ਟਰੰਪ ਅਤੇ ਪੂਤਿਨ ਨੇ ਯੂਕਰੇਨ ’ਚ ਜੰਗ ਦੇ ਖ਼ਾਤਮੇ ਬਾਰੇ ਕੀਤੀ ਚਰਚਾ
ਵਾਸ਼ਿੰਗਟਨ, 11 ਨਵੰਬਰ
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਫੋਨ ’ਤੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ਯੂਕਰੇਨ ’ਚ ਜੰਗ ਦੇ ਖ਼ਾਤਮੇ ਸਮੇਤ ਹੋਰ ਕਈ ਅਹਿਮ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਅਮਰੀਕੀ ਅਖ਼ਬਾਰ ‘ਦਿ ਵਾਸ਼ਿੰਗਟਨ ਪੋਸਟ’ ਨੇ ਐਤਵਾਰ ਨੂੰ ਪ੍ਰਕਾਸ਼ਿਤ ਆਪਣੀ ਵਿਸ਼ੇਸ਼ ਰਿਪੋਰਟ ’ਚ ਇਸ ਦਾ ਖ਼ੁਲਾਸਾ ਕੀਤਾ ਹੈ। ਹਾਲੀਆ ਰਾਸ਼ਟਰਪਤੀ ਚੋਣਾਂ ਜਿੱਤਣ ਮਗਰੋਂ ਟਰੰਪ ਨੇ 70 ਤੋਂ ਵੱਧ ਆਲਮੀ ਆਗੂਆਂ ਨਾਲ ਗੱਲਬਾਤ ਕੀਤੀ ਸੀ। ਸਭ ਤੋਂ ਪਹਿਲੇ ਆਗੂਆਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੀ ਸ਼ਾਮਲ ਸਨ।
‘ਦਿ ਵਾਸ਼ਿੰਗਟਨ ਪੋਸਟ’ ਨੇ ਦਾਅਵਾ ਕੀਤਾ, ‘‘ਦੋਵਾਂ ਆਗੂਆਂ ਨੇ ਯੂਰਪੀ ਮਹਾਂਦੀਪ ਵਿਚ ਸ਼ਾਂਤੀ ਕਾਇਮ ਕਰਨ ਬਾਰੇ ਚਰਚਾ ਕੀਤੀ ਅਤੇ ਟਰੰਪ ਨੇ ਯੂਕਰੇਨ ਜੰਗ ਦੇ ਜਲਦੀ ਖ਼ਾਤਮੇ ਉਤੇ ਜ਼ੋਰ ਦਿੱਤਾ। ਉਨ੍ਹਾਂ ਇਸ ਗੱਲ ਵਿਚ ਵੀ ਦਿਲਚਸਪੀ ਦਿਖਾਈ ਕਿ ਦੋਵੇਂ ਆਗੂ ਇਨ੍ਹਾਂ ਮੁੱਦਿਆਂ ਉਤੇ ਅਗਾਂਹ ਵੀ ਗੱਲਬਾਤ ਕਰਦੇ ਰਹਿਣਗੇ।’’ ਰਿਪੋਰਟ ਮੁਤਾਬਕ ਦੋਵੇਂ ਆਗੂਆਂ ਦੀ ਹੋਈ ਇਸ ਗੱਲਬਾਤ ਤੋਂ ਜਾਣੂ ਸਾਬਕਾ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਟਰੰਪ ਸੰਭਾਵਤ ਤੌਰ ’ਤੇ ਰੂਸ ਵੱਲੋਂ ਯੂਕਰੇਨ ਉਤੇ ਕੀਤੇ ਹਮਲੇ ਵਰਗੇ ਵੱਡੇ ਸੰਕਟ ਦੇ ਜਾਰੀ ਰਹਿੰਦਿਆਂ ਅਹੁਦਾ (ਅਮਰੀਕੀ ਰਾਸ਼ਟਰਪਤੀ ਵਜੋਂ) ਨਹੀਂ ਸੰਭਾਲਣਾ ਚਾਹੁਣਗੇ। ਇਸੇ ਕਾਰਨ ਉਨ੍ਹਾਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਹਾਲਾਤ ਨੂੰ ਵਿਗੜਨ ਤੋਂ ਰੋਕਣਾ ਚਾਹੁੰਦੇ ਹਨ। -ਪੀਟੀਆਈ
ਰੂਸ ਨੇ ਮੀਡੀਆ ਰਿਪੋਰਟ ਦੇ ਦਾਅਵੇ ਦਾ ਕੀਤਾ ਖੰਡਨ
ਰੂਸੀ ਤਰਜਮਾਨ ਦਮਿੱਤਰੀ ਪੇਸਕੋਵ ਨੇ ਪੂਤਿਨ ਅਤੇ ਟਰੰਪ ਵਿਚਕਾਰ ਫੋਨ ’ਤੇ ਕੋਈ ਗੱਲਬਾਤ ਹੋਣ ਦੀਆਂ ਰਿਪੋਰਟਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਪੇਸਕੋਵ ਨੇ ਮਾਸਕੋ ’ਚ ਕਿਹਾ ਕਿ ਪੂਤਿਨ ਅਤੇ ਟਰੰਪ ਵਿਚਕਾਰ ਫੋਨ ’ਤੇ ਗੱਲਬਾਤ ਹੋਣ ਦੀਆਂ ਪੱਛਮੀ ਮੀਡੀਆ ਦੀਆਂ ਰਿਪੋਰਟਾਂ ਗਲਤ ਹਨ। ਰੂਸੀ ਖ਼ਬਰ ਏਜੰਸੀ ਤਾਸ ਨੇ ਪੇਸਕੋਵ ਦੇ ਹਵਾਲੇ ਨਾਲ ਕਿਹਾ ਕਿ ਦੋਵੇਂ ਆਗੂਆਂ ਵਿਚਕਾਰ ਗੱਲਬਾਤ ਮਨਘੜਤ ਹੈ। ਇਸ ਦੌਰਾਨ ਟਰੰਪ ਦੇ ਸੰਚਾਰ ਮਾਮਲਿਆਂ ਦੇ ਡਾਇਰੈਕਟਰ ਸਟੀਵਨ ਚਿਉਂਗ ਨੇ ਕਿਹਾ ਕਿ ਉਹ ਟਰੰਪ ਦੀਆਂ ਪ੍ਰਾਈਵੇਟ ਫੋਨ ਕਾਲਾਂ ਅਤੇ ਹੋਰ ਆਲਮੀ ਆਗੂਆਂ ਨਾਲ ਗੱਲਬਾਤ ਬਾਰੇ ਕੋਈ ਟਿੱਪਣੀ ਨਹੀਂ ਕਰਨਗੇ।