ਟਰੰਪ ਤੇ ਬਿਡੇਨ ਨੇ ਹਿੰਦੂਆਂ ਤੋਂ ਸਹਿਯੋਗ ਮੰਗਿਆ
ਵਾਸ਼ਿੰਗਟਨ, 19 ਅਗਸਤ
ਰਾਸ਼ਟਰਪਤੀ ਚੋਣ ਲਈ ਊਮੀਦਵਾਰ ਡੋਨਲਡ ਟਰੰਪ ਅਤੇ ਜੋਅ ਬਿਡੇਨ ਵਲੋਂ ਆਪੋ-ਆਪਣੀਆਂ ਪ੍ਰਚਾਰ ਮੁਹਿੰਮਾਂ ਵਿੱਚ ਹਿੰਦੂ ਭਾਈਚਾਰੇ ਦਾ ਸਹਿਯੋਗ ਲਿਆ ਜਾ ਰਿਹਾ ਹੈ, ਜਿਸ ਤੋਂ ਅਮਰੀਕਾ ਵਿੱਚ ਇਸ ਘੱਟ ਗਿਣਤੀ ਧਾਰਮਿਕ ਭਾਈਚਾਰੇ ਦੀ ਵਧ ਰਹੀ ਸਿਆਸੀ ਮਹੱਤਤਾ ਸਾਹਮਣੇ ਆਉਂਦੀ ਹੈ।
ਅਮਰੀਕਾ ਵਿੱਚ ਹਿੰਦੂਤਵ ਚੌਥਾ ਵੱਡਾ ਧਾਰਮਿਕ ਭਾਈਚਾਰਾ ਹੈ ਅਤੇ ਸਾਲ 2016 ਵਿੱਚ ਇਹ ਅਮਰੀਕੀ ਅਬਾਦੀ ਦਾ ਲਗਭਗ ਇੱਕ ਫ਼ੀਸਦ ਸੀ। ਟਰੰਪ ਦੀ ਪ੍ਰਚਾਰ ਮੁਹਿੰਮ ਵਿੱਚ ਵਾਅਦਾ ਕੀਤਾ ਜਾ ਰਿਹਾ ਹੈ ਕਿ ਡੋਨਲਡ ਟਰੰਪ ਦੇ ਮੁੜ ਰਾਸ਼ਟਰਪਤੀ ਬਣਨ ਦੀ ਸੂਰਤ ਵਿੱਚ ਅਮਰੀਕਾ ਵਿੱਚ ਹਿੰਦੂਆਂ ਲਈ ‘ਧਾਰਮਿਕ ਆਜ਼ਾਦੀ ਵਿਚ ਅੜਿੱਕਿਆਂ ਨੂੰ ਘਟਾਇਆ ਜਾਵੇਗਾ’ ਜਦਕਿ ਬਿਡੇਨ ਦੀ ਪ੍ਰਚਾਰ ਮੁਹਿੰਮ ਵਿੱਚ ਕਿਹਾ ਜਾ ਰਿਹਾ ਹੈ ਕਿ ਬਿਡੇਨ ਵਲੋਂ ਹਿੰਦੂ ਭਾਈਚਾਰੇ ਦੇ ਲੋਕਾਂ ਤੱਕ ਪਹੁੰਚ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਪਹਿਲੀ ਵਾਰ, 14 ਅਗਸਤ ਨੂੰ ਟਰੰਪ ਦੀ ਪ੍ਰਚਾਰ ਮੁਹਿੰਮ ਤਹਿਤ ‘ਟਰੰਪ ਲਈ ਹਿੰਦੂ ਅਵਾਜ਼ਾਂ’ ਦਾ ਗਠਨ ਕੀਤਾ ਗਿਆ। ਇਸ ਤੋਂ ਦੋ ਦਨਿਾਂ ਬਾਅਦ ਡੈਮੋਕ੍ਰੈਟਿਕ ਪਾਰਟੀ ਦੀ ਕੌਮੀ ਕਨਵੈਨਸ਼ਨ ਵਿੱਚ ਹਿੰਦੂ ਆਗੂ ਨੀਲਮਾ ਗੋਨੂਗੁੰਟਲਾ ਨੇ ਹਿੱਸਾ ਲਿਆ, ਜਿਸ ਨੂੰ ਬਿਡੇਨ ਦੀ ਪ੍ਰਚਾਰ ਮੁਹਿੰਮ ਨੇ ਹਿੰਦੂਆਂ ਦੀ ਅਮਰੀਕਾ ਵਿੱਚ ਵਧਦੀ ਸਿਆਸੀ ਮਹੱਤਤਾ ਦਾ ਚਿੰਨ੍ਹ ਦੱਸਿਆ। – ਪੀਟੀਆਈ
ਕਲਿੰਟਨ ਵਲੋਂ ਟਰੰਪ ’ਤੇ ਤਿੱਖੇ ਹਮਲੇ
ਨਿਊਯਾਰਕ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਨੇ ਡੋਨਲਡ ਟਰੰਪ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਦੇ ਇਸ ਸਮੇਂ ਵਿੱਚ ਜਦੋਂ ਓਵਲ ਆਫਿਸ ਨੂੰ ‘ਕਮਾਂਡ ਕੇਂਦਰ’ ਹੋਣਾ ਚਾਹੀਦਾ ਸੀ, ਊਸ ਵੇਲੇ ਇਹ ਹਫ਼ੜਾ-ਦਫੜੀ ਵਾਲਾ ‘ਤੂਫ਼ਾਨ ਕੇਂਦਰ’ ਬਣਿਆ ਹੋਇਆ ਹੈ। ਊਨ੍ਹਾਂ ਕਿਹਾ ਕਿ ਟਰੰਪ ਲਈ ਰਾਸ਼ਟਰਪਤੀ ਬਣਨ ਦਾ ਅਰਥ ਘੰਟਿਆਂ ਬੱਧੀ ਬੈਠ ਕੇ ਟੀਵੀ ਦੇਖਣਾ ਤੇ ਸੋਸ਼ਲ ਮੀਡੀਆ ’ਤੇ ਲੋਕਾਂ ਊੱਪਰ ‘ਹਮਲੇ’ ਕਰਨਾ ਹੈ। ਊਹ ਕਦੇ ਵੀ ਆਪਣੀਆਂ ਕਾਰਵਾਈਆਂ ਲਈ ਜ਼ਿੰਮੇਵਾਰੀ ਨਹੀਂ ਲੈਂਦੇ। ਡੈਮੋਕ੍ਰੈਟਿਕ ਪਾਰਟੀ ਦੀ ਕੌਮੀ ਕਨਵੈਨਸ਼ਨ ਦੇ ਦੂਜੇ ਦਿਨ ਸੰਬੋਧਨ ਕਰਦਿਆਂ ਕਲਿੰਟਨ ਨੇ ਕਿਹਾ, ‘‘ਡੋਨਲਡ ਟਰੰਪ ਦਾ ਕਹਿਣਾ ਹੈ ਕਿ ਅਸੀਂ ਵਿਸ਼ਵ ਦੀ ਅਗਵਾਈ ਕਰ ਰਹੇ ਹਾਂ। ਅਸਲ ਵਿੱਚ ਸਾਡੀ ਸਨਅਤੀ ਅਰਥ-ਵਿਵਸਥਾ ਵਿੱਚ ਬੇਰੁਜ਼ਗਾਰੀ ਦਰ ਤਿੱਗਣੀ ਹੋ ਗਈ ਹੈ।’’ -ਪੀਟੀਆਈ