ਯੂਕਰੇਨ ਨੂੰ ਅਮਰੀਕੀ ਹਥਿਆਰ ਵਰਤਣ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਪਲਟ ਸਕਦੇ ਨੇ ਟਰੰਪ
ਪਾਮ ਬੀਚ (ਅਮਰੀਕਾ), 17 ਦਸੰਬਰ
ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਕੇਤ ਦਿੱਤਾ ਕਿ ਉਹ ਯੂਕਰੇਨ ਦੀ ਫੌਜ ਨੂੰ ਰੂਸ ਦੇ ਅੰਦਰੂਨੀ ਹਿੱਸੇ ’ਤੇ ਹਮਲਾ ਕਰਨ ਲਈ ਅਮਰੀਕੀ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਵਾਲੇ ਰਾਸ਼ਟਰਪਤੀ ਜੋਅ ਬਾਇਡਨ ਦੇ ਤਾਜ਼ਾ ਫੈਸਲੇ ਨੂੰ ਪਲਟ ਸਕਦੇ ਹਨ। ਟਰੰਪ ਨੇ ਪਿਛਲੇ ਮਹੀਨੇ ਬਾਇਡਨ ਵੱਲੋਂ ਲਏ ਗਏ ਫੈਸਲੇ ਨੂੰ ‘ਮੂਰਖਤਾ’ ਵਾਲਾ ਫ਼ੈਸਲਾ ਦੱਸਿਆ ਸੀ। ਉਨ੍ਹਾਂ ਇਸ ਗੱਲ ’ਤੇ ਵੀ ਰੋਸ ਜਤਾਇਆ ਕਿ ਬਾਇਡਨ ਨੇ ਇਹ ਫ਼ੈਸਲਾ ਲੈਣ ਤੋਂ ਪਹਿਲਾਂ ਅਗਾਮੀ ਪ੍ਰਸ਼ਾਸਨ ਨਾਲ ਸਲਾਹ-ਮਸ਼ਵਰਾ ਵੀ ਨਹੀਂ ਕੀਤਾ। ਯੂਕਰੇਨ ਲੰਮੇ ਸਮੇਂ ਤੋਂ ਆਪਣੀ ਸਰਹੱਦ ਤੋਂ ਸੈਂਕੜੇ ਮੀਲ ਦੂਰ ਰੂਸੀ ਟਿਕਾਣਿਆਂ ’ਤੇ ਹਮਲਾ ਕਰਨ ਲਈ ਅਮਰੀਕੀ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਚਾਹੁੰਦਾ ਸੀ। ਪਾਬੰਦੀਆਂ ਵਿੱਚ ਢਿੱਲ ਦਿੰਦਿਆਂ ਬਾਇਡਨ ਨੇ ਰੂਸ ਦੇ ਅੰਦਰੂਨੀ ਖੇਤਰ ਵਿੱਚ ਹਮਲੇ ਲਈ ਯੂਕਰੇਨ ਨੂੰ ਅਮਰੀਕਾ ਵੱਲੋਂ ਮੁਹੱਈਆ ਕਰਵਾਏ ਗਏ ‘ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ’ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਬਾਰੇ ਟਰੰਪ ਨੇ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਇਸ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਸੀ। ਖਾਸ ਤੌਰ ’ਤੇ ਉਦੋਂ, ਜਦੋਂ ਮੇਰਾ ਪ੍ਰਸ਼ਾਸਨ ਕੰਮ ਸੰਭਾਲਣ ਵਾਲਾ ਹੈ। ਇਸ ਬਾਰੇ ਮੇਰੇ ਵਿਚਾਰ ਜਾਣੇ ਬਿਨਾਂ ਉਨ੍ਹਾਂ ਇਹ ਫ਼ੈਸਲਾ ਲਿਆ ਹੈ। ਮੈਂ ਉਨ੍ਹਾਂ ਨੂੰ ਅਜਿਹਾ ਕਰਨ ਲਈ ਨਾ ਕਹਿੰਦਾ। ਮੈਨੂੰ ਲੱਗਦਾ ਹੈ ਕਿ ਇਹ ਵੱਡੀ ਗਲਤੀ ਸੀ।’ -ਏਪੀ