ਭਾਰਤੀ-ਅਮਰੀਕੀਆਂ ਨੂੰ ਖਿੱਚਣ ਲਈ ਟਰੰਪ ਵੱਲੋਂ ਵੀਡੀਓ ਜਾਰੀ
ਵਾਸ਼ਿੰਗਟਨ, 23 ਅਗਸਤ
ਰਸੂਖ਼ਵਾਨ ਭਾਰਤੀ-ਅਮਰੀਕੀ ਵੋਟਰਾਂ ਨੂੰ ਖਿੱਚਣ ਦੇ ਮੰਤਵ ਨਾਲ ਟਰੰਪ ਦੀ ਚੋਣ ਮੁਹਿੰਮ ਟੀਮ ਵੱਲੋਂ ਇਕ ਵੀਡੀਓ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਭਾਸ਼ਣਾਂ ਨੂੰ ਸੰਖੇਪ ਰੂਪ ਵਿਚ ਦਿਖਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ 20 ਲੱਖ ਤੋਂ ਵੱਧ ਭਾਰਤੀ-ਅਮਰੀਕੀ ਵੋਟਰ ਹਨ। ਟਰੰਪ ਦੀ ਚੋਣ ਮੁਹਿੰਮ ਨਾਲ ਜੁੜੇ ਅਹਿਮ ਮੈਂਬਰ ਨੇ ਵੀਡੀਓ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਹੈ ਕਿ ਅਮਰੀਕਾ ਦਾ ਭਾਰਤ ਨਾਲ ਗੂੜ੍ਹਾ ਰਿਸ਼ਤਾ ਹੈ ਤੇ ਟਰੰਪ ਨੂੰ ਭਾਰਤੀ-ਅਮਰੀਕੀਆਂ ਦਾ ਤਕੜਾ ਸਮਰਥਨ ਹਾਸਲ ਹੈ। ਰਾਸ਼ਟਰਪਤੀ ਦੇ ਪੁੱਤਰ ਡੋਨਲਡ ਟਰੰਪ ਜੂਨੀਅਰ ਨੇ ਵੀ ਵੀਡੀਓ ਟਵੀਟ ਕੀਤਾ ਹੈ। ਉਹ ਭਾਰਤੀ-ਅਮਰੀਕੀ ਭਾਈਚਾਰੇ ਨਾਲ ਚੰਗੀ ਤਰ੍ਹਾਂ ਜੁੜੇ ਹੋਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਮੋਦੀ ਨੇ ਹਿਊਸਟਨ ਦਾ ਦੌਰਾ ਕੀਤਾ ਸੀ ਤੇ ਟਰੰਪ ਇਸੇ ਸਾਲ ਅਹਿਮਦਾਬਾਦ ਆਏ ਸਨ। 107 ਸਕਿੰਟ ਦੀ ਵੀਡੀਓ ਦਾ ਸਿਰਲੇਖ ਹੈ ‘ਫੋਰ ਮੋਰ ਈਅਰਜ਼’ ਤੇ ਦੋਵੇਂ ਆਗੂ ਇਸ ਦੇ ਸ਼ੁਰੂ ਵਿਚ ਇਕੱਠੇ ਤੁਰੇ ਜਾਂਦੇ ਨਜ਼ਰ ਆ ਰਹੇ ਹਨ। ਮੋਦੀ ਭਾਰਤੀ-ਅਮਰੀਕੀਆਂ ਦਰਮਿਆਨ ਕਾਫ਼ੀ ਹਰਮਨਪਿਆਰੇ ਹਨ ਤੇ ਹਿਊਸਟਨ ਦੇ ‘ਹਾਓਡੀ ਮੋਦੀ’ ਸਮਾਗਮ ਵਿਚ 50 ਹਜ਼ਾਰ ਲੋਕ ਆਏ ਸਨ। ਟਰੰਪ ਦੀ ਚੋਣ ਮੁਹਿੰਮ ’ਚ ਲੱਗੇ ਉਨ੍ਹਾਂ ਦੇ ਸਾਥੀਆਂ ਨੂੰ ਯਕੀਨ ਹੈ ਕਿ ਭਾਰਤੀ-ਅਮਰੀਕੀਆਂ ਦੀ ਨਵੰਬਰ ਦੀਆਂ ਚੋਣਾਂ ’ਚ ਅਹਿਮ ਭੂਮਿਕਾ ਹੈ। -ਪੀਟੀਆਈ
ਟਰੰਪ ਦੀ ਭੈਣ ਬੋਲੀ ‘ਮੇਰੇ ਭਰਾ ਦਾ ਕੋਈ ਇਮਾਨ ਨਹੀਂ’
ਰਾਸ਼ਟਰਪਤੀ ਡੋਨਲਡ ਟਰੰਪ ਦੀ ਵੱਡੀ ਭੈਣ ਜੋ ਕਿ ਫੈਡਰਲ ਜੱਜ ਰਹਿ ਚੁੱਕੀ ਹੈ, ਕਈ ਰਿਕਾਰਡਿੰਗਾਂ ਵਿਚ ਆਪਣੇ ਭਰਾ ਦੀ ਤਿੱਖੀ ਨਿਖੇਧੀ ਕਰਦੀ ਨਜ਼ਰ ਆ ਰਹੀ ਹੈ। ਇਕ ਥਾਂ ਉਹ ਕਹਿ ਰਹੀ ਹੈ ਕਿ ‘ਟਰੰਪ ਦਾ ਕੋਈ ਅਸੂਲ ਨਹੀਂ ਹੈ।’ ਮੈਰੀਐਨ ਟਰੰਪ ਬੈਰੀ (83) ਨੂੰ ਉਸ ਦੀ ਭਤੀਜੀ ਮੈਰੀ ਟਰੰਪ ਨੇ ਲੁਕਵੇਂ ਢੰਗ ਨਾਲ ਰਿਕਾਰਡ ਕੀਤਾ ਹੈ। ਮੈਰੀ ਨੇ ਟਰੰਪ ਖ਼ਿਲਾਫ਼ ਇਕ ਕਿਤਾਬ ਵੀ ਰਿਲੀਜ਼ ਕੀਤੀ ਹੈ। ਮੈਰੀ ਨੇ ਕਿਹਾ ਕਿ ਰਿਕਾਰਡਿੰਗ 2018 ਤੇ 2019 ਦੀਆਂ ਹਨ। ਇਨ੍ਹਾਂ ਰਿਕਾਰਡਿੰਗਾਂ ਨੂੰ ‘ਦਿ ਵਾਸ਼ਿੰਗਟਨ ਪੋਸਟ’ ਵੀ ਪ੍ਰਕਾਸ਼ਿਤ ਕਰ ਚੁੱਕੀ ਹੈ। -ਏਪੀ