ਟਰੰਪ ਨੇ ਕੈਨੇਡਾ, ਮੈਕਸਿਕੋ ਤੇ ਚੀਨ ’ਤੇ ਟੈਕਸ ਲਗਾਏ
ਪਾਮ ਬੀਚ (ਅਮਰੀਕਾ)/ਓਟਵਾ, 2 ਫਰਵਰੀ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੈਕਸਿਕੋ, ਕੈਨੇਡਾ ਅਤੇ ਚੀਨ ਤੋਂ ਦਰਾਮਦ ਵਸਤਾਂ ’ਤੇ ਕਰੜੇ ਟੈਕਸ ਲਗਾਉਣ ਸਬੰਧੀ ਇਕ ਹੁਕਮ ’ਤੇ ਸ਼ਨਿਚਰਵਾਰ ਨੂੰ ਦਸਤਖ਼ਤ ਕੀਤੇ ਹਨ। ਉਧਰ ਗੁਆਂਢੀ ਮੁਲਕਾਂ (ਕੈਨੇਡਾ ਅਤੇ ਮੈਕਸਿਕੋ) ਵੱਲੋਂ ਤੇਜ਼ੀ ਨਾਲ ਮੋੜਵਾਂ ਜਵਾਬ ਦਿੰਦਿਆਂ ਅਮਰੀਕੀ ਵਸਤਾਂ ’ਤੇ ਟੈਕਸ ਲਗਾਉਣ ਦੇ ਐਲਾਨ ਕੀਤੇ ਗਏ ਹਨ ਜਿਸ ਨਾਲ ਵਪਾਰਕ ਜੰਗ ਦਾ ਖ਼ਦਸ਼ਾ ਵਧ ਗਿਆ ਹੈ। ਚੀਨ ਨੇ ਟਰੰਪ ਵੱਲੋਂ ਲਾਏ ਗਏ ਟੈਕਸ ’ਤੇ ਫੌਰੀ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਟਰੰਪ ਨੇ ਆਰਥਿਕ ਐਮਰਜੈਂਸੀ ਤਹਿਤ ਚੀਨ ਤੋਂ ਹਰ ਤਰ੍ਹਾਂ ਦੇ ਸਾਮਾਨ ਦੀ ਦਰਾਮਦ ’ਤੇ 10 ਫ਼ੀਸਦ ਅਤੇ ਮੈਕਸਿਕੋ ਤੇ ਕੈਨੇਡਾ ਤੋਂ ਹੁੰਦੀ ਦਰਾਮਦ ’ਤੇ 25 ਫ਼ੀਸਦ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਪਰ ਕੈਨੇਡਾ ਤੋਂ ਦਰਾਮਦ ਤੇਲ, ਕੁਦਰਤੀ ਗੈਸ ਅਤੇ ਬਿਜਲੀ ਸਣੇ ਊਰਜਾ ’ਤੇ 10 ਫ਼ੀਸਦ ਦੀ ਦਰ ਨਾਲ ਟੈਕਸ ਲਗਾਇਆ ਜਾਵੇਗਾ। ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ 155 ਅਰਬ ਡਾਲਰ ਤੱਕ ਦੀ ਅਮਰੀਕੀ ਦਰਾਮਦ ’ਤੇ 25 ਫ਼ੀਸਦ ਟੈਕਸ ਲਗਾਏਗਾ। ਮੈਕਸਿਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੀਨਬਾਮ ਨੇ ਵੀ ਜਵਾਬੀ ਕਾਰਵਾਈ ਵਿਚ ਟੈਕਸ ਲਗਾਉਣ ਦੀ ਹਦਾਇਤ ਕੀਤੀ ਹੈ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕੈਨੇਡਾ, ਮੈਕਸਿਕੋ ਅਤੇ ਚੀਨ ’ਤੇ ਲਾਏ ਟੈਕਸਾਂ ਨੂੰ ‘ਅਮਰੀਕੀਆਂ ਦੀ ਸੁਰੱਖਿਆ ਲਈ’ ਜ਼ਰੂਰੀ ਦੱਸਿਆ। ਟਰੰਪ ਨੇ ਤਿੰਨਾਂ ਮੁਲਕਾਂ ’ਤੇ ਫੇਂਟੇਨਾਈਲ (ਦਰਦ ਤੋਂ ਆਰਾਮ ਦੇਣ ਵਾਲੀ ਦਵਾਈ) ਦੇ ਗ਼ੈਰ-ਕਾਨੂੰਨੀ ਨਿਰਮਾਣ ਅਤੇ ਬਰਾਮਦ ਉੱਤੇ ਪਾਬੰਦੀ ਲਾਉਣ ਅਤੇ ਕੈਨੇਡਾ ਤੇ ਮੈਕਸਿਕੋ ਉੱਤੇ ਅਮਰੀਕਾ ਵਿਚ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਦਬਾਅ ਪਾਇਆ ਹੈ। ਟਰੰਪ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਇਨ੍ਹਾਂ ਮੁਲਕਾਂ ’ਤੇ ਟੈਕਸ ਲਾਉਣ ਦੀ ਗੱਲ ਆਖੀ ਸੀ ਅਤੇ ਇਸ ਦਿਸ਼ਾ ਵੱਲ ਕਦਮ ਉਠਾਉਂਦਿਆਂ ਉਨ੍ਹਾਂ ਆਪਣਾ ਇਕ ਵਾਅਦਾ ਪੂਰਾ ਕਰ ਦਿੱਤਾ ਹੈ। ਹਾਲਾਂਕਿ ਇਸ ਨਾਲ ਆਲਮੀ ਅਰਥਚਾਰੇ ਵਿਚ ਹਿਲ-ਜੁਲ ਹੋਣ ਦਾ ਖ਼ਦਸ਼ਾ ਹੈ। ਟੈਕਸ ਲਗਾਉਣ ਨਾਲ ਮਹਿੰਗਾਈ ਵਧਣ ਦਾ ਵੀ ਖ਼ਦਸ਼ਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਅਮਰੀਕੀ ਸ਼ਰਾਬ ਅਤੇ ਫ਼ਲਾਂ ਦੇ 30 ਅਰਬ ਡਾਲਰ ਦੇ ਵਪਾਰ ’ਤੇ ਕੈਨੇਡਿਆਈ ਟੈਕਸ ਮੰਗਲਵਾਰ ਨੂੰ ਉਸੇ ਵੇਲੇ ਲਾਗੂ ਹੋ ਜਾਵੇਗਾ, ਜਦੋਂ ਅਮਰੀਕੀ ਟੈਕਸ ਅਮਲ ਵਿਚ ਆਉਣਗੇ। ਬਾਕੀ ਵਸਤਾਂ ’ਤੇ ਟੈਕਸ 21 ਦਿਨਾਂ ਬਾਅਦ ਲਾਏ ਜਾਣਗੇ। ਉਨ੍ਹਾਂ ਕਿਹਾ, ‘‘ਇਸ ਦਾ ਅਮਰੀਕੀ ਲੋਕਾਂ ’ਤੇ ਹਕੀਕੀ ਰੂਪ ਵਿਚ ਅਸਰ ਪਏਗਾ।’’ ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਵਜੋਂ ਕਰਿਆਣੇ ਦਾ ਸਾਮਾਨ ਤੇ ਹੋਰ ਵਸਤਾਂ ਦੀਆਂ ਕੀਮਤਾਂ ਵਧਣਗੀਆਂ। ਟਰੂਡੋ ਨੇ ਅਮਰੀਕੀਆਂ ਨੂੰ ਚੇਤੇ ਕਰਵਾਇਆ ਕਿ ਕੈਨੇਡਿਆਈ ਫੌਜੀਆਂ ਨੇ ਅਫ਼ਗ਼ਾਨਿਸਤਾਨ ਵਿਚ ਉਨ੍ਹਾਂ ਨਾਲ ਰਲ ਕੇ ਜੰਗ ਲੜੀ ਸੀ ਅਤੇ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਲੈ ਕੇ ‘ਕੈਟਰੀਨਾ’ ਤੂਫਾਨ ਤੱਕ ਹੋਰ ਕਈ ਸੰਕਟਾਂ ਨਾਲ ਨਜਿੱਠਣ ਵਿਚ ਮਦਦ ਕੀਤੀ ਸੀ। ਟਰੂਡੋ ਨੇ ਕਿਹਾ, ‘‘ਵ੍ਹਾਈਟ ਹਾਊਸ ਦੀ ਕਾਰਵਾਈ ਨੇ ਸਾਨੂੰ ਇਕਜੁੱਟ ਕਰਨ ਦੀ ਥਾਂ ਵੱਖ ਕਰ ਦਿੱਤਾ ਹੈ।’’ ਮੈਕਸਿਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੀਨਬਾਮ ਨੇ ਵ੍ਹਾਈਟ ਹਾਊਸ ਦੇ ਦੋਸ਼ ਨਕਾਰਦਿਆਂ ਕਿਹਾ ਕਿ ਅਮਰੀਕੀ ਸਰਕਾਰ ਤੇ ਉਸ ਦੀਆਂ ਏਜੰਸੀਆਂ ਨੂੰ ਆਪਣੇ ਮੁਲਕ ’ਚ ਫੇਂਟੇਨਾਈਲ ਦੀ ਖਪਤ ਦਾ ਗੰਭੀਰਤਾ ਨਾਲ ਹੱਲ ਕੱਢਣਾ ਚਾਹੀਦਾ ਹੈ। ਅਮਰੀਕਾ ਦੇ ਵੱਡੇ ਸ਼ਹਿਰਾਂ ’ਚ ਨਸ਼ਿਆਂ ਦੀ ਵਿਕਰੀ ਤੇ ਪੈਸਿਆਂ ਦੇ ਲੈਣ-ਦੇਣ ਲਈ ਹੋਰਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਥਾਂ ਖੁਦ ਹੀ ਕਦਮ ਚੁੱਕਣੇ ਚਾਹੀਦੇ ਹਨ। -ਏਪੀ
ਬੀਸੀ ਦੇ ਸਰਕਾਰੀ ਸਟੋਰਾਂ ’ਚੋਂ ਅਮਰੀਕੀ ਸ਼ਰਾਬ ਹਟਾਈ
ਬ੍ਰਿਟਿਸ਼ ਕੋਲੰਬੀਆ (ਬੀਸੀ) ਦੇ ਪ੍ਰੀਮੀਅਰ ਡੇਵਿਡ ਏਬੀ ਨੇ ਸੂਬੇ ਦੇ ਲੋਕਾਂ ਨੂੰ ਕਿਹਾ ਹੈ ਕਿ ਉਹ ਅਮਰੀਕਾ ਤੋਂ ਸ਼ਰਾਬ ਖ਼ਰੀਦਣਾ ਬੰਦ ਕਰ ਦੇਣ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਟੈਕਸ ਥੋਪੇ ਜਾਣ ਦੇ ਰੋਸ ਵਜੋਂ ਉਹ ਸਰਕਾਰੀ ਸਟੋਰਾਂ ’ਚੋਂ ਅਮਰੀਕੀ ਸ਼ਰਾਬ ਹਟਾ ਰਹੇ ਹਨ। ਟੀਵੀ ’ਤੇ ਦਿੱਤੇ ਸੁਨੇਹੇ ’ਚ ਏਬੀ ਨੇ ਟਰੰਪ ਪ੍ਰਸ਼ਾਸਨ ਦੇ ਫ਼ੈਸਲੇ ਨੂੰ ‘ਭਰੋਸੇਯੋਗ ਭਾਈਵਾਲ ਅਤੇ ਦੋਸਤ ਖ਼ਿਲਾਫ਼ ਆਰਥਿਕ ਜੰਗ ਦਾ ਐਲਾਨ’ ਕਰਾਰ ਦਿੱਤਾ। -ਏਪੀ
ਕੈਨੇਡਾ-ਅਮਰੀਕਾ ਦੇ ਵਪਾਰੀ ਫਿਕਰਾਂ ’ਚ ਪਏ
ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਅਮਰੀਕਾ ਅਤੇ ਕੈਨੇਡਾ ਵੱਲੋਂ ਇਕ-ਦੂਜੇ ’ਤੇ ਟੈਕਸ ਲਗਾਉਣ ਨਾਲ ਦੋਵੇਂ ਮੁਲਕਾਂ ਦੇ ਵਪਾਰੀਆਂ ਦੇ ਮੱਥਿਆਂ ’ਤੇ ਚਿੰਤਾ ਦੀਆਂ ਲਕੀਰਾਂ ਉੱਭਰ ਆਈਆਂ ਹਨ। ਸਟੀਲ ਵਪਾਰੀਆਂ ਦਾ ਕਹਿਣਾ ਹੈ ਕਿ ਕਈ ਅਜਿਹੀਆਂ ਵਸਤਾਂ ਹਨ ਜੋ ਤਿਆਰੀ ਤੋਂ ਪਹਿਲਾਂ ਦੋ-ਤਿੰਨ ਵਾਰ ਆਰ-ਪਾਰ ਦਾ ਸਫ਼ਰ ਕਰਦੀਆਂ ਹਨ। ਉਨ੍ਹਾਂ ਸ਼ੰਕਾ ਪ੍ਰਗਟਾਈ ਕਿ ਟੈਰਿਫ ਕਾਰਨ ਉਤਪਾਦਕਾਂ ਲਈ ਸੰਕਟ ਖੜ੍ਹਾ ਹੋ ਜਾਵੇਗਾ। ਅਮਰੀਕਾ ਦਾ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਅਮਲਾ ਟੈਰਿਫ ਬਾਰੇ ਦਿਸ਼ਾ-ਨਿਰਦੇਸ਼ ਨਾ ਹੋਣ ਕਰਕੇ ਉਹ ਟਰੱਕਾਂ ਨੂੰ ਲੰਘਣ ਦੇਣ ਜਾਂ ਰੋਕਣ ਬਾਰੇ ਦੁਚਿੱਤੀ ’ਚ ਫਸੇ ਰਹੇ। ਇਸ ਕਾਰਨ ਸਰਹੱਦੀ ਲਾਂਘਿਆਂ ’ਤੇ ਟਰੱਕਾਂ ਦੀਆਂ ਵੱਡੀਆਂ ਕਤਾਰਾਂ ਲੱਗ ਗਈਆਂ। ਕੁਝ ਟਰੱਕਾਂ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਲਈ ਉਹ ਘੰਟੇ ਬੜੇ ਔਖੇ ਸਨ। ਦੁਵੱਲੇ ਵਪਾਰ ਨਾਲ ਸਬੰਧਤ ਕੁਝ ਮਾਹਿਰਾਂ ਨੇ ਦੱਸਿਆ ਕਿ ਟੈਰਿਫ ਦਾ ਇਹ ਮਾਮਲਾ ਬਹੁਤੀ ਦੇਰ ਨਹੀਂ ਚੱਲ ਸਕਦਾ ਹੈ।