ਟਰੰਪ ਨੇ ਕਮਲਾ ਹੈਰਿਸ ਦੇ ਭਾਰਤੀ ਜਾਂ ਸਿਆਹਫ਼ਾਮ ਹੋਣ ’ਤੇ ਸਵਾਲ ਚੁੱਕੇ
ਵਾਸ਼ਿੰਗਟਨ, 1 ਅਗਸਤ
ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਨੇ ਡੈਮੋਕਰੈਟ ਉਮੀਦਵਾਰ ਕਮਲਾ ਹੈਰਿਸ ਖ਼ਿਲਾਫ਼ ਨਸਲੀ ਟਿੱਪਣੀ ਕਰਦਿਆਂ ਉਨ੍ਹਾਂ ਤੋਂ ਪੁੱਛਿਆ ਕਿ ਕੀ ਉਹ ਭਾਰਤੀ ਹਨ ਜਾਂ ਸਿਆਹਫ਼ਾਮ। ਇਸ ’ਤੇ ਉਪ ਰਾਸ਼ਟਰਪਤੀ ਹੈਰਿਸ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਸਾਬਕਾ ਰਾਸ਼ਟਰਪਤੀ ਦੀ ਟਿੱਪਣੀ ਨੂੰ ਫੁੱਟ-ਪਾਊ ਅਤੇ ਨਿਰਾਦਰ ਦਾ ਪੁਰਾਣਾ ਰਾਗ ਦੱਸਿਆ ਹੈ।
ਟਰੰਪ ਨੇ ਝੂਠਾ ਦਾਅਵਾ ਕੀਤਾ ਕਿ ਉਪ ਰਾਸ਼ਟਰਪਤੀ ਹੈਰਿਸ ਨੇ ਸਿਰਫ਼ ਆਪਣੀ ਏਸ਼ਿਆਈ-ਅਮਰੀਕੀ ਵਿਰਾਸਤ ’ਤੇ ਹੀ ਜ਼ੋਰ ਦਿੱਤਾ ਹੈ ਜਦਕਿ ਉਨ੍ਹਾਂ ਦਾਅਵਾ ਕੀਤਾ ਕਿ ਉਹ ਇਕ ਸਿਆਹਫ਼ਾਮ ਹੈ। ਟਰੰਪ ਨੇ ਬੁੱਧਵਾਰ ਨੂੰ ਸ਼ਿਕਾਗੋ ’ਚ ਨੈਸ਼ਨਲ ਐਸੋਸੀਏਸ਼ਨ ਆਫ਼ ਬਲੈਕ ਜਰਨਲਿਸਟਸ ਕਨਵੈਨਸ਼ਨ ’ਚ ਕਿਹਾ ਕਿ ਕਮਲਾ ਹੈਰਿਸ ਹਮੇਸ਼ਾ ਆਪਣੇ ਆਪ ਨੂੰ ਭਾਰਤੀ ਮੂਲ ਦੀ ਦਸਦੀ ਸੀ ਅਤੇ ਸਿਰਫ਼ ਭਾਰਤੀ ਮੂਲ ਵਾਲਿਆਂ ਨੂੰ ਹੀ ਹੱਲਾਸ਼ੇਰੀ ਦੇ ਰਹੀ ਸੀ। ‘ਕਈ ਸਾਲ ਪਹਿਲਾਂ ਤੱਕ ਮੈਨੂੰ ਨਹੀਂ ਪਤਾ ਸੀ ਕਿ ਉਹ ਸਿਆਹਫ਼ਾਮ ਹੈ ਅਤੇ ਹੁਣ ਉਹ ਸਿਆਹਫ਼ਾਮ ਵਜੋਂ ਪਛਾਣ ਬਣਾਉਣਾ ਚਾਹੁੰਦੀ ਹੈ। ਮੈਨੂੰ ਨਹੀਂ ਪਤਾ ਕਿ ਉਹ ਭਾਰਤੀ ਹੈ ਜਾਂ ਸਿਆਹਫ਼ਾਮ।’
ਹੈਰਿਸ ਦੀ ਮਾਂ ਭਾਰਤ ਅਤੇ ਪਿਤਾ ਜਮਾਇਕਾ ਤੋਂ ਹਨ। ਹਿਊਸਟਨ ’ਚ ਬੁੱਧਵਾਰ ਨੂੰ ਸਿਆਹਫ਼ਾਮ ਭਾਈਚਾਰੇ ਦੇ ਇਕ ਪ੍ਰੋਗਰਾਮ ’ਚ ਹੈਰਿਸ ਨੇ ਕਿਹਾ ਕਿ ਟਰੰਪ ਵੰਡ-ਪਾਊ ਅਤੇ ਨਿਰਾਦਰ ਕਰਨ ਦੀ ਨੀਤੀ ਆਪਣਾ ਰਹੇ ਹਨ ਪਰ ਅਮਰੀਕੀ ਲੋਕ ਇਸ ਤੋਂ ਬਿਹਤਰ ਦੇ ਹੱਕਦਾਰ ਹਨ। -ਪੀਟੀਆਈ