ਡੋਨਲਡ ਟਰੰਪ ਇੱਕ ਵੱਖਰੇ ਟੈਸਟ ਦੀ ਗੱਲ ਕਰ ਰਿਹਾ ਸੀ। ਅਮਰੀਕਾ ਦੇ ਇੱਕ ਪ੍ਰਮੁੱਖ ਟੀਵੀ ਚੈਨਲ ਨੂੰ ਬੀਤੇ ਹਫ਼ਤੇ ਟਰੰਪ ਨੇ ਦੱਸਿਆ ਕਿ ਹੁਣੇ ਹੁਣੇ ਮਾਹਿਰਾਂ ਨੇ ਉਹਦਾ ਦਿਮਾਗੀ ਕਮਜ਼ੋਰੀ ਦੀ ਟੋਹ ਲੈਣ ਵਾਲਾ ਟੈਸਟ ਕੀਤਾ ਹੈ। “ਛੇਤੀ ਕੀਤੇ ਐਸੇ ਟੈਸਟ ਵਿੱਚ ਕੋਈ ਏਨੀ ਵਧੀਆ ਕਾਰਗੁਜ਼ਾਰੀ ਨਹੀਂ ਦਿਖਾ ਸਕਦਾ। ਇਹ ਕੋਈ ਆਸਾਨ ਟੈਸਟ ਨਹੀਂ, ਪਰ ਮੇਰੇ ਲਈ ਤਾਂ ਇਹ ਬੜਾ ਆਸਾਨ ਸੀ,” ਬੀਤੇ ਹਫ਼ਤੇ ਡੋਨਲਡ ਟਰੰਪ ਨੇ ਆਪਣੇ ਹਾਲੀਆ ਹੋਏ ਟੈਸਟ ਦਾ ਤਜਰਬਾ ਸਾਂਝਾ ਕਰਦਿਆਂ ਦੱਸਿਆ।
ਉਸ ਆਪ ਦੱਸਿਆ ਕਿ ਇਸ ਟੈਸਟ ਵਿੱਚ ਉਸ ਤੋਂ ਕੀ ਪੁੱਛਿਆ ਗਿਆ। “ਉਹ ਤੁਹਾਨੂੰ ਪੰਜ ਸ਼ੈਆਂ ਦੀ ਪਛਾਣ ਕਰਨ ਨੂੰ ਕਹਿੰਦੇ ਹਨ। ਇਹ ਤਾਂ ਕਈ ਲੋਕ ਕਰ ਲੈਂਦੇ ਹਨ, ਪਰ ਜੇ ਤੁਸੀਂ ਉਨ੍ਹਾਂ ਦੇ ਨਾਓਂ ਅਗਾਂਹ-ਪਿਛਾਂਹ ਕਰ ਬੈਠੇ ਤਾਂ ਵੀ ਚਲੋ ਚਲਦਾ ਹੈ, ਭਾਵੇਂ ਇਹ ਕੋਈ ਚੰਗੀ ਗੱਲ ਨਹੀਂ। ਫਿਰ 20-25 ਮਿੰਟ ਬਾਅਦ ਉਹ ਦੁਬਾਰਾ ਤੁਹਾਨੂੰ ਉਨ੍ਹਾਂ ਹੀ ਪੰਜ ਸ਼ੈਆਂ ਬਾਰੇ ਮੁੜ ਪੁੱਛ ਲੈਂਦੇ ਹਨ। ਮੈਨੂੰ ਵੀ ਉਨ੍ਹਾਂ ਪੁੱਛਿਆ। ਮੈਂ ਠਾਹ ਜਵਾਬ ਦਿੱਤਾ: ਵਿਅਕਤੀ, ਔਰਤ, ਆਦਮੀ, ਕੈਮਰਾ, ਟੀਵੀ।”
ਰਾਸ਼ਟਰਪਤੀ ਅਤੇ ਉਹ, ਜਨਿ੍ਹਾਂ ਨੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਜਾਂ ਮੰਤਰੀ ਬਣਨਾ ਹੁੰਦਾ ਹੈ, ਅਕਸਰ ਆਪਣੀਆਂ ਯੋਗਤਾਵਾਂ ਦਾ ਵਖਿਆਣ ਕਰਦੇ ਹਨ। ਕਈ ਆਪਣੇ ਤਜਰਬੇ ਦਾ ਮੁਜ਼ਾਹਰਾ ਕਰਦੇ ਹਨ। ਕੁਝ ਆਪਣੇ ਫ਼ਰਜ਼ੀ ਮਹਾਨ ਬਚਪਨ ਬਾਰੇ ਕੋਈ ਕਿਤਾਬਚਾ ਛਪਵਾਉਂਦੇ ਹਨ। ਕੁਝ ਤਾਂ ਐਧਰੋਂ-ਉਧਰੋਂ ਕਿਸੇ ਸੱਚੀ ਝੂਠੀ ਡਿਗਰੀ ਦਾ ਵੀ ਪ੍ਰਬੰਧ ਕਰਦੇ ਹਨ। ਭਾਰਤ ਵਿੱਚ ਸਾਡੇ ਕੋਲ ਇਹ ਸਾਰੀਆਂ ਕਿਸਮਾਂ ਮੌਜੂਦ ਹਨ।
ਪਰ ਇਹ ਪਹਿਲੀ ਵਾਰ ਹੈ ਕਿ ਕੋਈ ਰਾਸ਼ਟਰਪਤੀ ਦਿਮਾਗ਼ੀ ਕਮਜ਼ੋਰੀ ਲਈ ਕਰਵਾਏ ਕਿਸੇ ਟੈਸਟ ਵਿੱਚੋਂ 30 ਵਿਚੋਂ 30 ਨੰਬਰ ਲੈ ਕੇ ਇਹਨੂੰ ਇੱਕ ਪ੍ਰਵਾਨਤ ਗੌਰਵਮਈ ਯੋਗਤਾ ਦੇ ਤੌਰ ’ਤੇ ਟੀਵੀ ਉੱਤੇ ਪ੍ਰਚਾਰ ਪ੍ਰਸਾਰ ਰਿਹਾ ਹੈ।
ਜਿਸ ਵੇਲੇ ਦੁਨੀਆਂ ਆਪਣਾ ਭਵਿੱਖ ਨੌਜਵਾਨੀ ਵਿੱਚੋਂ ਤਲਾਸ਼ ਰਹੀ ਹੈ, ਅਮਰੀਕਾ ਵਿੱਚ 74 ਸਾਲ ਦਾ ਡੋਨਲਡ ਟਰੰਪ 77 ਸਾਲ ਦੇ ਜੋਅ ਬਿਡੇਨ ਨਾਲ ਚੋਣ ਪਿੜ ਵਿੱਚ ਭਿੜ ਰਿਹਾ ਹੈ।
“ਮੇਰਾ ਦਿਮਾਗ਼ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਹੈ, ਵਿਰੋਧੀ ਨੂੰ ਵੀ ਆਪਣੇ ਦਿਮਾਗ਼ ਦਾ ਟੈਸਟ ਕਰਵਾਉਣਾ ਚਾਹੀਦਾ ਹੈ” ਵਾਲੀ ਇੱਕ ਬਹਿਸ ਵੀ ਆਉਂਦੇ ਨਵੰਬਰ ਵਾਲੇ ਚੋਣ ਪਿੜ ਵਿੱਚ ਭਖੀ ਹੋਈ ਹੈ। ਜਿਹੜਾ ਟੈਸਟ ਟਰੰਪ ਨੇ ਕਰਵਾਇਆ ਹੈ, ਉਸ ਨੂੰ ਮਾਹਿਰ ਮੌਂਟਰੀਅਲ ਕੋਗਨਿਟਿਵ ਅਸੈਸਮੈਂਟ (ਐਮਓਸੀਏ) ਕਹਿੰਦੇ ਹਨ। ਵਡੇਰੀ ਉਮਰ ਦੇ ਲੋਕਾਂ ਵਿਚ ਭੁੱਲਣ ਦੀ ਆਦਤ ਤੋਂ ਪੀੜਤ (ਡਿਮੈਨਸ਼ੀਆ-ਗ੍ਰਸਤ) ਵਿਅਕਤੀ ਲਈ ਇਹ ਮੁਸ਼ਕਿਲ ਹੋ ਸਕਦਾ ਹੈ। ਤੁਹਾਨੂੰ ਊਠ ਅਤੇ ਸ਼ੇਰ ਦੀਆਂ ਫੋਟੋਆਂ ਦਿਖਾ ਕੇ ਪੁੱਛਿਆ ਜਾਂਦਾ ਹੈ ਕਿ ਇਹ ਕੀ ਹੈ? ਜੇ ਤੁਸਾਂ ਜਵਾਬ ਦੇ ਦਿੱਤਾ ਕਿ ਜੀ, ਇਹ ਵਾਲੀ ਤਾਂ ਊਠ ਦੀ ਫੋਟੋ ਹੈ ਅਤੇ ਉਹ ਤੁਹਾਡੇ ਸੱਜੇ ਹੱਥ ਵਿੱਚ ਸ਼ੇਰ ਦਾ ਚਿੱਤਰ ਹੈ ਤਾਂ ਪਾਕਿਸਤਾਨੀ ਨਿਲਾਮਘਰ ਵਾਲੇ ਤਾਰਿਕ ਅਜ਼ੀਜ਼ ਦੇ ਅੰਦਾਜ਼ ਵਿੱਚ ‘‘ਜਵਾਬ ਦਰੁਸਤ ਹੈ ਜੀ’’ ਦਾ ਸਰਟੀਫਿਕੇਟ ਮਿਲਦਾ ਹੈ। ਫ਼ਰਕ ਸਿਰਫ਼ ਇਹ ਹੈ ਕਿ ਇਸ ਵਾਰੀ ਇਨਾਮ ਵਿੱਚ ਵਾਟਰ ਕੂਲਰ ਨਹੀਂ, ਟਰੰਪ ਨੂੰ ਤਾਂ ਰਾਸ਼ਟਰਪਤੀ ਦੀ ਕੁਰਸੀ ਦਰਕਾਰ ਹੈ।
ਆਪਣੇ ਟੀਵੀ ਇੰਟਰਵਿਊ ਵਿੱਚ ਬੀਤੇ ਹਫ਼ਤੇ ਡੋਨਲਡ ਟਰੰਪ ਦੱਸ ਰਿਹਾ ਸੀ ਕਿ ਉਸ ਨੇ ਕਿੰਨੀ ਵੱਡੀ ਮੱਲ ਮਾਰੀ ਹੈ। “ਹੈਰਾਨ ਹੋਏ ਡਾਕਟਰ ਵੀ ਮੈਨੂੰ ਪੁੱਛਣ ਲੱਗ ਪਏ। ਕਹਿੰਦੇ ਇਹ ਤਾਂ ਤੁਸਾਂ ਕਮਾਲ ਕਰ ਦਿੱਤਾ, ਇਹ ਕਿਵੇਂ ਕਰ ਲੈਂਦੇ ਹੋ ਤੁਸੀਂ? ਮੈਂ ਕਿਹਾ ਮੈਂ ਇਸ ਲਈ ਕਰ ਲੈਂਦਾ ਹਾਂ ਕਿਉਂਕਿ ਮੇਰਾ ਹਾਫ਼ਜ਼ਾ ਬੜਾ ਚੰਗਾ ਹੈ…।”
ਅੱਧੇ ਘੰਟੇ ਤੱਕ ਪੰਜ ਸ਼ਬਦ ਯਾਦ ਰੱਖਣਾ, 100 ਤੋਂ ਪਿਛਾਂਹ ਨੂੰ ਉਲਟੀ ਗਿਣਤੀ ਕਰਨ ਦੀ ਯੋਗਤਾ ਅਤੇ ਸ਼ੇਰ ਅਤੇ ਊਠ ਦੇ ਚਿੱਤਰਾਂ ਵਿੱਚ ਫ਼ਰਕ ਕਰਨ ਦੀ ਸਮਰੱਥਾ ਰੱਖਣੀ (ਪਾਠਕਾਂ ਲਈ ਇਸ਼ਾਰਾ – ਲੰਬੀ ਗਰਦਨ ਵਾਲੇ ਨੂੰ ਊਠ ਕਹਿੰਦੇ ਹਨ) – ਦਿਮਾਗ਼ੀ ਕਮਜ਼ੋਰੀ ਦੀ ਜਾਂਚ ਲਈ ਕੀਤਾ ਜਾਂ ਕਰਵਾਇਆ ਇਹ ਟੈਸਟ ਸਾਡੇ ਸਮਿਆਂ ਵਿੱਚ ਦੁਨੀਆਂ ਦੀ ਮਹਾਂਸ਼ਕਤੀ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਇੱਕ ਨੁਮਾਇਸ਼ੀ ਨੁਕਤਾ ਬਣ ਗਿਆ ਹੈ। ਇਹ ਸਾਡੇ ਸਮਿਆਂ ਦੀ ਪਛਾਣ ਹੈ।
ਕਦੀ ਇਹ ਕਿਸੇ ਦੂਰ ਦੇਸ਼ ਦੀ ਗੱਲ ਜਾਪ ਸਕਦੀ ਸੀ, ਪਰ ਹੁਣ ਜਦੋਂ ਦੁਨੀਆਂ ਆਪਸ ਵਿੱਚ ਏਨੀ ਜੁੜ ਗਈ ਹੈ ਕਿ ਕਿਸੇ ਦੂਰ ਦੇਸ਼ ਤੋਂ ਨਿਕਲਿਆ ਕੋਈ ਅਤਿ-ਮਹੀਨ ਅਦ੍ਰਿਸ਼ ਵਾਇਰਸ ਸਾਰੇ ਮੁਲਕਾਂ ਦੇ ਜਹਾਜ਼ ਰੋਕ ਦਿੰਦਾ ਹੈ, ਗਲੀਆਂ-ਬਾਜ਼ਾਰ-ਦੁਕਾਨਾਂ-ਸਕੂਲ ਬੰਦ ਕਰਵਾ ਦਿੰਦਾ ਹੈ ਤਾਂ ਮਹਾਂਸ਼ਕਤੀ ਦੇ ਰਾਸ਼ਟਰਪਤੀ ਦੀ ਚੋਣ ਸਾਡੀਆਂ ਜ਼ਿੰਦਗੀਆਂ ਉੱਤੇ ਪ੍ਰਤੱਖ ਅਤੇ ਸਿੱਧਾ ਪ੍ਰਭਾਵ ਪਾਉਂਦੀ ਹੈ।
ਤੁਹਾਡੀ ਦੇਸ਼ਭਗਤੀ ਵਾਲੀ ਕਿਸੇ ਦੁਖਦੀ ਪ੍ਰਭੂਸੰਪੰਨ ਰਗ ’ਤੇ ਹੱਥ ਰੱਖਣ ਦਾ ਮੇਰਾ ਕੋਈ ਇਰਾਦਾ ਨਹੀਂ, ਪਰ ਅਜੋਕੀ ਦੁਨੀਆਂ ਦੀ ਤਲਖ਼ ਭੂ-ਸਿਆਸੀ ਹਕੀਕਤ ਇਹ ਹੈ ਕਿ ਕਿਸੇ ਨਾ ਕਿਸੇ ਰੂਪ ਵਿੱਚ ਅਮਰੀਕਾ ਦਾ ਰਾਸ਼ਟਰਪਤੀ ਸਾਡੇ ਸਭਨਾਂ ਦਾ ਰਾਸ਼ਟਰਪਤੀ ਹੁੰਦਾ ਹੈ। ਮਹਾਂਸ਼ਕਤੀ ਦੀਆਂ ਨੀਤੀਆਂ ਸਾਡੀ ਰਾਜਨੀਤੀ ਹੀ ਨਹੀਂ, ਸਾਡੀ ਜੀਵਨ ਸ਼ੈਲੀ, ਖਾਣ-ਪਾਣ, ਆਚਾਰ-ਵਿਹਾਰ ਅਤੇ ਇੱਥੋਂ ਤੱਕ ਕਿ ਰਿਸ਼ਤਿਆਂ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਯਾਦ ਰਹੇ ਕਿ 1960ਵਿਆਂ ਵਿੱਚ ਅਮਰੀਕੀ ਸਿਆਸਤ ਅੰਦਰਲੇ ਨਰਮਖਿਆਲੀਆਂ ਦੀ ਦੇਖਰੇਖ ਥੱਲੇ ਗਰਭ-ਰੋਕੂ ਗੋਲੀ ਦੀ ਆਮਦ ਨੇ ਪਰਿਵਾਰ, ਸਭਿਆਚਾਰ ਅਤੇ ਰਿਸ਼ਤੇ ਸਭ ਬਦਲ ਕੇ ਰੱਖ ਦਿੱਤੇ ਸਨ। ਹੁਣ 100 ਦਨਿ ਤੋਂ ਵੀ ਘੱਟ ਸਮੇਂ ਵਿੱਚ ਇਹ ਤੈਅ ਹੋ ਜਾਵੇਗਾ ਕਿ ‘ਅਬ ਕੀ ਬਾਰ ਟਰੰਪ ਸਰਕਾਰ’ ਹੋਵੇਗੀ ਜਾਂ ਉਹ 77 ਸਾਲਾਂ ਦਾ ਦੂਜੇ ਵਾਲਾ ਕੁਰਸੀ-ਨਸ਼ੀਨ ਬਣੇਗਾ ਜਿਸ ਉੱਤੇ ਇਹ ਇਲਜ਼ਾਮ ਬਾਕਾਇਦਾ ਲੱਗਦੇ ਰਹੇ ਹਨ ਕਿ ਉਸ ਨੂੰ ਵੀ ਕਈ ਵਾਰੀ ਕੁਝ ਪਲ ਪਹਿਲਾਂ ਕਹੀ ਗੱਲ ਵੀ ਭੁੱਲ ਜਾਂਦੀ ਹੈ?
ਕੁੱਲ ਦੁਨੀਆਂ ਵਿੱਚ ਅਜਿਹੇ ਕਈ ਰੌਸ਼ਨ-ਦਿਮਾਗ਼ ਹੁਣ ਸੱਤਾ ’ਤੇ ਤਾਰੀ ਹਨ। ਬ੍ਰਾਜ਼ੀਲ ਵਿੱਚ, ਜਿੱਥੇ 20 ਲੱਖ ਕਰੋਨਾ ਵਾਇਰਸ ਨਾਲ ਗ੍ਰਸੇ ਗਏ ਅਤੇ 84,000 ਇਹਦੀ ਭੇਂਟ ਚੜ੍ਹ ਗਏ, ਰਾਸ਼ਟਰਪਤੀ ਜਾਈਰ ਬੋਲਸੋਨਾਰੋ ਨੇ ਵੀ ਆਪਣਾ ਕਰੋਨਾ ਟੈਸਟ ਕਰਵਾ ਕੇ ਆਪਣੀ ਫੋਟੋ ਫੇਸਬੁੱਕ ਉੱਤੇ ਪਾ ਦਿੱਤੀ ਹੈ। ਇਸ ਸਿਹਤਯਾਬੀ ਦਾ ਰਾਜ਼ ਉਨ੍ਹਾਂ ਉਸ ਮਲੇਰੀਆ-ਰੋਕੂ ਦਵਾਈ ਹਾਈਡ੍ਰੋਕਸੀਕਲੋਰੋਕੁਇਨ ਨੂੰ ਦੱਸਿਆ ਹੈ ਜਿਸ ਬਾਰੇ ਦੁਨੀਆਂ ਭਰ ਵਿੱਚ ਵਿਗਿਆਨੀ ਚੀਕਾਂ ਮਾਰ-ਮਾਰ ਦੱਸ ਰਹੇ ਹਨ ਕਿ ਇਹਦਾ ਕੋਈ ਫ਼ਾਇਦਾ ਨਹੀਂ ਸਗੋਂ ਨੁਕਸਾਨ ਕਰ ਸਕਦੀ ਹੈ।
ਪੁਖ਼ਤਾ ਤੌਰ ਉੱਤੇ ਦਿਮਾਗ਼ੀ ਕਮਜ਼ੋਰੀ ਤੋਂ ਪਾਕ ਡੋਨਲਡ ਟਰੰਪ ਪਹਿਲੋਂ ਕਹਿੰਦਾ ਰਿਹਾ ਕਿ ਵਾਇਰਸ ਕੋਈ ਵੱਡੀ ਬਲਾ ਹੀ ਨਹੀਂ, ਫਿਰ ਲੰਘੇ ਕ੍ਰਿਸਮਿਸ ਪੂਰਾ ਮੁਲਕ ਦੁਬਾਰਾ ਖੋਲ੍ਹਣ ’ਤੇ ਆਮਦਾ ਰਿਹਾ, ਜ਼ਿੱਦ ਕਰਕੇ ਮਹੀਨਿਆਂ-ਬੱਧੀ ਮਾਸਕ ਪਾਉਣ ਤੋਂ ਇਨਕਾਰੀ ਰਿਹਾ ਅਤੇ ਹੁਣ ਡੇਢ ਲੱਖ ਅਮਰੀਕੀ ਨਾਗਰਿਕਾਂ ਨੂੰ ਕਬਰੀਂ ਪਹੁੰਚਾ ਆਪਣੇ ਆਪ ਨੂੰ ਦਿਮਾਗ਼ੀ ਤੌਰ ’ਤੇ ਆਪਣੇ ਮੂੰਹੋਂ ‘ਸਥਿਰ ਸ੍ਰੇਸ਼ਟ ਬੁੱਧੀ ਵਿਅਕਤੀ’ ਘੋਸ਼ਿਤ ਕਰ ਰਿਹਾ ਹੈ।
ਉਦਾਰਵਾਦੀਆਂ ਅਤੇ ਅਗਾਂਹਵਧੂ ਨਾਮਨਿਹਾਦ ਰੌਸ਼ਨ ਦਿਮਾਗ਼ਾਂ ਦਾ ਮੂੰਹ ਚਿੜ੍ਹਾ ਕੇ ਬਹੁਤ ਸਾਰੇ ਮੁਲਕਾਂ ਵਿੱਚ ਭੀੜਾਂ ‘ਆਪਣੇ ਵਰਗਾ’ ਕੋਈ ਮਜ਼ਬੂਤ ਨੇਤਾ ਭਾਲ ਜਾਂ ਪਾਲ ਰਹੀਆਂ ਹਨ ਅਤੇ ਗਿਆਨ-ਪ੍ਰਾਪਤੀ ਵਾਲਾ ਸਾਰਾ ਪ੍ਰੋਗਰੈਸਿਵ ਪ੍ਰਾਜੈਕਟ ਢੱਠੇ ਖੂਹ ਵਿੱਚ ਸੁੱਟ, ਉਸ ਨੇਤਾ ਪਿੱਛੇ ਲੱਗ ਗੁਆਂਢੀ ਵਿੱਚੋਂ ਦੁਸ਼ਮਣ ਅਤੇ ਨਫ਼ਰਤ ਵਿੱਚੋਂ ਰੌਸ਼ਨ ਭਵਿੱਖ ਦੀ ਆਕਾਸੀ ਕਰ ਰਹੀਆਂ ਹਨ। ਅਜਿਹੇ ਵਿੱਚ ਸਾਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ।
ਜਦੋਂ ਹਰ ਰੋਜ਼ ਹਜ਼ਾਰਾਂ ਵਬਾ ਦੀ ਭੇਟ ਚੜ੍ਹ ਰਹੇ ਹੋਣ, ਸਮੂਹਿਕ ਕਬਰਾਂ ਦੀ ਖੁਦਾਈ ਦੀਆਂ ਫੋਟੋਆਂ ਅੰਤਰਰਾਸ਼ਟਰੀ ਅਖ਼ਬਾਰਾਂ ਦੇ ਮੁੱਖ ਪੰਨਿਆਂ ’ਤੇ ਛਪਣ ਅਤੇ ਮਹਾਂਨਗਰਾਂ ਵਿੱਚ ਬਨਿਾਂ ਮਿੱਤਰ-ਪਿਆਰਿਆਂ ਦੇ ਅਰਦਾਸੇ ਤੋਂ ਸੈਂਕੜੇ ਸਿਵੇ ਲਗਾਤਾਰਤਾ ਨਾਲ ਭਖੇ ਰਹਿਣ ਅਤੇ ਇਸ ਸਭ ਦੇ ਦੌਰਾਨ ਵੀ ਜੇ ਕਿਸੇ ਸੂਬੇ ਵਿੱਚ ਵੱਡੀ ਈਦ ਵਾਲੀ ਮਵੇਸ਼ੀਆਂ ਦੀ ਮੰਡੀ ਵਾਂਗ ਵਿਧਾਇਕਾਂ ਦੀ ਖੁੱਲ੍ਹਮ-ਖੁੱਲ੍ਹੀ ਮੰਡੀ ਦੇ ਦ੍ਰਿਸ਼ ਟੀਵੀ ’ਤੇ ਰੂਪਮਾਨ ਹੋਣ ਅਤੇ ਵਫ਼ਾਕੀ ਵਜ਼ਾਰਤ ਕਿਸੇ ਖ਼ਾਸ ਰੱਬ ਦੇ ਨਾਮ ’ਤੇ ਤਾਮੀਰ ਕੀਤੇ ਜਾਣ ਵਾਲੇ ਆਲੀਸ਼ਾਨ ਮੰਦਰ ਦਾ ਨੀਂਹ ਪੱਥਰ ਰੱਖਣ ਲਈ ਪੱਬਾਂ ਭਾਰ ਹੋਈ ਹੋਵੇ ਅਤੇ ਸਾਨੂੰ ਇਹ ਸਭ ਧੁਰ ਅੰਦਰ ਤੱਕ ਪ੍ਰੇਸ਼ਾਨ ਨਾ ਕਰ ਦੇਵੇ, ਦਿਲ ਕਾਹਲਾ ਨਾ ਪੈਣ ਲੱਗ ਜਾਵੇ, ਸਮੂਹਿਕ ਤੌਰ ’ਤੇ ਸਾਨੂੰ ਹੌਲ ਨਾ ਪੈਣ ਅਤੇ ਵਿਆਕੁਲ ਹੋਏ ਅਸੀਂ ਗਲੀਆਂ, ਬਾਜ਼ਾਰਾਂ, ਚੌਕਾਂ ਵਿੱਚ ਨਿਕਲ ਨਾ ਪਏ ਹੋਈਏ ਤਾਂ ਫਿਰ ਸਾਨੂੰ ਆਪਣਾ ਦਿਮਾਗ਼ੀ ਕਮਜ਼ੋਰੀ ਵਾਲਾ ਟੈਸਟ ਕਰਵਾ ਲੈਣਾ ਚਾਹੀਦਾ ਹੈ।
ਸੁਰਖ਼ਾਬ ਦੇ ਪਰ ਲਗਵਾਉਣ ਲਈ ਹੁਣੇ ਰੱਟਾ ਲਾ ਲਵੋ- ਵਿਅਕਤੀ, ਔਰਤ, ਆਦਮੀ, ਕੈਮਰਾ, ਟੀਵੀ।
ਜਵਾਬ ਦਰੁਸਤ ਹੈ ਜੀ। ਇਹ ਕਿਵੇਂ ਕਰ ਲੈਂਦੇ ਹੋ ਤੁਸੀਂ?
*(ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਦਹਾਕਿਆਂ ਤੋਂ ਲਿਖਤ-ਪੜ੍ਹਤ ਦੇ ਕੰਮ ਵਿੱਚ ਗ੍ਰਸਿਆ ਪਰ ਕਿਸੇ ਖ਼ਾਤੇ ਕਿਸੇ ਗਿਣਤੀ ਵਿਚ ਨਾ ਸ਼ੁਮਾਰ ਹੋਣ ਦੇ ਬਾਵਜੂਦ ਹੁਣ ਤੱਕ ਦਿਮਾਗ਼ੀ ਕਮਜ਼ੋਰੀ ਦਾ ਟੈਸਟ ਨਹੀਂ ਕਰਵਾ ਸਕਿਆ।)