ਅਮਰੀਕੀਆਂ ਨੂੰ ਇਕ-ਦੂਜੇ ਖ਼ਿਲਾਫ਼ ਖੜ੍ਹਾ ਕਰ ਰਹੇ ਨੇ ਟਰੰਪ: ਹੈਰਿਸ
ਵਾਸ਼ਿੰਗਟਨ, 2 ਨਵੰਬਰ
ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਬੀਤੇ ਦਿਨ ਦੋਸ਼ ਲਗਾਇਆ ਕਿ ਰਾਸ਼ਟਰਪਤੀ ਅਹੁਦੇ ਦੀ ਚੋਣ ਵਿੱਚ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਅਤੇ ਉਨ੍ਹਾਂ ਦੇ ਵਿਰੋਧੀ ਡੋਨਲਡ ਟਰੰਪ ਅਮਰੀਕੀਆਂ ਨੂੰ ਇਕ-ਦੂਜੇ ਖ਼ਿਲਾਫ਼ ਖੜ੍ਹਾ ਕਰ ਰਹੇ ਹਨ। ਅਗਲੇ ਹਫ਼ਤੇ ਹੋਣ ਵਾਲੀ ਰਾਸ਼ਟਰਪਤੀ ਅਹੁਦੇ ਦੀ ਚੋਣ ਵਿੱਚ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਹੈਰਿਸ ਨੇ ਕਿਹਾ, ‘‘ਡੋਨਲਡ ਟਰੰਪ ਜੋ ਪੇਸ਼ਕਸ਼ ਕਰ ਰਹੇ ਹਨ, ਅਮਰੀਕਾ ਉਸ ਨਾਲੋਂ ਬਿਹਤਰ ਦਾ ਹੱਕਦਾਰ ਹੈ। ਅਮਰੀਕਾ ਨੂੰ ਇਕ ਅਜਿਹੇ ਰਾਸ਼ਟਰਪਤੀ ਦੀ ਲੋੜ ਹੈ ਜੋ ਆਦਰਸ਼ ਬਣਨ ਦੀ ਸਾਡੇ ਲੋਕਾਂ ਅਤੇ ਬਾਕੀ ਦੁਨੀਆਂ ਪ੍ਰਤੀ ਸਾਡੀ ਜ਼ਿੰਮੇਵਾਰੀ ਤੇ ਭੂਮਿਕਾ ਨੂੰ ਸਮਝੇ।’’ ਉਨ੍ਹਾਂ ਕਿਹਾ, ‘‘ਪਰ ਡੋਨਲਡ ਟਰੰਪ ਅਮਰੀਕੀਆਂ ਨੂੰ ਇਕ-ਦੂਜੇ ਦੇ ਖ਼ਿਲਾਫ਼ ਖੜ੍ਹਾ ਕਰਦੇ ਹਨ। ਉਹ ਅਮਰੀਕੀਆਂ ਨੂੰ ਇਕ-ਦੂਜੇ ’ਤੇ ਉਂਗਲ ਉਠਾਉਣ ਲਈ ਭੜਕਾਉਣ ਵਿੱਚ ਪੂਰਾ ਸਮਾਂ ਲੰਘਾਉਂਦੇ ਹਨ। ਉਹ ਆਪਣੇ ਸਿਆਸੀ ਵਿਰੋਧੀਆਂ ਤੋਂ ਬਦਲਾ ਲੈਣ ਦੀ ਸਾਜ਼ਿਸ਼ ਰਚਣ ਵਿੱਚ ਬਹੁਤ ਸਮਾਂ ਬਿਤਾਉਂਦੇ ਹਨ।’’ ਹੈਰਿਸ ਨੇ ਵਿਸਕੌਨਸਿਨ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਜਿਵੇਂ ਕਿ ਤੁਸੀਂ ਮੈਨੂੰ ਕਈ ਵਾਰ ਕਹਿੰਦੇ ਹੋਏ ਸੁਣਿਆ ਹੈ, ਅਮਰੀਕੀ ਲੋਕਾਂ ਪ੍ਰਤੀ ਮੇਰਾ ਸੰਕਲਪ ਇਹ ਹੈ ਕਿ ਮੈਂ ਆਮ ਗਿਆਨ ਦੇ ਆਧਾਰ ’ਤੇ ਹੱਲ ਕੱਢਾਂਗੀ, ਉਨ੍ਹਾਂ ਲੋਕਾਂ ਦੀ ਵੀ ਸੁਣਾਂਗੀ ਜੋ ਮੇਰੇ ਨਾਲ ਅਸਹਿਮਤ ਹਨ, ਮਾਹਿਰਾਂ ਦੀ ਗੱਲ ਸੁਣਾਂਗੀ ਅਤੇ ਸਾਰੇ ਅਮਰੀਕੀਆਂ ਦੀ ਰਾਸ਼ਟਰਪਤੀ ਬਣਾਂਗੀ।’’ ਹੈਰਿਸ ਨੇ ਕਿਹਾ ਕਿ ਟਰੰਪ ਤੇਜ਼ੀ ਨਾਲ ਇਕ ਅਜਿਹੇ ਵਿਅਕਤੀ ਬਣਦੇ ਜਾ ਰਹੇ ਹਨ ਜੋ ਆਪਣੇ ਸਿਆਸੀ ਵਿਰੋਧੀਆਂ ਨੂੰ ਆਪਣਾ ਦੁਸ਼ਮਣ ਮੰਨਦੇ ਹਨ, ਹਮੇਸ਼ਾ ਬਦਲਾ ਲੈਣ ਦੀ ਝਾਕ ਵਿੱਚ ਰਹਿੰਦੇ ਹਨ। -ਪੀਟੀਆਈ