ਲਾਤੀਨੀ ਵੋਟਰਾਂ ਤੱਕ ਪਹੁੰਚਣ ਲਈ ਜ਼ੋਰ ਲਾਉਣ ਲੱਗੇ ਟਰੰਪ ਤੇ ਹੈਰਿਸ
ਵਾਸ਼ਿੰਗਟਨ, 22 ਅਕਤੂਬਰ
ਕਮਲਾ ਹੈਰਿਸ ਤੇ ਡੋਨਲਡ ਟਰੰਪ ਦੋਵੇਂ ਆਰਥਿਕ ਨੀਤੀਆਂ ਨੂੰ ਲਾਤੀਨੀ ਵੋਟਰਾਂ ਨੂੰ ਜਿੱਤਣ ਦਾ ਸਭ ਤੋਂ ਚੰਗਾ ਮੌਕਾ ਮੰਨਦੇ ਹਨ ਪਰ ਦੋਵਾਂ ਦਾ ਨਜ਼ਰੀਆ ਵੱਖੋ-ਵੱਖਰਾ ਹੈ। ਅੱਜ ਦੁਪਹਿਰ ਨੂੰ ਉਪ ਰਾਸ਼ਟਰਪਤੀ ਹੈਰਿਸ ਨੇ ਇਸ ਗੱਲ ’ਤੇ ਰੋਸ਼ਨੀ ਪਾਉਂਦਿਆਂ ਯੋਜਨਾ ਬਣਾਈ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਦਾ ਏਜੰਡਾ ਲਾਤੀਨੀ ਲੋਕਾਂ ਲਈ ਰੁਜ਼ਗਾਰ ਦੇ ਵੱਧ ਮੌਕੇ ਪੈਦਾ ਕਰੇਗਾ। ਡੈਮੋਕਰੈਟਿਕ ਉਮੀਦਵਾਰ ਦਾ ਇਰਾਦਾ ਰਜਿਸਟਰਡ ਟਰੇਨੀਆਂ ਦੀ ਗਿਣਤੀ ਦੁੱਗਣਾ ਕਰਨ ਦੀ ਆਪਣੀ ਯੋਜਨਾ ਨੂੰ ਪੇਸ਼ ਕਰਨਾ ਹੈ। ਉਹ ਇਸ ਗੱਲ ’ਤੇ ਜ਼ੋਰ ਦੇਣਾ ਚਾਹੁੰਦੀ ਹੈ ਕਿ ਉਹ ਕੁਝ ਸੰਘੀ ਸਰਕਾਰੀ ਨੌਕਰੀਆਂ ਲਈ ਕਾਲਜ ਦੀ ਡਿਗਰੀ ਦੀ ਲੋੜ ਨੂੰ ਕਿਸ ਤਰ੍ਹਾਂ ਹਟਾਏਗੀ ਅਤੇ ਨਿੱਜੀ ਰੁਜ਼ਗਾਰ ਦੇਣ ਵਾਲਿਆਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕਰੇਗੀ। ਹੈਰਿਸ 10 ਲੱਖ ਛੋਟੇ ਕਾਰੋਬੀਆਂ ਨੂੰ 20 ਹਜ਼ਾਰ ਡਾਲਰ ਤੱਕ ਦਾ ਮੁਆਫ ਕਰਨ ਯੋਗ ਕਰਜ਼ਾ ਮੁਹੱਈਆ ਕਰਨਾ ਚਾਹੁੰਦੀ ਹੈ।
ਦੂਜੇ ਪਾਸੇ ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਉਮੀਦਵਾਰ ਟਰੰਪ ਮਿਆਮੀ ਦੇ ਨੀਮ ਸ਼ਹਿਰੀ ਇਲਾਕੇ ਡੋਰਲ ’ਚ ਲਾਤੀਨੀ ਲੋਕਾਂ ਨਾਲ ਇੱਕ ਗੋਲ ਮੇਜ਼ ਸੰਮੇਲਨ ਕਰਕੇ ਉਨ੍ਹਾਂ ਤੱਕ ਆਪਣੀ ਪਹੁੰਚ ਬਣਾ ਰਹੇ ਹਨ। ਉਨ੍ਹਾਂ ਦੀ ਪ੍ਰਚਾਰ ਮੁਹਿੰਮ ’ਚ ਕਿਹਾ ਗਿਆ ਹੈ ਕਿ ਉਹ ਦਾਅਵਾ ਕਰਨਗੇ ਕਿ ਉਨ੍ਹਾਂ ਦੇ ਦਫ਼ਤਰ ’ਚ ਰਹਿਣ ਦੌਰਾਨ ਲਾਤਿਨੀ ਲੋਕਾਂ ਲਈ ਰੁਜ਼ਗਾਰ, ਮਜ਼ਦੂਰੀ ਤੇ ਘਰ ਦੀ ਮਾਲਕੀ ’ਚ ਵਾਧਾ ਹੋਇਆ ਹੈ। -ਏਪੀ