For the best experience, open
https://m.punjabitribuneonline.com
on your mobile browser.
Advertisement

ਟਰੰਪ ਅਮਰੀਕੀ ਲੋਕਤੰਤਰ ਦੇ ਮੱਥੇ ’ਤੇ ਦਾਗ਼

11:25 AM Jun 08, 2024 IST
ਟਰੰਪ ਅਮਰੀਕੀ ਲੋਕਤੰਤਰ ਦੇ ਮੱਥੇ ’ਤੇ ਦਾਗ਼
Advertisement

ਦਰਬਾਰਾ ਸਿੰਘ ਕਾਹਲੋਂ

ਨਿਊਯਾਰਕ (ਅਮਰੀਕਾ) ਦੇ 12 ਸੁਘੜ, ਸਿਆਣੇ, ਜਿ਼ੰਮੇਵਾਰ ਜਿਊਰੀ ਮੈਂਬਰਾਂ ਨੇ ਵਿਸ਼ਵ ਦੇ ਤਾਕਤਵਰ ਤਾਨਾਸ਼ਾਹਾਂ ਵਾਂਗ ਵਰਤਾਓ ਕਰਨ ਵਾਲੇ, ਹਰ ਰੋਜ਼ ਝੂਠ ਦੀ ਦੁਕਾਨ ਸਜਾਉਣ ਵਾਲੇ, ਵਿਸ਼ਵ ਦੇ ਨਾਮਵਰ ਦੇਸ਼ਾਂ ਦੇ ਆਗੂਆਂ ਨੂੰ ਟਿੱਚ ਕਰ ਕੇ ਜਾਨਣ ਵਾਲੇ, ਜਦ ਚਾਹੁਣ ਊਲ-ਜਲੂਲ ਪਰੋਸਣ ਵਾਲੇ, ਲੋਕਤੰਤਰ ਦੇ ਚੌਥੇ ਥੰਮ੍ਹ ਪ੍ਰੈੱਸ ਦਾ ਵਾਰ-ਵਾਰ ਅਪਮਾਨ ਕਰਨ ਵਾਲੇ (ਇਕ ਅਪਾਹਜ ਪੱਤਰਕਾਰ ਨਾਲ ਦੁਰਵਿਹਾਰ), ਆਪਣੇ ਆਪ ਨੂੰ ਕਾਨੂੰਨ ਤੋਂ ਉੱਪਰ ਸਮਝਣ ਵਾਲੇ, ਦੋ ਮਹਾਂ ਦੋਸ਼ਾਂ ਅਤੇ ਕਈ ਅਪਰਾਧਿਕ ਜਾਂਚਾਂ ਦਾ ਸਾਹਮਣਾ ਕਰਨ ਵਾਲੇ, ਵਿਸ਼ਵ ਦੀ ਮਹਾਂ ਸ਼ਕਤੀ ਜਾਣੇ ਜਾਂਦੇ ਅਮਰੀਕਾ ਦੇ ਚਾਰ ਸਾਲ ਰਾਸ਼ਟਰਪਤੀ ਰਹੇ ਡੋਨਲਡ ਟਰੰਪ ਨੂੰ ‘ਚੁੱਪ ਰਹਿਣ ਬਦਲੇ ਪੈਸੇ ਦੇਣ ਦੇ ਮਾਮਲੇ’ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਸਬੰਧੀ ਸਜ਼ਾ ਮਿੱਠ ਬੋਲੜੇ ਸੁਭਾਅ ਵਜੋਂ ਜਾਣੇ ਜਾਂਦੇ ਜੱਜ ਜੁਆਨ ਮਰਚਨ 11 ਜੁਲਾਈ 2024 ਨੂੰ ਸੁਣਾਉਣਗੇ।
ਟਰੰਪ ਅਮਰੀਕਾ ਦੇ ਐਸੇ ਪਹਿਲੇ ਰਾਸ਼ਟਰਪਤੀ ਹਨ ਜਿਨ੍ਹਾਂ ਨੂੰ ਰਾਜ ਵਿਰੁੱਧ ਅਪਰਾਧ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਇਹ ਫੈਸਲਾ ਪੂਰੀ ਜਿਊਰੀ ਨੇ ਸਰਬਸੰਮਤੀ, ਬਗੈਰ ਹਿਚਕਚਾਹਟ, ਸਪੱਸ਼ਟ ਅਤੇ ਕਾਨੂੰਨ ਅਨੁਸਾਰ ਲਿਆ ਹੈ। ਉਸ ਨੂੰ ‘ਚੁੱਪ ਰਹਿਣ ਬਦਲੇ ਪੈਸੇ ਦੇਣ ਦੇ ਮਾਮਲੇ’ ਦੇ ਕੁੱਲ 34 ਮਾਮਲਿਆਂ ਵਿਚ ਦੋਸ਼ੀ ਪਾਇਆ ਗਿਆ ਹੈ। ਇਸ ਕੇਸ ਵਿਚ ਉਸ ਨੂੰ 4 ਸਾਲ ਕੈਦ ਹੋ ਸਕਦੀ ਹੈ।
ਦਰਅਸਲ, ਇਹ ਕੇਸ ਵਿਗੜੈਲ ਧਨਾਢ ਕਾਰਪੋਰੇਟਰ ਡੋਨਲਡ ਟਰੰਪ ਨਾਲ ਉਸ ਵੇਲੇ ਤੋਂ ਜੁੜਿਆ ਜਦੋਂ ਉਸ ਨੇ 2006 ਵਿਚ ਪੋਰਨ ਸਟਾਰ ਸਟਾਰਮੀ ਡੇਨੀਅਲਜ਼ ਨਾਲ ਸੈਕਸ ਸਕੈਂਡਲ ਬਦਲੇ ਮੂੰਹ ਬੰਦ ਰੱਖਣ ਲਈ 1,30,000 ਡਾਲਰ ਦਿੱਤੇ ਸਨ। ਟਰੰਪ ਦਾ ਕਹਿਣਾ ਸੀ ਕਿ ਇਹ ਔਰਤ ਉਸ ਨੂੰ ਝੂਠੇ ਕੇਸ ਵਿਚ ਫਸਾ ਕੇ ਸ਼ੋਸ਼ਣ ਕਰਨ ’ਤੇ ਅੜੀ ਹੋਈ ਸੀ। ਉਸ ਤੋਂ ਖਹਿੜਾ ਛੁਡਾਉਣ ਲਈ ਉਸ ਨੇ ਉਸ ਨੂੰ ਧਨ ਦਿੱਤਾ ਲੇਕਿਨ ਇਸ ਮਾਮਲੇ ਦੀ ਪਰਦਾਪੋਸ਼ੀ ਲਈ 2016 ਵਿਚ ਹੋਈ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਧਨ ਦੇ ਭੁਗਤਾਨ ਸਬੰਧੀ ਬਿਜ਼ਨੈਸ ਰਿਕਾਰਡ ਵਿਚ ਹੇਰਾਫੇਰੀ ਕੀਤੀ ਗਈ। ਇਸ ਖਰਚ ਨੂੰ ਕਾਨੂੰਨੀ ਤੌਰ ’ਤੇ ਖਰਚ ਤੌਰ ’ਤੇ ਕਿਵੇਂ ਸਿੱਧ ਕੀਤਾ, ਅਦਾਲਤ ਦੇ ਸਾਹਮਣੇ ਇਸ ਬਾਰੇ ਸਚਾਈ ਜਾਨਣਾ ਵੱਡੀ ਚੁਣੌਤੀ ਸੀ। ਇਸ ਸੱਚ ਨੂੰ ਛੁਪਾਉਣ ਲਈ ਡੋਨਲਡ ਟਰੰਪ ਨੇ ਬਿਜ਼ਨੈਸ ਸਾਜਿ਼ਸ਼ ਦਾ ਸਹਾਰਾ ਲਿਆ। ਅਦਾਲਤ ਨੂੰ ਟਰੰਪ ਦੇ ਵਕੀਲਾਂ ਨੇ ਗੁਮਰਾਹ ਕਰਨ ਦੇ ਯਤਨ ਕੀਤੇ। ਉਨ੍ਹਾਂ ਦਾ ਮੱਤ ਸੀ ਕਿ ਉਹ ਆਪ ਤਾਂ ਰਾਸ਼ਟਰਪਤੀ ਚੋਣਾਂ ਵਿਚ ਬਹੁਤ ਮਸਰੂਫ ਸਨ, ਉਨ੍ਹਾਂ ਨੂੰ ਇਸ ਸਾਜਿ਼ਸ਼ ਬਾਰੇ ਕੋਈ ਇਲਮ ਨਹੀਂ।
ਮਾਈਕਲ ਕੋਹਨ: ਮਾਈਕਲ ਕੋਹਨ ਸਾਬਕਾ ਰਾਸ਼ਟਰਪਤੀ ਟਰੰਪ ਦੇ ਭਰੋਸੇਯੋਗ ਵਕੀਲ ਅਤੇ ਅਨੇਕ ਮਾਮਲਿਆਂ ਵਿਚ ਰਾਜ਼ਦਾਰ ਰਹੇ ਹਨ। ਉਨ੍ਹਾਂ ਨੇ ਅਮਰੀਕੀ ਕਾਂਗਰਸ ਸਾਹਮਣੇ ਟਰੰਪ ਵਿਰੁੱਧ ਚਲ ਰਹੇ ਕਈ ਕੇਸਾਂ, ਮਹਾਂ ਦੋਸ਼ ਵਿਚੋਂ ਬਚਾਉਣ ਲਈ ਝੂਠ ਬੋਲੇ ਜਿਨ੍ਹਾਂ ਵਿਚ ਤੱਥ ਉਜਾਗਰ ਕਰ ਕੇ ਉਹ ਖੁਦ ਝੂਠ ਬੋਲਣ ਦੇ ਜੁਰਮ ਵਿਚ ਫਸ ਗਏ। 2018 ਵਿਚ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ ਲੇਕਿਨ ਉਹ ਪ੍ਰਾਸੀਕਿਊਸ਼ਨ ਵਿਵਸਥਾ ਦੇ ਪੱਖ ਵਿਚ ਗਵਾਹ ਬਣ ਗਏ। ਉਨ੍ਹਾਂ ਨੇ ਟਰੰਪ ਦੇ ਕੇਸ ਦਾ ਪਰਦਾਫਾਸ਼ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਉਸ ਨੇ ਬਗੈਰ ਡਰ ਅਤੇ ਖੌਫ ਦੇ ਟਰੰਪ ਨੂੰ ਦੋਸ਼ੀ ਠਹਿਰਾਉਣ ਤੋਂ ਤੁਰੰਤ ਬਾਅਦ ‘ਐਕਸ ’ਤੇ ਲਿਖਿਆ, “ਅੱਜ ਜਵਾਬਦੇਹੀ ਸੁਨਿਸ਼ਚਿਤ ਕਰਨ ਅਤੇ ਕਾਨੂੰਨ ਦੇ ਸ਼ਾਸਨ ਲਈ ਮਹੱਤਵਪੂਰਨ ਦਿਨ ਹੈ। ਇਹ ਭਾਵੇਂ ਮੇਰੇ ਪਰਿਵਾਰ ਅਤੇ ਮੇਰੇ ਲਈ ਜੋਖ਼ਮ ਭਰਿਆ ਸਫ਼ਰ ਰਿਹਾ ਪਰ ਸਚਾਈ ਹਮੇਸ਼ਾ ਮਹੱਤਵਪੂਰਨ ਸਥਾਨ ਰਖਦੀ ਹੈ।”
ਟਰੰਪ ਨੇ ਇਸ ਫੈਸਲੇ ਤੋਂ ਅੱਗ ਬਗੂਲਾ ਹੁੰਦੇ ਹੋਏ ਅਦਾਲਤ ਦੇ ਬਾਹਰ ਖੂਬ ਅਵਾ-ਤਵਾ ਬੋਲਿਆ ਜਿਸ ਲਈ ਉਹ ਪਹਿਲਾਂ ਹੀ ਬਦਨਾਮ ਹੈ। ਉਸ ਨੇ ਕਿਹਾ ਕਿ ਉਹ ਨਿਰਦੋਸ਼ ਹੈ ਅਤੇ ਇਹ ਫੈਸਲਾ ਰਾਜਨੀਤੀ ਤੋਂ ਪ੍ਰੇਰਿਤ ਹੈ; ਇਹ ਧਾਂਦਲੀ ਭਰਿਆ, ਸ਼ਰਮਨਾਕ, ਝੂਠਾ ਮੁਕੱਦਮਾ ਹੈ, ਅਸਲੀ ਫੈਸਲਾ 5 ਨਵੰਬਰ (ਰਾਸਟਰਪਤੀ ਚੋਣਾਂ ਵੇਲੇ) ਨੂੰ ਹੋਵੇਗਾ ਜੋ ਅਮਰੀਕੀ ਜਨਤਾ ਸੁਣਾਏਗੀ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਮੇਰੇ ਵਿਰੁੱਧ ਇਸ ਫੈਸਲੇ ਪਿੱਛੇ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਦਾ ਹੱਥ ਹੈ।
ਦੂਜੇ ਪਾਸੇ ਜੱਜ ਜੁਆਨ ਮਰਚਨ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਇਸ ਸਮੇਂ ਵੱਡੀ ਜਿ਼ੰਮੇਵਾਰੀ ਅਮਰੀਕੀ ਨਿਆਂਇਕ ਸਿਸਟਮ ਦੀ ਮਾਣ-ਮਰਿਯਾਦਾ ਕਾਇਮ ਰੱਖਣਾ ਹੈ।
ਅਮਰੀਕਾ ਵਿਚ ਰਾਸ਼ਟਰਪਤੀ ਪਦ ਲਈ ਚੋਣਾਂ 5 ਨਵੰਬਰ 2024 ਨੂੰ ਹੋ ਰਹੀਆਂ ਹਨ। ਮੁੱਖ ਮੁਕਾਬਲਾ ਰਾਸ਼ਟਰਪਤੀ ਜੋਅ ਬਾਇਡਨ ਜੋ ਡੈਮੋਕ੍ਰੈਟਿਕ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਗਏ ਹਨ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦਰਮਿਆਨ ਹੈ ਜੋ ਰਿਪਬਲਿਕਨ ਪਾਰਟੀ ਵੱਲੋਂ ਉਮੀਦਵਾਰ ਹਨ। ਅਮਰੀਕੀ ਰਾਸ਼ਟਰਪਤੀ ਬਾਇਡਨ ਦੀ ਚੋਣ ਮੁਹਿੰਮ ਦੇ ਕਮਿਊਨੀਕੇਸ਼ਨ ਡਾਇਰੈਕਟਰ ਮਾਈਕਲ ਟਾਇਲਰ ਦਾ ਕਹਿਣਾ ਹੈ ਕਿ ਅਮਰੀਕਾ ਅੰਦਰ ਕਾਨੂੰਨ ਤੋਂ ਕੋਈ ਉਪਰ ਨਹੀਂ। ਸਾਬਕਾ ਰਾਸ਼ਟਰਪਤੀ ਟਰੰਪ ਨੇ ਆਪਣੇ ਨਿੱਜੀ ਸੁਆਰਥਾਂ ਲਈ ਕਾਨੂੰਨ ਦੀਆਂ ਧੱਜੀਆਂ ਉਡਾਈਆਂ; ਫਲਸਰੂਪ ਜੋ ਬੀਜਿਆ, ਹੁਣ ਵੱਢਣਾ ਪਏਗਾ। ਵੈਸੇ ਅਮਰੀਕੀਆਂ ਲਈ ਵਧੀਆ ਇਹੀ ਰਹੇਗਾ ਕਿ ਐਸੇ ਵਿਅਕਤੀ ਨੂੰ ਚੋਣ ਪ੍ਰਕਿਰਿਆ ਰਾਹੀਂ ਡਾਢਾ ਸਬਕ ਸਿਖਾਉਣ।
ਟਰੰਪ ਦੇ ਵਕੀਲ ਇਸ ਫੈਸਲੇ ਵਿਰੁੱਧ ਉੱਚ ਅਦਾਲਤ ਵਿਚ ਜਾਣ ਲਈ ਤਿਆਰੀ ਵਿਚ ਜੁੱਟੇ ਹੋਏ ਹਨ। ਦੇਸ਼ ਦੇ ਲੱਖਾਂ ਲੋਕਾਂ ਨੇ ਉਸ ਵਿਰੁੱਧ ਕਾਨੂੰਨੀ ਪ੍ਰਕਿਰਿਆ ਨੂੰ ਵੱਖ-ਵੱਖ ਜਾਣਕਾਰੀ ਮਾਧਿਅਮਾਂ ਰਾਹੀਂ ਵਾਚਿਆ। ਉਸ ਦੇ ਬਦਨਾਮ ਅਪਰਾਧਿਕ ਕਾਰਨਾਮਿਆਂ ਬਾਰੇ ਤੱਥ ਆਧਾਰਿਤ ਜਾਣਕਾਰੀ ਪ੍ਰਾਪਤ ਕੀਤੀ ਜੋ ਉਹ ਕਈ ਸਾਲਾਂ ਤੋਂ ਅਪਰਾਧਿਕ ਢੰਗਾਂ, ਭ੍ਰਿਸ਼ਟਾਚਾਰ ਅਤੇ ਹੇਰਾਫੇਰੀਆਂ ਰਾਹੀਂ ਕਰ ਰਿਹਾ ਸੀ। ਲੋਕ ਮਹਿਸੂਸ ਕਰ ਰਹੇ ਹਨ ਕਿ ਇਹ ਅਮਰੀਕੀ ਲੋਕਤੰਤਰ ਦੀ ਬੁੱਕਲ ਦਾ ਸੱਪ ਐਸੀ ਸਜ਼ਾ ਦਾ ਹੱਕਦਾਰ ਸੀ।
ਸੰਗੀਨ ਦੋਸ਼: ਅਜੇ ਇਸ ਸ਼ਖ਼ਸ ਦੀ ਕਾਨੂੰਨ ਦੇ ਫੰਧੇ ਵਿਚੋਂ ਬਚਣ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ। ਇਸ ’ਤੇ ਰਾਜ ਦੇ ਵਰਗੀਕ੍ਰਿਤ ਦਸਤਾਵੇਜ਼ਾਂ ਨਾਲ ਛੇੜਛਾੜ ਦਾ ਸੰਗੀਨ ਮੁਕੱਦਮਾ ਕਾਇਮ ਹੈ। ਇਸ ਤੋਂ ਇਲਾਵਾ ਇੱਕ ਹੋਰ ਸੰਗੀਨ ਮੁਕੱਦਮਾ ਚਲ ਰਿਹਾ ਜਿਸ ਵਿਚ 6 ਜਨਵਰੀ 2021 ਨੂੰ ਉਸ ਨੇ ਆਪਣੀ ਹਮਾਇਤੀ ਹਿੰਸਕ ਭੀੜ ਨੂੰ 2020 ਦੀ ਰਾਸ਼ਟਰਪਤੀ ਚੋਣ ਸਬੰਧੀ ਜਨਤਕ ਫਤਵੇ ਨੂੰ ਉਲਟਾਉਣ ਲਈ ਵਾਸ਼ਿੰਗਟਨ ਕੈਪੀਟਲ ’ਤੇ ਹਮਲੇ ਲਈ ਉਕਸਾਇਆ ਸੀ।
ਉਸ ਨੇ ਆਪਣੇ ਨਿੱਜ ਸੁਆਰਥਾਂ ਦੀ ਪੂਰਤੀ ਲਈ ਪ੍ਰਾਸੀਕਿਊਟਰਾਂ, ਜੱਜਾਂ, ਨਿਆਂਇਕ ਸਿਸਟਮ ’ਤੇ ਹਮਲਾ ਕੀਤਾ ਅਤੇ ਕਾਨੂੰਨ ਦੇ ਰਾਜ ਨੂੰ ਮਧੋਲਣ ਵਿਚ ਕਦੇ ਕੋਈ ਕਸਰ ਬਾਕੀ ਨਹੀਂ ਛੱਡੀ।
ਇਸ ਲੇਖ ਦੇ ਲੇਖਕ ਨੇ ਦੋ ਵਾਰ ਅਮਰੀਕਾ ਯਾਤਰਾ ਦੌਰਾਨ ਇਹ ਮਹਿਸੂਸ ਕੀਤਾ ਕਿ ਦੇਸ਼ ਅੰਦਰ ਬਹੁਗਿਣਤੀ ਅੱਧਪੜ੍ਹਾਂ ਅਤੇ ਭੇਡਚਾਲੀਆਂ ਦੀ ਹੈ। ਕਰੀਬ 18 ਰਾਜਾਂ ਵਿਚ ਪੁਰਾਤਨ ਸਾਮੰਤਵਾਦੀ ਸਿਸਟਮ ਕਾਇਮ ਹੈ। ਨਸਲਵਾਦ, ਰੰਗਭੇਦ, ਨਫ਼ਰਤ ਅਤੇ ਗੁਲਾਮੀ ਕਾਇਮ ਰੱਖਣ ਵਾਲੇ ਇਹੀ ਰਾਜ ਅਮਰੀਕੀ ਚੋਣਾਂ ਵਿਚ ਪਾਸੇ ਪਲਟਣ ਲਈ ਬਦਨਾਮ ਹਨ। ਡੋਨਲਡ ਟਰੰਪ ਵਰਗਾ ਤਾਨਾਸ਼ਾਹ, ਏਕਾਧਿਕਾਰਵਾਦੀ, ਧੱਕੇਸ਼ਾਹ, ਝੂਠ ਪਰੋਸਣ ਵਿਚ ਮਾਹਿਰ, ਅਨੈਤਿਕ ਆਦਤਾਂ ਲਈ ਬਦਨਾਮ, ਭ੍ਰਿਸ਼ਟਾਚਾਰੀ ਕਾਰੋਬਾਰੀ ਅਮਰੀਕੀ ਅਧਪੜ੍ਹਾਂ, ਸਾਮੰਤਵਾਦੀਆਂ, ਨਸਲਵਾਦੀ, ਨਫਰਤੀਆਂ ਨੇ ਚੁਣ ਲਿਆ। ਉਹ ਚਾਰ ਸਾਲ ਅਮਰੀਕੀ ਰਾਸ਼ਟਰਪਤੀ ਵਜੋਂ ਵਿਸ਼ਵ ਬਿਰਾਦਰੀ ਵਿਚ ਸਰਦਾਰੀ ਦੀ ਧਾਕ ਜਮਾਉਂਦਾ ਰਿਹਾ। ਉਸ ਨੇ ਵੱਡੇ-ਵੱਡੇ ਕੌਮਾਂਤਰੀ ਆਗੂਆਂ ਨੂੰ ਬੇਇੱਜ਼ਤ ਕਰਨ ਵਿਚ ਪਲ ਨਹੀਂ ਲਾਇਆ। ਜਰਮਨ ਸਾਬਕਾ ਚਾਂਸਲਰ ਅੰਜੇਲਾ ਮਰਕਲ ਨਾਲ ਵ੍ਹਾਈਟ ਹਾਊਸ ਵਿਚ ਹੱਥ ਨਾ ਮਿਲਾਉਣਾ, ਜੀ7 ਸੰਮੇਲਨ ਵਿਚ ਉਸ ਵੱਲ ਦੋ ਟਾਫੀਆਂ ਸੁੱਟ ਕੇ ਕਹਿਣਾ- ‘ਫਿਰ ਨਾ ਕਹੀਂ ਤੈਨੂੰ ਕੁਝ ਦਿੱਤਾ ਨਹੀਂ’, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਮਜ਼ੋਰ ਬੰਦਾ ਕਹਿਣਾ, ਜੀ7 ਸੰਮੇਲਨ ਛੱਡ ਕੇ ਚਲੇ ਜਾਣਾ, ਪੈਰਿਸ ਵਾਤਾਵਰਨ ਸੰਧੀ ਅਤੇ ਇਰਾਨ ਨਾਲ ਪਰਮਾਣੂ ਸੰਧੀ ਤੋੜਨਾ, ਨਾਟੋ ਦੇਸ਼ਾਂ ਨੂੰ ਠੁੱਠ ਦਿਖਾਉਣਾ ਪਰ ਅਫਗਾਨਿਸਤਾਨ ਵਿਚੋਂ ਤਾਲਿਬਾਨ ਨਾਲ ਸੰਧੀ ਕਰਨਾ ਅਤੇ ਡਰਦੇ ਉੱਥੋਂ ਭੱਜਣਾ। ਹੈਰਾਨੀ ਇਸ ਗੱਲ ਦੀ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਸੇ ਸ਼ਾਸਕ ਨੂੰ ਜਾਨਣ ਤੋਂ ਟਪਲਾ ਖਾ ਗਏ ਅਤੇ ਅਮਰੀਕਾ ਵਿਚ ਨਿੰਦਣਯੋਗ ਨਾਅਰਾ ਦੇ ਬੈਠੇ- ‘ਅਬ ਕੀ ਬਾਰ, ਟਰੰਪ ਸਰਕਾਰ।’ ਗੁਰੂ ਨਾਨਕ ਦੇਵ ਜੀ ਐਸੇ ਸ਼ਾਸਕਾਂ ਬਾਰੇ ਜਪੁਜੀ ਸਾਹਿਬ ਵਿਚ ਲਿਖਦੇ ਹਨ-ਅਸੰਖ ਮੂਰਖ ਅੰਧ ਘੋਰ॥ ਅਸੰਖ ਚੋਰ ਹਰਾਮ ਖੋਰ॥ ਅਸੰਖ ਅਮਰ ਕਰਿ ਜਾਹਿ ਜੋਰ॥
ਸੰਵਿਧਾਨ: ਅਮਰੀਕੀ ਸੰਵਿਧਾਨ ਅਤੇ ਕਾਨੂੰਨ ਅਪਰਾਧਿਕ ਜਾਂ ਐਸੇ ਹੋਰ ਦੋਸ਼ ਸਿੱਧ ਹੋਣ ਦੇ ਬਾਵਜੂਦ ਕਿਸੇ ਸ਼ਖ਼ਸ ਨੂੰ ਰਾਸ਼ਟਰਪਤੀ ਪਦ ਲਈ ਚੋਣ ਲੜਨ ਤੋਂ ਨਹੀਂ ਰੋਕਦਾ। ਐਸਾ ਸ਼ਖ਼ਸ ਜੇ ਚੋਣ ਜਿੱਤ ਜਾਂਦਾ ਹੈ ਤਾਂ ਜੇਲ੍ਹ ਵਿਚੋਂ ਸਹੁੰ ਚੁੱਕ ਸਕਦਾ ਹੈ ਪਰ ਸ਼ਾਸਨ ਚਲਾਉਣ ਬਾਰੇ ਸੰਵਿਧਾਨ ਚੁੱਪ ਹੈ। ਰਾਜ ਵਿਰੁੱਧ ਅਪਰਾਧ ਦਾ ਦੋਸ਼ੀ ਬੰਦਾ ਰਾਸ਼ਟਰਪਤੀ ਚੁਣੇ ਜਾਣ ’ਤੇ ਆਪਣੇ ਆਪ ਨੂੰ ਮੁਆਫੀ ਨਹੀਂ ਦੇ ਸਕਦਾ ਜਿਵੇਂ ਅਮਰੀਕੀ ਰਾਸ਼ਟਰਪਤੀ ਅਜਿਹੀ ਸ਼ਕਤੀ ਰੱਖਦਾ ਹੈ।
ਫਾਕਸ ਨਿਊਜ਼ ਪੱਤਰਕਾਰ ਸੀਨ ਹੈਨਿੱਟੀ ਨੇ ਜਦੋਂ ਟਰੰਪ ਨੂੰ ਪੁੱਛਿਆ ਕਿ ਕੀ ਰਾਸ਼ਟਰਪਤੀ ਚੁਣੇ ਜਾਣ ’ਤੇ ਉਹ ਬਦਲਾਖੋਰੀ ਅਤੇ ਸ਼ਕਤੀਆਂ ਦੀ ਕੁਵਰਤੋਂ ਕਰੋਗੇ? ਉੱਤਰ ਸੀ, “ਪਹਿਲਾ ਦਿਨ ਛੱਡ ਕੇ।” ਖੈਰ! ਉਸ ਵਿਰੁੱਧ ਅਦਾਲਤ ਦਾ ਫੈਸਲਾ ਉਦੋਂ ਆਇਆ ਜਦੋਂ ਰਿਪਲੀਕਨ ਪਾਰਟੀ ਉਸ ਨੂੰ ਆਪਣਾ ਉਮੀਦਵਾਰ ਐਲਾਨਣ ਵਾਲੀ ਸੀ। ਅਮਰੀਕੀ ਜਨਤਾ ਨੂੰ ਐਸੇ ਸ਼ਖ਼ਸ ਨੂੰ ਮੁੜ ਆਪਣਾ ਰਾਸ਼ਟਰਪਤੀ ਚੁਣਨ ਦੀ ਇਤਿਹਾਸਕ ਭੁੱਲ ਕਦੇ ਨਹੀਂ ਕਰਨੀ ਚਹੀਦੀ ਜੋ ਅਮਰੀਕੀ ਰਾਸ਼ਟਰ ਅਤੇ ਲੋਕਤੰਤਰ ਦੇ ਮੱਥੇ ’ਤੇ ਕਲੰਕ ਸਿੱਧ ਹੋਇਆ ਹੈ।

Advertisement

*ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
ਸੰਪਰਕ: +1-289-829-2929

Advertisement
Author Image

sukhwinder singh

View all posts

Advertisement
Advertisement
×