ਟਰੰਪ ਵੱਲੋਂ ਸ੍ਰੀਰਾਮ ਕ੍ਰਿਸ਼ਨਨ ਮਸਨੂਈ ਬੌਧਿਕਤਾ ਬਾਰੇ ਸੀਨੀਅਰ ਨੀਤੀ ਸਲਾਹਕਾਰ ਨਿਯੁਕਤ
ਸਾਂ ਫਰਾਂਸਿਸਕੋ, 23 ਦਸੰਬਰ
ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ-ਅਮਰੀਕੀ ਪੂੰਜੀਪਤੀ ਸ੍ਰੀਰਾਮ ਕ੍ਰਿਸ਼ਨਨ ਨੂੰ ਮਸਨੂਈ ਬੌਧਿਕਤਾ (ਏਆਈ) ਬਾਰੇ ਸੀਨੀਅਰ ਨੀਤੀ ਸਲਾਹਕਾਰ ਨਿਯੁਕਤ ਕੀਤਾ ਹੈ। ਟਰੰਪ ਨੇ ਇਸ ਸਬੰਧੀ ਐਲਾਨ ਕਰਦਿਆਂ ਕਿਹਾ, ‘ਸ੍ਰੀਰਾਮ ਕ੍ਰਿਸ਼ਨਨ ‘ਵਾਈਟ ਹਾਊਸ ਆਫਿਸ ਆਫ ਸਾਇੰਸ ਐਂਡ ਟੈਕਨਾਲੋਜੀ ਪਾਲਿਸੀ’ ਵਿੱਚ ਏਆਈ ਬਾਰੇ ਸੀਨੀਅਰ ਨੀਤੀ ਸਲਾਹਕਾਰ ਵਜੋਂ ਕੰਮ ਕਰਨਗੇ।’ ਕ੍ਰਿਸ਼ਨਨ ਪਹਿਲਾਂ ਮਾਈਕ੍ਰੋਸਾਫਟ, ਟਵਿੱਟਰ, ਯਾਹੂ, ਫੇਸਬੁੱਕ ਅਤੇ ਸਨੈਪ ਆਦਿ ਕੰਪਨੀਆਂ ਵਿੱਚ ਕੰਮ ਕਰ ਚੁੱਕੇ ਹਨ। ਹੁਣ ਓਹ ‘ਵਾਈਟ ਹਾਊਸ ਏਆਈ ਐਂਡ ਕ੍ਰਿਪਟੋ ਜ਼ਾਰ’ ਲਈ ਨਿਯੁਕਤ ਕੀਤੇ ਗਏ ਡੇਵਿਡ ਓ ਸਾਕਸ ਨਾਲ ਰਲ ਕੇ ਕੰਮ ਕਰਨਗੇ। ਟਰੰਪ ਨੇ ਕਿਹਾ, ‘ਡੇਵਿਡ ਦੇ ਨਾਲ ਸ੍ਰੀਰਾਮ ਏਆਈ ਦੇ ਖੇਤਰ ਵਿੱਚ ਅਮਰੀਕਾ ਦਾ ਦਬਦਬਾ ਯਕੀਨੀ ਬਣਾਉਣ ’ਤੇ ਧਿਆਨ ਕੇਂਦਰਿਤ ਕਰਨਗੇ।’
ਕ੍ਰਿਸ਼ਨਨ ਨੇ ਇਸ ਅਹੁਦੇ ਲਈ ਨਾਮਜ਼ਦ ਕੀਤੇ ਜਾਣ ’ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ, ‘ਆਪਣੇ ਦੇਸ਼ ਦੀ ਸੇਵਾ ਕਰਨ ਅਤੇ ਡੇਵਿਡ ਨਾਲ ਮਿਲ ਕੇ ਏਆਈ ਦੇ ਖੇਤਰ ਵਿੱਚ ਅਮਰੀਕਾ ਦਾ ਦਬਦਬਾ ਕਾਇਮ ਰੱਖਣ ਦਾ ਜੋ ਮੌਕਾ ਮਿਲਿਆ ਹੈ, ਉਸ ਸਬੰਧੀ ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।’ ਭਾਰਤੀ-ਅਮਰੀਕੀ ਭਾਈਚਾਰੇ ਨੇ ਕ੍ਰਿਸ਼ਨਨ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ। -ਪੀਟੀਆਈ