For the best experience, open
https://m.punjabitribuneonline.com
on your mobile browser.
Advertisement

ਰੱਬ ਤੋਂ ਸੱਚੇ

08:31 AM Apr 24, 2024 IST
ਰੱਬ ਤੋਂ ਸੱਚੇ
Advertisement

ਗੁਰਮਲਕੀਅਤ ਸਿੰਘ ਕਾਹਲੋਂ

Advertisement

ਦਫ਼ਤਰ ਦੇ ਕੀਤੇ ਜਾਣ ਵਾਲੇ ਕੰਮ ਮੈਂ ਆਉਂਦੇ ਸਾਰ ਨਿਪਟਾ ਲਏ ਸਨ। ਸੇਵਾਦਾਰ ਚਾਹ ਦਾ ਕੱਪ ਮੇਜ਼ ’ਤੇ ਰੱਖ ਗਿਆ। ਚਾਹ ਪੀਤੀ ਤਾਂ ਆਪਣਾ ਆਪ ਥੋੜ੍ਹਾ ਹਲਕਾ ਮਹਿਸੂਸ ਹੋਣ ਲੱਗਾ। ਰਿਮੋਟ ਫੜ ਕੇ ਟੀਵੀ ਔਨ ਕੀਤਾ। ਦੋ ਵਿਦਵਾਨਾਂ ’ਚ ਜ਼ਿੰਦਗੀ ਦੇ ਘੁੱਪ ਹਨੇਰੇ ’ਚੋਂ ਰੌਸ਼ਨੀ ਦੀਆਂ ਕਿਰਨਾਂ ਲੱਭਣ ਬਾਰੇ ਬਹਿਸ ਚੱਲ ਰਹੀ ਸੀ ਤੇ ਐਂਕਰ ਬੀਬੀ ਦੋਹਾਂ ਨਾਲ ਸਵਾਲ ਜਵਾਬ ਕਰ ਰਹੀ ਸੀ। ਉਨ੍ਹਾਂ ਦੀਆਂ ਗੱਲਾਂ ਸੁਣਦਿਆਂ ਪਤਾ ਈ ਨਾ ਲੱਗਿਆ, ਕਦ ਮੈਂ ਉਂਜ ਦੇ ਖ਼ਿਆਲਾਂ ’ਚ ਗਵਾਚ ਗਿਆ। ਕਦੇ ਇੱਕ ਦਲੀਲ ਜਚਣ ਲੱਗਦੀ ਤੇ ਕਦੇ ਦੂਜੀ। ਮਨ ਉਨ੍ਹਾਂ ਦੀ ਬਹਿਸ ਦੇ ਨਾਲ ਨਾਲ ਤੁਰਦੇ ਹੋਏ, ਬਿਨ ਬੋਲੇ ਖ਼ਿਆਲਾਂ ਦਾ ਪ੍ਰਗਟਾਵਾ ਕਰਦਿਆਂ ਬਹਿਸ ’ਚ ਸ਼ਮੂਲੀਅਤ ਵਰਗਾ ਅਹਿਸਾਸ ਹੋਣ ਲੱਗਾ। ਦੋ ਚਾਰ ਮਿੰਟਾਂ ਬਾਅਦ ਟੀਵੀ ਭੁੱਲ ਗਿਆ ਤੇ ਮਨ ਵਿੱਚ ਆਪਣੇ ਨਿੱਘੇ ਦੋਸਤ ਸ਼ਿਵਰਾਜ ਨਾਲ ਵਾਪਰੀਆਂ ਘਟਨਾਵਾਂ ਰੀਲ੍ਹ ਬਣ ਕੇ ਘੁੰਮਣ ਲੱਗੀਆਂ।
ਪੜ੍ਹਾਈ ’ਚ ਲਾਇਕ ਸ਼ਿਵਰਾਜ ਨੂੰ ਇੰਜਨੀਅਰਿੰਗ ਕਾਲਜ ’ਚ ਦਾਖਲਾ ਆਰਾਮ ਨਾਲ ਮਿਲ ਗਿਆ ਸੀ। ਡਿਗਰੀ ਦਾ ਨਤੀਜਾ ਆਉਣ ਤੋਂ ਪਹਿਲਾਂ ਹੀ ਹੁਸ਼ਿਆਰਪੁਰ ਦੀ ਟਰੈਕਟਰ ਫੈਕਟਰੀ ਨੇ ਉਸ ਨੂੰ ਨਿਯੁਕਤੀ ਪੱਤਰ ਭੇਜ ਦਿੱਤਾ। ਤਨਖਾਹ ਪੱਖੋਂ ਝਿਜਕਦੇ ਨੂੰ ਮੈਂ ਸਲਾਹ ਦਿੱਤੀ ਕਿ ਜਿੰਨੀ ਦੇਰ ਚੰਗੀ ਨੌਕਰੀ ਵਿੱਚ ਸਮਾਂ ਗੁਆਏਂਗਾ, ਓਨੀ ਦੇਰ ਫੈਕਟਰੀ ’ਚ ਕੰਮ ਦਾ ਤਜਰਬਾ ਹੋਈ ਜਾਓ, ਜਿਹੜਾ ਬਾਅਦ ਵਿੱਚ ਕੰਮ ਆਊ। ਉਸ ਨੂੰ ਮੇਰੀ ਦਲੀਲ ਪਸੰਦ ਆਈ ਤੇ ਉਸ ਨੇ ਨਿਯੁਕਤੀ ਪ੍ਰਵਾਨਗੀ ਵਾਲੇ ਫਾਰਮ ’ਤੇ ਦਸਤਖ਼ਤ ਕਰਕੇ ਡਾਕ ’ਚ ਪਾ ਦਿੱਤਾ। ਜੌਇਨ ਕਰਕੇ ਉਹ ਕੰਮ ਵਿੱਚ ਐਨਾ ਮਸਤ ਹੋਇਆ ਕਿ ਤਨਖਾਹ ਵਾਲੀ ਗੱਲ ਚਿੱਤ ’ਚੋਂ ਵਿਸਰ ਗਈ। ਉਸ ਦੀ ਲਗਨ ਮਾਲਕਾਂ ਤੋਂ ਗੁੱਝੀ ਨਾ ਰਹੀ ਤੇ ਅਗਲੇ ਸਾਲ ਪੈਕੇਜ ਏਨਾ ਵਧਾ ਦਿੱਤਾ, ਜਿਸ ਦੀ ਉਸ ਨੂੰ ਉਮੀਦ ਖ਼ੁਦ ਵੀ ਨਹੀਂ ਸੀ। ਸਾਂਝੇ ਹਾਲ ਦੀ ਥਾਂ ਉਸ ਨੂੰ ਵੱਖਰਾ ਦਫ਼ਤਰ ਮਿਲ ਗਿਆ। ਸਾਲ ਕੁ ਹੋਰ ਲੰਘਿਆ, ਅਪਰੈਂਟਿਸ ਲਈ ਆਈ ਰਸ਼ਮੀ ਨੂੰ ਉਸ ਦੀ ਸਹਾਇਕ ਲਾ ਦਿੱਤਾ ਗਿਆ। ਫਿਲਮੀ ਹੀਰੋਇਨਾਂ ਦਾ ਭੁਲੇਖਾ ਪਾਉਂਦੀ ਕੁੜੀ ਦਾ ਕੋਲ ਬੈਠਣਾ ਉਸ ਨੂੰ ਚੰਗਾ ਲੱਗਦਾ। ਉਸ ਦੇ ਮਨ ’ਚ ਕੁਤਕੁਤਾੜੀਆਂ ਵਰਗਾ ਅਹਿਸਾਸ ਜਾਗਣ ਲੱਗਦਾ। ਖੁੱਲ੍ਹੇ ਸੁਭਾਅ ਦੀ ਰਸ਼ਮੀ ਨਾਲ ਉਹ ਦਿਨ ਬਦਿਨ ਖੁੱਲ੍ਹਦਾ ਗਿਆ ਤੇ ਨੇੜਤਾ ਵਧਦੀ ਗਈ। ਇੱਕ ਦਿਨ ਬਹਾਨੇ ਨਾਲ ਰਸ਼ਮੀ ਨੇ ਉਸ ਨੂੰ ਘਰ ਸੱਦ ਕੇ ਆਪਣੇ ਮਾਪਿਆਂ ਨਾਲ ਮਿਲਵਾ ਦਿੱਤਾ ਤਾਂ ਕਿ ਕੱਲ੍ਹ ਨੂੰ ਉਸ ਵੱਲੋਂ ਵਿਆਹ ਲਈ ਆਪਣੀ ਪਸੰਦ ਦੱਸੇ ਜਾਣ ’ਤੇ ਮਾਪੇ ਸੋਚ ਵਿਚਾਰ ’ਚ ਨਾ ਪੈਣ?
ਬੇਸ਼ੱਕ ਸ਼ਿਵਰਾਜ ਨੌਜੁਆਨ ਸੀ, ਆਪਣੇ ਪੈਰਾਂ ’ਤੇ ਖੜ੍ਹ ਚੁੱਕਾ ਸੀ ਪਰ ਉਸ ਦੇ ਮਨ ਵਿੱਚ ਘਰ ਵਸਾਉਣ ਦੇ ਸੁੱਤੇ ਹੋਏ ਖ਼ਿਆਲ ਨੇ ਰਸ਼ਮੀ ਦੇ ਘਰ ਦਾ ਫੇਰਾ ਪਾਉਣ ਤੋਂ ਬਾਅਦ ਅੰਗੜਾਈ ਭਰ ਲਈ। ਉਹ ਰਸ਼ਮੀ ਨਾਲ ਜੀਵਨ-ਸਾਥ ਦੇ ਸੁਪਨੇ ਵੇਖਣ ਲੱਗਾ। ਰਸ਼ਮੀ ਨਾਲ ਉਸ ਦੀ ਨੇੜਤਾ ਵਧਦੀ ਜਾ ਰਹੀ ਸੀ। ਫੈਕਟਰੀ ਦੀ ਕੰਟੀਨ ਤੋਂ ਆਉਂਦਾ ਉਸ ਦਾ ਲੰਚ ਰਸ਼ਮੀ ਨੇ ਬੰਦ ਕਰਵਾ ਦਿੱਤਾ ਤੇ ਆਪਣੇ ਘਰੋਂ ਉਸ ਦਾ ਟਿਫਨ ਲੈ ਕੇ ਆਉਣ ਲੱਗੀ। ਸ਼ਿਵਰਾਜ ਦੇ ਕੋਰੇ ਮਨ ’ਤੇ ਰਸ਼ਮੀ ਦੀ ਪਕੜ ਪੀਢੀ ਹੁੰਦੀ ਗਈ। ਸੁਪਨਿਆਂ ਵਿੱਚ ਉਹ ਆਪਣੇ ਆਪ ਨੂੰ ਰਾਂਝੇ, ਮਿਰਜ਼ੇ ਤੇ ਮਹੀਵਾਲ ਤੋਂ ਅਗਾਂਹ ਲੰਘ ਗਿਆ ਮਹਿਸੂਸ ਕਰਨ ਲੱਗ ਪਿਆ। ਫੈਕਟਰੀ ’ਚ ਦੋਹਾਂ ਦੇ ਚਰਚੇ ਹੋਣ ਲੱਗੇ। ਪਿਆਰ ’ਚ ਰੰਗਿਆ ਸ਼ਿਵਰਾਜ ਇਹ ਗੱਲ ਆਪਣੇ ਦੋਸਤਾਂ ਨਾਲ ਸਾਂਝੀ ਕਰਨ ਲੱਗ ਪਿਆ। ਮੇਰੇ ’ਤੇ ਉਸ ਨੂੰ ਬਹੁਤ ਭਰੋਸਾ ਸੀ ਪਰ ਜੇ ਕਦੇ ਮੇਰੇ ਤੋਂ ਰਸ਼ਮੀ ਦੀ ਸੰਜੀਦਗੀ ਬਾਰੇ ਕੁਝ ਕਹਿ ਹੋ ਜਾਂਦਾ ਤਾਂ ਉਹ ਨਾਰਾਜ਼ ਹੁੰਦਾ।
ਰਸ਼ਮੀ ਦੀ ਅਪਰੈਂਟਸ਼ਿਪ ਪੂਰੀ ਹੋਈ ਤਾਂ ਉਸ ਨੇ ਫੈਕਟਰੀ ਆਉਣਾ ਬੰਦ ਕਰ ਦਿੱਤਾ। ਸ਼ਿਵਰਾਜ ਨੂੰ ਇਕੱਲਤਾ ਮਹਿਸੂਸ ਹੋਣ ਲੱਗੀ ਪਰ ਆਪਣੀਆਂ ਨੌਕਰੀ ਦੀਆਂ ਜ਼ਿੰਮੇਵਾਰੀਆਂ ਪੱਖੋਂ ਉਹ ਕਦੇ ਅਵੇਸਲਾ ਨਾ ਹੁੰਦਾ। ਕੁਝ ਮਹੀਨਿਆਂ ਬਾਅਦ ਰਸ਼ਮੀ ਦੇ ਹੱਥ ਐੱਮਬੀਏ ਦੀ ਡਿਗਰੀ ਆਈ ਤਾਂ ਸ਼ਹਿਰ ਨੇੜਲੀ ਧਾਗਾ ਫੈਕਟਰੀ ਨੇ ਉਸ ਨੂੰ ਇੰਟਰਵਿਊ ਲਈ ਸੱਦਿਆ। ਉਸ ਨੇ ਸ਼ਿਵਰਾਜ ਦੀ ਸਹਿਮਤੀ ਨਾਲ ਉੱਥੇ ਅਪਲਾਈ ਕੀਤਾ ਸੀ। ਇੰਟਰਵਿਊ ਲਈ ਗਈ ਰਸ਼ਮੀ ਨਿਯੁਕਤੀ ਪੱਤਰ ਲੈ ਕੇ ਮੁੜੀ। ਕੰਪਨੀ ਦੇ ਡਿਪਟੀ ਮੈਨੇਜਰ ਨੇ ਉਸ ਨੂੰ ਆਪਣੀ ਸੈਕਟਰੀ ਦੀ ਪੇਸ਼ਕਸ਼ ਦੇ ਕੇ ਉਸ ਤੋਂ ਸਹਿਮਤੀ ਪੱਤਰ ’ਤੇ ਦਸਤਖ਼ਤ ਕਰਵਾ ਲਏ ਸੀ। ਰਸ਼ਮੀ ਵੱਲੋਂ ਧਾਗਾ ਫੈਕਟਰੀ ਜੌਇਨ ਕਰਨ ਕਰਕੇ ਉਸ ਕੋਲ ਸ਼ਿਵਰਾਜ ਨਾਲ ਗੱਲਬਾਤ ਲਈ ਸਮਾਂ ਘਟ ਗਿਆ। ਸ਼ਿਵਰਾਜ ਇਸ ਗੱਲ ਨੂੰ ਸਮਝਦੇ ਹੋਏ ਵੀ ਆਪਣੇ ਜਜ਼ਬਾਤਾਂ ’ਤੇ ਕਾਬੂ ਪਾਉਣ ’ਚ ਸਫਲ ਨਾ ਹੁੰਦਾ ਤੇ ਉਸ ਦਾ ਨੰਬਰ ਡਾਇਲ ਕਰ ਲੈਂਦਾ। ਮੂਹਰਿਓਂ ਰਸ਼ਮੀ ਦੀ ਮਿਠਾਸ ਭਰੀ ਆਵਾਜ਼ ਦੀ ਥਾਂ ਏਅਰਟੈਲ ਵੱਲੋਂ ਭਰੀ ਹੋਈ ਆਵਾਜ਼ ‘ਸਵਿੱਚ ਔਫ’ ਤੇ ‘ਕਵਰੇਜ ਖੇਤਰ ਤੋਂ ਬਾਹਰ’ ਉਸ ਦੇ ਕੰਨਾਂ ਨੂੰ ਚੁਭਣ ਲੱਗਦੀ। ਦਿਨ ’ਚ ਕਈ ਕਈ ਵਾਰ ਇੰਜ ਹੁੰਦਾ ਤਾਂ ਸ਼ਿਵਰਾਜ ਨੂੰ ਰਸ਼ਮੀ ਦੀ ਮਜਬੂਰੀ ਸਮਝ ਕੇ ਆਪਣੇ ’ਤੇ ਗੁੱਸਾ ਆਉਂਦਾ। ਤਿੰਨ ਚਾਰ ਮਹੀਨੇ ਲੰਘੇ ਹੋਣਗੇ, ਰਸ਼ਮੀ ਸ਼ਿਵਰਾਜ ਨਾਲ ਗੱਲ ਕਰਨ ਤੋਂ ਟਾਲਾ ਵੱਟਣ ਲੱਗੀ। ਸ਼ਿਵਰਾਜ ਦਾ ਮਨ ਕਾਹਲਾ ਪੈਂਦਾ ਕਿ ਛੁੱਟੀ ਵਾਲੇ ਦਿਨ ਉਸ ਦੇ ਘਰ ਜਾ ਕੇ ਮਜਬੂਰੀ ਦਾ ਪਤਾ ਕਰੇ ਪਰ ਸਮਾਜਿਕ ਮਾਨਤਾਵਾਂ ਦਾ ਖ਼ਿਆਲ ਕਰਕੇ ਖਾਹਸ਼ ਨੂੰ ਮਨ ’ਚ ਦਬਾ ਲੈਂਦਾ। ਕੁਝ ਮਹੀਨੇ ਹੋਰ ਲੰਘੇ, ਅੰਮ੍ਰਿਤਸਰ ਗਿਆ ਤਾਂ ਮਾਂ ਨੇ ਚਿਹਰੇ ਤੋਂ ਈ ਪਹਿਚਾਣ ਲਿਆ ਕਿ ਪੁੱਤਰ ਨੂੰ ਉਦਾਸੀ ਨੇ ਘੇਰਿਆ ਹੋਇਆ। ਵਾਰ ਵਾਰ ਪੁੱਛਣ ’ਤੇ ਵੀ ਸ਼ਿਵਰਾਜ ਨੇ ਪੱਲਾ ਨਾ ਫੜਾਇਆ। ਕਦੇ ਕਦਾਈਂ ਮੇਰੇ ਨਾਲ ਗੱਲ ਕਰਦਾ ਤਾਂ ਮੈਨੂੰ ਲੱਗਣ ਲੱਗ ਪਿਆ ਕਿ ਵਕਤੀ ਸਾਂਝ ਨੂੰ ਜ਼ਰੂਰ ਕਿਸੇ ਹੋਰ ਨੇ ਝਰੀਟ ਦਿੱਤਾ ਹੋਇਆ।
ਇੱਕ ਦੋ ਮਹੀਨੇ ਹੋਰ ਲੰਘੇ ਹੋਣਗੇ, ਰਸ਼ਮੀ ਨੇ ਸ਼ਿਵਰਾਜ ਦਾ ਫੋਨ ਬਲਾਕ ਕਰ ਦਿੱਤਾ। ਸ਼ਿਵਰਾਜ ਉੱਖੜ ਗਿਆ, ਉਸ ਦਾ ਮਨ ਇਹ ਮੰਨਣ ਤੋਂ ਇਨਕਾਰੀ ਹੋ ਜਾਂਦਾ ਕਿ ਰਸ਼ਮੀ ਕਿਸੇ ਹੋਰ ਬਾਰੇ ਸੋਚ ਸਕਦੀ ਹੈ। ਭਟਕਦੇ ਮਨ ਨੂੰ ਠੁੰਮਣਾ ਦੇਣ ਲਈ ਉਹ ਕਹਾਣੀਆਂ ਤੇ ਨਾਵਲ ਖ਼ਰੀਦ ਲਿਆਇਆ। ਉਹ ਆਪਣੇ ਆਪ ਨੂੰ ਕਿਸੇ ਕਹਾਣੀ ਦਾ ਪਾਤਰ ਬਣ ਕੇ ਮਨ ਨੂੰ ਧਰਵਾਸ ਦੇਣ ਲੱਗਦਾ ਪਰ ਮਨ ਰਸ਼ਮੀ ’ਤੇ ਬੇਵਫਾਈ ਦਾ ਠੱਪਾ ਲਾਉਣ ਤੋਂ ਇਨਕਾਰੀ ਹੋ ਜਾਂਦਾ। ਅੱਧੀ ਰਾਤ ਤੋਂ ਬਾਅਦ ਤੱਕ ਨੀਂਦ ਉਸ ਦੇ ਨੇੜੇ ਨਾ ਢੁਕਦੀ। ਨੀਂਦ ਦੀ ਘਾਟ ਕਰਕੇ ਕਈ ਵਾਰ ਡਿਊਟੀ ਦੌਰਾਨ ਉਸ ਦੀਆਂ ਅੱਖਾਂ ਭਾਰੀ ਹੋ ਜਾਂਦੀਆਂ। ਕੰਮ ਪੱਖੋਂ ਉਸ ਦੀ ਤਾਰੀਫ਼ ਕਰਨ ਵਾਲੇ ਮੈਨੇਜਰ ਨੂੰ ਤਾੜਨਾ ਭਰੇ ਲਹਿਜ਼ੇ ’ਚ ਕਹਿਣਾ ਪਿਆ ਕਿ ਉਹ ਪਹਿਲਾਂ ਵਾਂਗ ਕੰਮ ਵੱਲ ਧਿਆਨ ਦੇਵੇ। ਹਰ ਹਫ਼ਤੇ ਘਰ ਜਾਣ ਦੀ ਥਾਂ ਉਹ ਮਾਂ ਨਾਲ ਫੋਨ ’ਤੇ ਗੱਲ ਕਰਕੇ ਬੁੱਤਾ ਸਾਰਨ ਲੱਗ ਗਿਆ। ਕਦੇ ਕਦੇ ਤਾਕੀਦ ਕਰਕੇ ਮਾਂ ਸੱਦਦੀ ਤੇ ਉਸ ਨਾਲ ਵਿਆਹ ਦੀ ਗੱਲ ਤੋਰਦੀ। ਬੇਸ਼ੱਕ ਉਹ ਥੋੜ੍ਹਾ ਹੋਰ ਠਹਿਰ ਜਾਓ, ਕਹਿ ਕੇ ਟਾਲਣ ਦਾ ਯਤਨ ਕਰਦਾ ਪਰ ਮਾਂ ਦੀ ਤਸੱਲੀ ਨਾ ਹੁੰਦੀ।
ਇੱਕ ਦਿਨ ਆਪਣੀਆਂ ਈਮੇਲ ਚੈੱਕ ਕਰਦਿਆਂ ਉਸ ਦੇ ਚੇਤਿਆਂ ’ਚੋਂ ਰਸ਼ਮੀ ਦੇ ਈਮੇਲ ਖਾਤੇ ਦਾ ਪਾਸਵਰਡ ਉੱਭਰ ਆਇਆ। ਸਾਵਧਾਨੀ ਵਰਤਦਿਆਂ ਖਾਤਾ ਖੁੱਲ੍ਹਦੇ ਹੀ ਉਹ ਹੱਕਾ-ਬੱਕਾ ਰਹਿ ਗਿਆ। ਇਨਬੌਕਸ ਦੀ ਥਾਂ ਸੈਂਟ ’ਤੇ ਉਂਗਲ ਵੱਜ ਗਈ ਤਾਂ ਰਸ਼ਮੀ ਵੱਲੋਂ ਸਹੇਲੀਆਂ ਨੂੰ ਭੇਜੇ ਆਪਣੇ ਵਿਆਹ ਦੇ ਕਾਰਡ ਉਸ ਦੀ ਨਜ਼ਰ ਚੜ੍ਹੇ। ਕਮਰੇ ’ਚ ਚਕਾਚੌਂਧ ਵਾਲੇ ਦੋ ਬਲਬਾਂ ਦੀ ਰੌਸ਼ਨੀ ਵਿੱਚ ਉਸ ਦੀਆਂ ਅੱਖਾਂ ਮੂਹਰੇ ਹਨੇਰਾ ਛਾਅ ਗਿਆ। ਮਨ ’ਤੇ ਮਣਾਂ ਮੂੰਹੀ ਭਾਰ ਆ ਡਿੱਗਣ ਵਰਗੇ ਅਹਿਸਾਸ ਨੇ ਉਸ ਦੀ ਸੁੱਧ-ਬੁੱਧ ਭੁਲਾ ਦਿੱਤੀ। ਕਾਰਡ ਤੋਂ ਰਸ਼ਮੀ ਦੇ ਹੋਣ ਵਾਲੇ ਪਤੀ ਦਾ ਨਾਂ ਪੜ੍ਹ ਕੇ ਉਸ ਦਾ ਸਿਰ ਚਕਰਾਉਣ ਲੱਗਾ। ਉਹੀ ਮੈਨੇਜਰ ਜਿਸ ਦੀ ਉਹ ਸੈਕਟਰੀ ਲੱਗੀ ਸੀ, ਉਸ ਦਾ ਵਿਆਹ ਹਫ਼ਤਾ ਕੁ ਪਹਿਲਾਂ ਉਸ ਨਾਲ ਹੋ ਚੁੱਕਾ ਸੀ ਤੇ ਦੋਵੇਂ ਹਨੀਮੂਨ ’ਤੇ ਦੁਬਈ ਗਏ ਹੋਏ ਸਨ। ਜਿਵੇਂ ਜਿਵੇਂ ਉਹ ਈਮੇਲਾਂ ਦਾ ਆਦਾਨ ਪ੍ਰਦਾਨ ਵੇਖਦਾ ਤੇ ਪੜ੍ਹਦਾ ਗਿਆ, ਉਸ ਦੀਆਂ ਅੱਖਾਂ ਮੂਹਰੇ ਬੇਵਫਾਈ ਵਾਲੇ ਭਾਂਬੜ ਉੱਚੇ ਹੁੰਦੇ ਗਏ। ਉਸ ਨੂੰ ਖਾਣਾ ਪੀਣਾ ਭੁੱਲ ਗਿਆ। ਨਾਵਲਾਂ ਵਿੱਚ ਪੜ੍ਹੇ ਬੇਵਫਾਈ ਦੇ ਕਿੱਸੇ ਉਸ ਦੇ ਚੇਤਿਆਂ ’ਚੋਂ ਉੱਭਰਨ ਲੱਗੇ। ਫੈਕਟਰੀ ਵਾਲੇ ਬੌਸ ਦੀ ਤਾੜਨਾ ਦਾ ਖ਼ਿਆਲ ਕਰਕੇ ਉਸ ਨੇ ਤਬੀਅਤ ਨਾ-ਸਾਜ ਦਾ ਬਹਾਨਾ ਬਣਾ ਕੇ ਤਿੰਨ ਦਿਨ ਦੀ ਛੁੱਟੀ ਲਈ ਤੇ ਮਾਂ ਕੋਲ ਪੁੱਜਣ ਲਈ ਅੰਮ੍ਰਿਤਸਰ ਵਾਲੀ ਬੱਸ ਫੜ ਲਈ।
ਪੁੱਤ ਦਾ ਗੁੰਮ-ਸੁੰਮ ਬੈਠਣਾ ਤੇ ਅੱਖਾਂ ’ਚੋਂ ਪਹਿਲਾਂ ਵਾਲੀ ਝਲਕ ਨਾ ਪੈਣ ਨੇ ਮਾਂ ਨੂੰ ਚਿੰਤਾ ’ਚ ਪਾ ਦਿੱਤਾ ਪਰ ਉਸ ਔਰਤ ਨੇ ਜ਼ਿੰਦਗੀ ਦੇ ਥਪੇੜਿਆਂ ’ਚੋਂ ਬਹੁਤ ਕੁਝ ਸਿੱਖਿਆ ਹੋਇਆ ਸੀ। ਉਸ ਨੂੰ ਸਮਝਣ ’ਚ ਬਹੁਤੀ ਦੇਰ ਨਾ ਲੱਗੀ। ਦੋਵੇਂ ਦਿਨ ਉਸ ਨੇ ਪੁੱਤ ਨੂੰ ਆਪਣੀ ਹੱਡਬੀਤੀ ਸੁਣਾਉਣ ’ਤੇ ਲਾਏ। ਅਡੋਲਤਾ ਨਾਲ ਲੰਘਾਏ ਔਖੇ ਵੇਲਿਆਂ ਦੀਆਂ ਯਾਦਾਂ ਪੁੱਤ ਨਾਲ ਸਾਂਝੀਆਂ ਕੀਤੀਆਂ। ਜਾਣ ਤੋਂ ਪਹਿਲਾਂ ਉਸ ਨੇ ਸ਼ਿਵਰਾਜ ਤੋਂ ਵਿਆਹ ਲਈ ਹਾਂ ਕਰਵਾ ਕੇ ਉਸ ਤੋਂ ‘ਮਾਂ ਜੋ ਤੈਨੂੰ ਪਸੰਦ ਆਏ, ਉਸ ਵਿੱਚ ਮੇਰੀ ਪਸੰਦ ਜੋੜ ਲਈਂ’ ਦਾ ਵਾਅਦਾ ਲੈ ਲਿਆ। ਘਰੋਂ ਮੁੜੇ ਸ਼ਿਵਰਾਜ ਨੂੰ ਰਸ਼ਮੀ ਦੀ ਬੇਵਫਾਈ ਵਾਲਾ ਬੋਝ ਥੋੜ੍ਹਾ ਹਲਕਾ ਮਹਿਸੂਸ ਹੋਣ ਲੱਗ ਪਿਆ। ਚੌਥੇ ਦਿਨ ਆਪਣੀ ਨੌਕਰੀ ’ਤੇ ਜਾ ਹਾਜ਼ਰ ਹੋਇਆ। ਉਸ ਦੇ ਬੌਸ ਨੇ ਦੇਖਿਆ ਕਿ ਉਹ ਕੰਮ ਵਿੱਚ ਰੁੱਝ ਗਿਆ ਸੀ। ਪਹਿਲਾਂ ਵਾਂਗ ਘੜੀ ਵੱਲ ਉਹਦੀ ਝਾਤੀ ਬਹੁਤੀ ਨਹੀਂ ਸੀ ਵੱਜਦੀ।
ਮਹੀਨਾ ਕੁ ਲੰਘਿਆ ਹੋਊ, ਮਾਂ ਨੇ ਉਸ ਨੂੰ ਆਪਣੀ ਆਗਰੇ ਵਾਲੀ ਸਹੇਲੀ ਦੇ ਘਰ ਜਾਣ ਦੀ ਤਿਆਰੀ ਕਸਣ ਲਈ ਕਿਹਾ। ਟਰੇਨ ਦੀ ਟਿਕਟ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਮਾਂ ਨੇ ਚੁੱਕ ਲਈ ਤੇ ਸਮਝਾ ਦਿੱਤਾ ਕਿ ਕਿਸ ਕਰਕੇ ਆਗਰੇ ਭੇਜ ਰਹੀ ਹੈ। ਉਹ ਦੋਵੇਂ ਸਕੂਲ ਪੜ੍ਹਦਿਆਂ ਪੱਕੀਆਂ ਸਹੇਲੀਆਂ ਹੁੰਦੀਆਂ ਸਨ ਪਰ ਸਹੇਲੀ ਦਾ ਵਿਆਹ ਨੌਕਰੀ ਵਾਲੇ ਨਾਲ ਹੋਣ ਕਰਕੇ ਉਨ੍ਹਾਂ ਦਾ ਮੇਲ ਮਿਲਾਪ ਘਟ ਗਿਆ ਸੀ। ਛੇ ਕੁ ਮਹੀਨੇ ਪਹਿਲਾਂ ਦੋਵੇਂ ਅਚਾਨਕ ਪਾਪੜਾਂ ਬਾਜ਼ਾਰ ਵਿੱਚ ਮਿਲੀਆਂ ਤੇ ਬਚਪਨ ਵਾਲਾ ਪਿਆਰ ਉਵੇਂ ਉਮੜ ਆਇਆ। ਦੋਵੇਂ ਫੋਨ ’ਤੇ ਮਨ ਫਰੋਲਣ ਲੱਗੀਆਂ। ਇੱਕ ਦੂਜੇ ਨੂੰ ਜਾਣ ਕੇ ਦੋਹਾਂ ਨੂੰ ਤਸੱਲੀ ਹੋਈ ਕਿ ਉਨ੍ਹਾਂ ਦੇ ਵਿਹਾਰਕ ਤੇ ਵਿਚਾਰਕ ਤੌਰ ਤਰੀਕੇ ਬਹੁਤੇ ਨਹੀਂ ਸੀ ਬਦਲੇ।
ਫੈਕਟਰੀ ਦੇ ਖੋਜ ਤੇ ਵਿਕਾਸ ਸੈਕਸ਼ਨ ਵਿੱਚ ਜ਼ਿੰਮੇਵਾਰੀ ਵਾਲੀ ਕੁਰਸੀ ’ਤੇ ਬੈਠੇ ਪੁੱਤ ਦੀ ਛੁੱਟੀ ਵਾਲੀ ਮਜਬੂਰੀ ਨੂੰ ਧਿਆਨ ’ਚ ਰੱਖ ਕੇ ਸੁਨੀਤਾ ਨੇ ਟਿਕਟ ਏਜੰਟ ਨੂੰ ਤਤਕਾਲ ਕੋਟੇ ’ਚੋਂ ਸ਼ੁੱਕਰਵਾਰ ਸ਼ਾਮ ਨੂੰ ਜਲੰਧਰ ਤੋਂ ਆਗਰੇ ਤੱਕ ਅਤੇ ਐਤਵਾਰ ਨੂੰ ਉੱਥੋਂ ਵਾਪਸੀ ਬੁਕਿੰਗ ਦਾ ਪ੍ਰਬੰਧ ਕਰਨ ਲਈ ਕਹਿ ਦਿੱਤਾ। ਏਜੰਟ ਨੇ ਸ਼ਿਵਰਾਜ ਵਾਸਤੇ ਸੈਕੰਡ ਸਲੀਪਰ ਵਿੱਚ ਆਰਏਸੀ ਟਿਕਟ ਲੈ ਦਿੱਤੀ। ਪੰਜ ਵਜੇ ਛੁੱਟੀ ਕਰਕੇ ਸ਼ਿਵਰਾਜ ਆਪਣੇ ਕਮਰੇ ਪਹੁੰਚਿਆ। ਕੱਪੜੇ ਬਦਲੇ ਤੇ ਬੈਗ ਫੜ ਕੇ ਬੱਸ ਅੱਡੇ ਵੱਲ ਨਿਕਲ ਤੁਰਿਆ। ਜਲੰਧਰ ਵੱਲ ਜਾਂਦੀ ਬੱਸ ਦੀ ਰਫ਼ਤਾਰ ਕਿਸੇ ਕਾਰਨ ਹੌਲੀ ਹੁੰਦੀ ਤਾਂ ਉਸ ਨੂੰ ਡਰਾਈਵਰ ’ਤੇ ਗੁੱਸਾ ਆਉਣ ਲੱਗਦਾ। ਬੱਸ ਦੇ ਰਾਮਾਮੰਡੀ ਰੁਕਦੇ ਸਾਰ ਉਸ ਨੇ ਛਾਲ ਮਾਰੀ ਤੇ ਸਟੇਸ਼ਨ ਵੱਲ ਜਾਂਦੇ ਆਟੋ ਨੂੰ ਇਸ਼ਾਰਾ ਕਰਕੇ ਰੋਕਿਆ।
ਹੋਰਾਂ ਤੋਂ ਅੱਗੇ ਨਾ ਲੰਘਣ ਦੀ ਪਰਵਾਹ ਦਾ ਚੇਤਾ ਭੁਲਾ ਕੇ ਵਾਹੋਦਾਹੀ ’ਚ ਉਹ ਪਲੈਟਫਾਰਮ ’ਤੇ ਪਹੁੰਚਿਆ। ਗੱਡੀ ਲਾਈਨੋਂ ਪਾਰਲੇ ਪਲੈਟਫਾਰਮ ’ਤੇ ਖੜ੍ਹੀ ਸੀ। ਉਸ ਨੇ ਪੁਲ ਪਾਰ ਕੀਤਾ ਤੇ ਗੱਡੀ ਦੇ ਡੱਬਿਆਂ ਦੇ ਨੰਬਰ ਪੜ੍ਹਨ ਲੱਗਾ। ਪਿੱਛੇ ਵੇਖਿਆ ਤਾਂ ਗਾਰਡ ਹਰੀ ਰੌਸ਼ਨੀ ਹਿਲਾ ਕੇ ਡਰਾਈਵਰ ਨੂੰ ਚੱਲਣ ਲਈ ਕਹਿ ਰਿਹਾ ਸੀ। ਜਦ ਦਸ ਕਦਮ ਪਿੱਛੇ ਵਾਲੇ ਡੱਬੇ ਦਾ ਨੰਬਰ ਉਸੇ ਵਾਲਾ ਸੀ। ਟਿਕਟ ਚੈੱਕਰ ਨੇ ਉਸ ਨੂੰ ਦੱਸਿਆ ਕਿ ਆਖਰੀ ਪਲਾਂ ’ਤੇ ਬੁੱਕ ਹੋਣ ਕਰਕੇ ਉਸ ਦੀ ਆਰਏਸੀ ਸੀਟ ਸਲੀਪਰ ਨਹੀਂ ਬਣ ਸਕੀ। ਉਸ ਦੇ ਦੂਜੇ ਪਾਸੇ ਹੋਰ ਸਵਾਰੀ ਬੈਠੇਗੀ। ਉਹ ਹੌਸਲਾ ਜ਼ਰੂਰ ਦੇ ਗਿਆ ਕਿ ਜੇ ਦੂਜੀ ਸਵਾਰੀ ਨਾ ਚੜ੍ਹੀ ਤਾਂ ਉਸ ਦੀ ਸੀਟ ਸਲੀਪਰ ਬਣ ਜਾਏਗੀ। ਗੱਡੀ ਤੇਜ਼ ਹੋਈ ਜਾ ਰਹੀ ਸੀ ਪਰ ਉਸ ਸੀਟ ’ਤੇ ਕੋਈ ਨਾ ਆਇਆ। ਫਗਵਾੜੇ ਤੋਂ ਪਹਿਲਾਂ ਗੱਡੀ ਆਊਟਰ ’ਤੇ ਰੁਕ ਗਈ। ਦੋਹਾਂ ਹੱਥਾਂ ’ਚ ਬੈਗ ਸੰਭਾਲਦੀ ਕੁੜੀ ਨੇ ਉਹ ਸੀਟ ਆਣ ਮੱਲੀ। ਬਾਹਰ ਟਾਵੇਂ ਟਾਵੇ ਬਲਬ ਜਗਦੇ ਦਿਸਦੇ ਸੀ। ਸ਼ਿਵਰਾਜ ਨੇ ਲੋਈ ਦੀ ਬੁੱਕਲ ਮਾਰੀ ਤੇ ਅੱਖਾਂ ਮੀਟ ਲਈਆਂ। ਅਤੀਤ ਨੇ ਉਸ ਨੂੰ ਆਪਣੇ ਕਲਾਵੇ ਵਿੱਚ ਘੁੱਟ ਲਿਆ। ਰਸ਼ਮੀ ਨਾਲ ਬਿਤਾਏ ਸਮੇਂ ਦੇ ਦ੍ਰਿਸ਼ ਅੱਖਾਂ ਮੂਹਰੇ ਫਿਲਮ ਵਾਂਗ ਚੱਲਣ ਲੱਗੇ। ਸੀਨ ਅੱਗੇ ਤੁਰਦੇ ਗਏ ਤੇ ਉਸ ਦੇ ਅੰਦਰ ਰਸ਼ਮੀ ਦੀ ਬੇਵਫਾਈ ਪ੍ਰਤੀ ਨਫ਼ਰਤ ਸੰਘਣੀ ਹੁੰਦੀ ਗਈ। ਉਸ ਨੂੰ ਕਿੱਸੇ ਕਹਾਣੀਆਂ ਵਿਚਲੇ ਪਾਤਰਾਂ ਦੇ ਕਿਰਦਾਰ ਯਾਦ ਆਉਣ ਲੱਗੇ। ਕੀ ਸਾਰੀਆਂ ਔਰਤਾਂ ਪੈਸੇ ਵੱਲ ਖਿੱਚੀਆਂ ਜਾਂਦੀਆਂ ਨੇ? ਪਰ ਹੀਰ ਤਾਂ ਵੱਡੇ ਚੌਧਰੀ ਦੀ ਧੀ ਸੀ। ਉਹ ਤਾਂ ਖਾਨਦਾਨੀ ਇੱਜ਼ਤ ਦੀ ਪਰਵਾਹ ਵਿਸਾਰ ਕੇ ਆਪਣੇ ਚਾਕ ਨੂੰ ਅਰਪਿਤ ਹੋਈ ਸੀ। ਉਸ ਦੇ ਚੇਤਿਆਂ ’ਚ ਵਸੀਆਂ ਕੁਝ ਨਾਵਲਾਂ ਦੇ ਨਾਇਕ ਤੇ ਨਾਇਕਾਵਾਂ ਦੇ ਕਾਲਪਨਿਕ ਚਿਹਰੇ ਘੁੰਮੇ, ਜਿਨ੍ਹਾਂ ਨੇ ਪੈਸੇ ਦੀ ਥਾਂ ਪਿਆਰ ਨੂੰ ਚੁਣਿਆ ਸੀ। ਤਾਂ ਫਿਰ ਰਸ਼ਮੀ ਤਾਂ ਸਿਰੇ ਦੀ ਸਵਾਰਥੀ ਹੋਈ, ਜਿਸ ਨੇ ਪੈਸੇ ਖਾਤਰ ਪਿਆਰ ਨੂੰ ਠੋਕਰ ਮਾਰ ਦਿੱਤੀ? ਉਸ ਦਾ ਮਨ ਆਪੇ ਈ ਬੋਲ ਪਿਆ।
“ਕੀ ਤੇਰੇ ਲਈ ਇਹ ਚੰਗਾ ਨਹੀਂ ਹੋਇਆ ਕਿ ਸਵਾਰਥੀ ਔਰਤ ਤੋਂ ਛੇਤੀ ਖਹਿੜਾ ਛੁੱਟ ਗਿਆ?” ਉਸ ਦੇ ਮਨ ਨੇ ਆਪਣੇ ਆਪ ਨੂੰ ਸਵਾਲ ਕੀਤਾ ਤੇ ਧਿਆਨ ਸਵਾਲ ’ਤੇ ਕੇਂਦਰਿਤ ਹੋ ਗਿਆ। ਰਾਤ ਕਾਫ਼ੀ ਹੋਣ ਕਾਰਨ ਬਹੁਤੇ ਯਾਤਰੀ ਸੀਟਾਂ ਮੂਹਰਲੇ ਪਰਦੇ ਖਿੱਚ ਕੇ ਸੌਂ ਗਏ ਸਨ। ਨਾਈਟ ਲੈਂਪ ਦੀ ਹਲਕੀ ਰੌਸ਼ਨੀ ਦੋਹਾਂ ਦੇ ਚਿਹਰਿਆਂ ’ਤੇ ਪੈ ਰਹੀ ਸੀ। ਸ਼ਿਵਰਾਜ ਨੇ ਤਿਰਛੀ ਨਜ਼ਰੇ ਕੁੜੀ ਵੱਲ ਵੇਖਿਆ ਤੇ ਵੇਖਦਾ ਹੀ ਰਹਿ ਗਿਆ। ਕਾਲੇ ਸ਼ਾਹ ਲੰਮੇ ਵਾਲ ਹਵਾ ਨਾਲ ਉੱਡ ਕੇ ਚੰਨ ਵਰਗੇ ਨਿਰਮਲ ਤੇ ਸੁਨੱਖੇ ਚਿਹਰੇ ’ਤੇ ਅਠਖੇਲੀਆਂ ਕਰਕੇ ਉਸ ਦੀ ਖੂਬਸੂਰਤੀ ਨੂੰ ਹੋਰ ਨਿਖਾਰ ਰਹੇ ਸੀ। ਰਸ਼ਮੀ ਦੇ ਖ਼ਿਆਲਾਂ ’ਚ ਉਲਝੇ ਸ਼ਿਵਰਾਜ ਨੂੰ ਕੁੜੀ ਵੱਲ ਚੋਰੀ ਚੋਰੀ ਤੱਕਣਾ ਚੰਗਾ ਨਾ ਲੱਗਾ
ਉਸ ਨੇ ਚੁੱਪ ਤੋੜਨ ਦੀ ਪਹਿਲ ਕੀਤੀ। ‘‘ਤੁਸੀਂ ਫਗਵਾੜਿਓਂ ਚੜ੍ਹੇ ਸੀ ਨਾ?”
“ਨਹੀਂ ਜਲੰਧਰੋਂ।” ਕੁੜੀ ਨੇ ਬਾਹਰ ਵੱਲ ਵੇਖਦਿਆਂ ਬੜਾ ਰੁੱਖਾ ਜਿਹਾ ਜਵਾਬ ਦਿੱਤਾ।
“ਮੈਂ ਵੀ ਜਲੰਧਰੋਂ ਚੜਿ੍ਹਆ ਸੀ, ਪਰ... ਉਸ ਦੀ ਗੱਲ ਵਿੱਚੋਂ ਹੀ ਕੱਟ ਕੇ ਕੁੜੀ ਬੋਲ ਪਈ, “ਮੈਂ ਹੋਰ ਡੱਬੇ ਚੜ੍ਹ ਗਈ ਸੀ, ਗ਼ਲਤੀ ਦਾ ਪਤਾ ਲੱਗਾ ਤਾਂ ਬੈਗ ਫੜ ਕੇ ਚਾਰ ਡੱਬਿਆਂ ’ਚੋਂ ਲੰਘਦੀ ਔਖੇ ਸੌਖੇ ਇੱਥੇ ਪਹੁੰਚੀ।’’ ਕੁੜੀ ਦਾ ਜਵਾਬ ਰੁੱਖਾ ਤਾਂ ਉਂਵੇ ਈ ਸੀ ਪਰ ਕੁੜੱਤਣ ਪਹਿਲਾਂ ਤੋਂ ਥੋੜ੍ਹੀ ਘੱਟ ਸੀ।
ਗੱਡੀ ਅੰਬਾਲੇ ਪਹੁੰਚੀ ਤਾਂ ਪਲੈਟਫਾਰਮ ਨੰਬਰ ਇੱਕ ’ਤੇ ਤੇਜ਼ ਰੌਸ਼ਨੀਆਂ ਅਤੇ ਲੋਕਾਂ ਦੀ ਰੌਣਕ ਸੀ ਪਰ ਉਹ ਦੋਹੇਂ ਆਪਣੇ ਆਪਣੇ ਅਤੀਤ ਵਿੱਚ ਗਵਾਚੇ ਹੋਏ ਸੀ। ਥੋੜ੍ਹੀ ਦੇਰ ਬਾਅਦ ਸ਼ਿਵਰਾਜ ਨੇ ਵੇਖਿਆ, ਕੁੜੀ ਦੀਆਂ ਅੱਖਾਂ ’ਚੋਂ ਕੋਸੇ ਪਾਣੀ ਦੀਆਂ ਧਾਰਾਂ ਵਹਿ ਰਹੀਆਂ ਸੀ ਤੇ ਲੰਬੇ ਲੰਬੇ ਹਉਕੇ ਸੁਣਾਈ ਦੇ ਰਹੇ ਸੀ। ਕਾਫ਼ੀ ਦੇਰ ਉਹ ਕੁੜੀ ਨੂੰ ਪੁੱਛਣ ਬਾਰੇ ਸੋਚਦਾ ਰਿਹਾ ਪਰ ਪਹਿਲਾਂ ਵਾਲੇ ਰੁੱਖੇ ਜਵਾਬ ਸੁਣ ਕੇ ਉਸ ਦਾ ਹੌਸਲਾ ਨਹੀਂ ਸੀ ਪੈ ਰਿਹਾ। ਪ੍ਰੇਮ ਵਿੱਚ ਧੋਖਾ ਖਾ ਚੁੱਕਾ ਹੋਣ ਕਰਕੇ ਕਿਸੇ ਦਾ ਦਰਦ ਸਹਿਜੇ ਸਮਝਣ ਦੀ ਸੋਝੀ ਉਸ ਨੂੰ ਆ ਚੁੱਕੀ ਸੀ। ਹੌਸਲਾ ਇਕੱਠਾ ਕਰਕੇ ਉਸ ਨੇ ਆਪਣੇ ਬੈਗ ’ਚੋਂ ਪਾਣੀ ਵਾਲੀ ਬੋਤਲ ਕੱਢੀ ਤੇ ਕੁੜੀ ਮੂਹਰੇ ਕੀਤੀ।
“ਪਾਣੀ ਪੀ ਲਓ, ਮਨ ਥੋੜ੍ਹਾ ਸਹਿਜ ਹੋ ਜਾਏਗਾ।’’ ਨਾਂਹ ਵਿੱਚ ਉੱਠੇ ਕੁੜੀ ਦੇ ਹੱਥ ਤੋਂ ਸ਼ਿਵਰਾਜ ਨੂੰ ਯਾਦ ਆਇਆ, ਮਾਂ ਐਵੇਂ ਥੋੜ੍ਹਾ ਕਹਿੰਦੀ ਹੁੰਦੀ ਸੀ ਕਿ ਸਿਆਣੇ ਲੋਕ ਕਿਸੇ ਅਣਜਾਣ ਨਾਲ ਖੁੱਲ੍ਹਦੇ ਨਹੀਂ ਹੁੰਦੇ ਪਰ ਉਸ ਨੂੰ ਕੁੜੀ ਦੇ ਦਰਦ ਦੀ ਚੀਸ ਆਪਣੇ ਧੁਰ ਅੰਦਰ ਪੈਂਦੀ ਮਹਿਸੂਸ ਹੋਣ ਲੱਗੀ। ਉਸ ਦਾ ਧਿਆਨ ਰਸ਼ਮੀ ਦੀ ਬੇਵਫਾਈ ਵੱਲੋਂ ਹਟ ਕੇ ਕੁੜੀ ਦੇ ਹਾਲਾਤ ਦੀਆਂ ਕਲਪਨਾਵਾਂ ਕਰਨ ਲੱਗਾ।
“ਅੱਖਾਂ ਧੂੰਏਂ ਦਾ ਬਹਾਨਾ ਘੜ ਲੈਂਦੀਆਂ, ਸੱਜਣਾਂ ਦੀ ਯਾਦ ਆਉਂਦਿਆਂ।’’ ਥੋੜ੍ਹੇ ਦਿਨ ਪਹਿਲਾਂ ਹੀ ਪੜ੍ਹੀ ਕਿਸੇ ਦੀ ਹੱਡਬੀਤੀ ਵਿਚਲੀ ਇਹ ਲਾਈਨ ਉਸ ਨੂੰ ਰੱਟ ਗਈ ਸੀ। ਗੱਡੀ ਦੀ ਲਾਈਨ ਦੇ ਤਿੱਖੇ ਮੋੜ ਕਾਰਨ ਬੇਧਿਆਨ ਬੈਠੀ ਕੁੜੀ ਹੇਠਾਂ ਵੱਲ ਨੂੰ ਉੱਲਰ ਗਈ ਤੇ ਡਿੱਗਣ ਤੋਂ ਬਚਾਉਣ ਲਈ ਸ਼ਿਵਰਾਜ ਨੇ ਉਸ ਦੇ ਮੂਹਰੇ ਬਾਹਾਂ ਫੈਲਾ ਦਿੱਤੀਆਂ। ਵਿਗੜੇ ਸੰਤੁਲਨ ਨੇ ਕੁੜੀ ਨੂੰ ਆਪਣੇ ਆਪ ਵਿੱਚ ਲਿਆਂਦਾ ਤੇ ਉਸ ਦੇ ਬੁੱਲ੍ਹ ਥੈਂਕਸ ਲਈ ਹਿੱਲੇ। ਸ਼ਿਵਰਾਜ ਨੇ ਪਾਸੇ ਰੱਖੀ ਪਾਣੀ ਵਾਲੀ ਬੋਤਲ ਫਿਰ ਉਸ ਦੇ ਮੂਹਰੇ ਕੀਤੀ। ਇਸ ਵਾਰ ਕੁੜੀ ਨੇ ਬੋਤਲ ਫੜੀ ਤੇ ਕਿੰਨਾ ਸਾਰਾ ਪਾਣੀ ਪੀ ਲਿਆ। ਉਸ ਨੂੰ ਅਹਿਸਾਸ ਹੋਇਆ, ਮੁੰਡੇ ਨੇ ਠੀਕ ਹੀ ਕਿਹਾ ਸੀ ਕਿ ਪਾਣੀ ਪੀ ਕੇ ਮਨ ਟਿਕਾਣੇ ਆ ਜਾਂਦਾ। ਬੋਤਲ ਮੋੜਦਿਆਂ ਉਸ ਨੇ ਥੈਂਕਸ ਤੋਂ ਬਾਅਦ ਮੈਨੀ ਮੈਨੀ ਥੈਂਕਸ ਕਹਿਣ ’ਚ ਝਿਜਕ ਨਾ ਵਿਖਾਈ। ਇਸ ਵਾਰ ਸ਼ਿਵਰਾਜ ਨੂੰ ਉਸ ਦੇ ਬੋਲ ਚੋਭ ਦੀ ਥਾਂ ਦਰਦ ਵੰਡਾਉਂਦੇ ਲੱਗੇ। ਕੁੜੀ ਦੇ ਮਨ ਦੀ ਪੀੜ ਜਾਣਨ ਲਈ ਉਹ ਸਹਿਜ ਹੋਣ ਦਾ ਮੌਕਾ ਨਹੀਂ ਸੀ ਗਵਾਉਣਾ ਚਾਹੁੰਦਾ। ਹਰੇਕ ਤੋਂ ਕੁਝ ਨਾ ਕੁਝ ਸਿੱਖਣ ਦੀ ਆਦਤ ਉਸ ਨੇ ਮਾਂ ਤੋਂ ਸੁਣੀਆਂ ਗੱਲਾਂ ਤੋਂ ਪਕਾ ਲਈ ਹੋਈ ਸੀ।
“ਤੁਸੀਂ ਕਿੱਥੋਂ ਤੱਕ ਜਾਣੈ?” ਸ਼ਿਵਰਾਜ ਨੇ ਝਕਦੇ ਝਕਦੇ ਪੁੱਛਿਆ।
“ਜੀ ਆਗਰੇ, ਮੰਮੀ-ਪਾਪਾ ਨੇ ਕਿਸੇ ਜ਼ਰੂਰੀ ਕੰਮ ਲਈ ਸੱਦਿਆ।” ਕੁੜੀ ਦੇ ਬੋਲ ਸਹਿਜ ਹੋ ਗਏ।
“ਕਿੰਨਾ ਇਤਫਾਕ ਐ, ਮੈਂ ਵੀ ਆਗਰੇ ਈ ਜਾ ਰਿਹਾਂ।” ਸ਼ਿਵਰਾਜ ਨੂੰ ਕੁੜੀ ਦਾ ਖੁੱਲ੍ਹਣਾ ਚੰਗਾ ਲੱਗਾ।
“ਸੁਣ ਕੇ ਬੜਾ ਚੰਗਾ ਲੱਗਾ ਜੀ, ਰਹਿੰਦਾ ਸਫ਼ਰ ਚੰਗਾ ਲੰਘ ਜਾਊ।” ਕੁੜੀ ਦੀ ਝਿਜਕ ਖੁੱਲ੍ਹਣ ਲੱਗ ਪਈ।
“ਜੇ ਜੀ ਦੀ ਥਾਂ ਮੇਰਾ ਨਾਂ ਲਓਗੇ ਤਾਂ ਮੈਨੂੰ ਹੋਰ ਵੀ ਚੰਗਾ ਲੱਗੇਗਾ। ਮੇਰਾ ਨਾਂ ਸ਼ਿਵਰਾਜ ਹੈ ਤੇ ਘਰ ਅੰਮ੍ਰਿਤਸਰ, ਜੌਬ ਹੁਸ਼ਿਆਰਪੁਰ ਕਰਦਾਂ। ਇਸੇ ਕਰਕੇ ਜਲੰਧਰੋਂ ਗੱਡੀ ਲਈ ਸੀ।” ਸ਼ਿਵਰਾਜ ਨੇ ਇੱਕੋ ਵਾਰ ਆਪਣਾ ਚਿੱਠਾ ਫਰੋਲ ਦਿੱਤਾ।
“ਮੇਰਾ ਨਾਂ ਸ਼ੈਲਪ੍ਰੀਤ ਹੈ ਪਰ ਪਹਿਚਾਣ ਸ਼ੈਲੀ ਦੀ ਬਣ ਗਈ ਹੈ। ਸਾਡੇ ਸ਼ਹਿਰ ਕੌਣ ਹੈ ਜਾਂ ਕਿਸੇ ਕੰਮ ਜਾ ਰਹੇ ਹੋ?” ਕੁੜੀ ਦੇ ਸਵਾਲਾਂ ’ਚੋਂ ਸ਼ਿਵਰਾਜ ਨੂੰ ਅਪਣੱਤ ਦੀ ਝਲਕ ਪੈਣ ਲੱਗ ਪਈ ਤੇ ਇਹ ਵੀ ਪਤਾ ਲੱਗ ਗਿਆ ਕਿ ਉਹ ਆਗਰੇ ਦੀ ਰਹਿਣ ਵਾਲੀ ਹੈ।
“ਕਿੰਨਾ ਇਤਫਾਕ ਹੈ, ਦੋਹਾਂ ਦਾ ਨਾਂ ਸ਼ ਤੋਂ ਸ਼ੁਰੂ ਹੁੰਦਾ।” ਸ਼ਿਵਰਾਜ ਨੇ ਕੁੜੀ ਦੇ ਰੋਣ ਦਾ ਕਾਰਨ ਪੁੱਛਣ ਦੀ ਟੋਹ ਲਾ ਲਈ।
“ਸ਼ੈਲੀ ਜੀ, ਜੇ ਬੁਰਾ ਨਾ ਮਨਾਓ ਤਾਂ ਮੈਂ ਥੋੜ੍ਹੀ ਦੇਰ ਪਹਿਲਾਂ ਤੁਹਾਨੂੰ ਸਤਾ ਰਹੇ ਦਰਦ ਬਾਰੇ ਥੋੜ੍ਹਾ ਜਾਣ ਸਕਦਾਂ। ਸ਼ਾਇਦ ਉਸ ’ਚੋਂ ਮੈਨੂੰ ਆਪਣੀ ਜ਼ਿੰਦਗੀ ਲਈ ਕੋਈ ਚੰਗਾ ਰਸਤਾ ਲੱਭਣ ਦਾ ਸਬੱਬ ਬਣ ਜਾਏ?”
“ਪਰ ਤੁਹਾਡੇ ਚਿਹਰੇ ’ਤੇ ਛਾਈ ਉਦਾਸੀ ਨੂੰ ਤੁਹਾਡੇ ਨਾਲ ਵੀ ਵਾਪਰੇ ਕਿਸੇ ਮਾੜੇ ਹਾਦਸੇ ਦੀ ਗਵਾਹੀ ਤੁਹਾਡੇ ਸ਼ਬਦ ਅਤੇ ਚਿਹਰੇ ਦੀਆਂ ਲਕੀਰਾਂ ਭਰ ਰਹੀਆਂ ਨੇ।” ਸ਼ੈਲੀ ਦਾ ਸਵਾਲ ਤਾਂ ਤਿੱਖਾ ਸੀ ਪਰ ਸ਼ਿਵਰਾਜ ਨੂੰ ਰਸ਼ਮੀ ਵਾਲੇ ਦਰਦ ਦੀ ਮਲ੍ਹਮ ਪੱਟੀ ਕਰਦਾ ਲੱਗਿਆ। ਸੀਟ ’ਤੇ ਸੰਵਰ ਕੇ ਬੈਠਦੇ ਹੋਏ ਉਸ ਨੇ ਆਪਣੇ ਪਰਿਵਾਰ ਤੋਂ ਸ਼ੁਰੂ ਕਰ ਕੇ ਪੜ੍ਹਾਈ, ਨੌਕਰੀ ਤੇ ਰਸ਼ਮੀ ਨਾਲ ਨੇੜਤਾ ਵਾਲਾ ਸਾਰਾ ਕਿੱਸਾ ਸ਼ੈਲੀ ਨੂੰ ਸੁਣਾ ਦਿੱਤਾ। ਜਜ਼ਬਾਤੀ ਹੋ ਕੇ ਉਸ ਤੋਂ ਇਹ ਵੀ ਕਹਿ ਹੋ ਗਿਆ ਕਿ ਰਸ਼ਮੀ ਦੀ ਬੇਵਫਾਈ ਨੇ ਉਸ ਦੇ ਮਨ ’ਚ ਸਾਰੀਆਂ ਕੁੜੀਆਂ ’ਤੇ ਇੱਕੋ ਜਿਹੀਆਂ ਹੋਣ ਵਾਲੀ ਧਾਰਨਾ ਬਣਾ ਦਿੱਤੀ ਹੈ। ਸ਼ੈਲੀ ਦੇ ਮਨ ’ਚ ਸ਼ਿਵਰਾਜ ਬਾਰੇ ਜਿੱਥੇ ਕੋਈ ਉਲਝਣ ਜਾਂ ਗ਼ਲਤੀ ਲੱਗਦੀ, ਉਹ ਸਵਾਲ ਵੀ ਕਰਦੀ ਰਹੀ ਤੇ ਕਿਤੇ ਕਿਤੇ ਉਸ ਦੇ ਭੋਲੇਪਣ ’ਤੇ ਮੁਸਕਰਾ ਵੀ ਲੈਂਦੀ। ਇੱਕ ਦੋ ਵਾਰ ਉਸ ਨੇ ਸ਼ਰਾਰਤੀ ਲਹਿਜ਼ੇ ’ਚ ਸਵਾਲ ਕਰਕੇ ਸ਼ਿਵਰਾਜ ਬਾਰੇ ਆਪਣੇ ਮਨ ’ਚ ਉੱਠੇ ਸ਼ੰਕੇ ਦੂਰ ਕਰ ਲਏ ਪਰ ਸ਼ਿਵਰਾਜ ਦੇ ਆਗਰਾ ਟੂਰ ਨੂੰ ਉਹ ਫੈਕਟਰੀ ਦਾ ਕੋਈ ਕੰਮ ਸਮਝ ਕੇ ਪੁੱਛਣਾ ਭੁੱਲ ਗਈ।
ਸ਼ਿਵਰਾਜ ਦੀ ਗੱਲ ਮੁੱਕਣ ਤੋਂ ਬਾਅਦ ਸ਼ੈਲੀ ਆਪਣੀ ਹੱਡਬੀਤੀ ਦੱਸਣ ਤੋਂ ਟਲਣਾ ਚਾਹੁੰਦੀ ਸੀ। ਉਹ ਸਮਝਦੀ ਸੀ ਕਿ ਮਰਦਾਂ ਦੀ ਗੱਲ ਹੋਰ ਹੁੰਦੀ ਹੈ। ਅਜੋਕਾ ਮਰਦ ਪ੍ਰਧਾਨ ਸਮਾਜ ਔਰਤਾਂ ਨੂੰ ਬਰਾਬਰ ਦੇ ਹੱਕ ਦੇਣ ਦੀਆਂ ਗੱਲਾਂ ਹੀ ਕਰਦਾ ਹੈ, ਉਸ ਨੂੰ ਆਪਣੇ ’ਤੇ ਲਾਗੂ ਕਰਨ ਮੌਕੇ ਉਸ ਦੀਆਂ ਲੱਤਾਂ ਕੰਬਣ ਲੱਗ ਪੈਂਦੀਆਂ।
ਗੱਡੀ ਦੇ ਦਿੱਲੀ ਤੋਂ ਚੱਲਣ ਤੱਕ ਪਹੁ-ਫੁਟਾਲਾ ਹੋ ਗਿਆ ਸੀ। ਬਾਹਰਲਾ ਸਭ ਕੁਝ ਸਾਫ਼ ਦਿਸਣ ਲੱਗ ਪਿਆ ਸੀ। ਸ਼ਿਵਰਾਜ ਦੇ ਮਨ ’ਚ ਸ਼ੈਲੀ ਬਾਰੇ ਜਾਣਨ ਦੀ ਕਾਹਲੀ ਪਈ ਹੋਈ ਸੀ। ਉਸ ਦੇ ਜ਼ੋਰ ਦੇਣ ’ਤੇ ਸ਼ੈਲੀ ਦੋ ਕੁ ਮਿੰਟ ਲਈ ਗੰਭੀਰ ਹੋ ਕੇ ਇੱਧਰ ਉੱਧਰ ਤੱਕਦੀ ਰਹੀ ਤੇ ਆਪਣੇ ਆਪ ਨੂੰ ਸ਼ਾਲ ਦੀ ਬੁੱਕਲ ਵਿੱਚ ਸਮੇਟਦੀ ਹੋਈ ਸ਼ੁਰੂ ਹੋਈ।
“ਮੇਰੇ ਮਾਪੇ ਵੀ ਅੰਬਰਸਰੋਂ ਈ ਨੇ ਪਰ ਰੇਲਵੇ ’ਚ ਹੋਣ ਕਰਕੇ ਪਾਪਾ ਦੀ ਬਦਲੀ ਦੂਰ ਦੁਰਾਡੇ ਹੁੰਦੀ ਰਹਿੰਦੀ ਹੈ। ਅਸੀਂ ਵੀ ਨਾਲ ਹੀ ਰਹਿਣਾ ਹੁੰਦਾ। ਹੁਣ ਕਈ ਸਾਲਾਂ ਤੋਂ ਆਗਰੇ ਟਿਕੇ ਹੋਏ ਆਂ। ਮੈਂ ਇੰਜਨੀਅਰਿੰਗ ਦੀ ਪੜ੍ਹਾਈ ਆਗਰੇ ਹੀ ਕੀਤੀ। ਚਾਰ ਕੁ ਸਾਲ ਪਹਿਲਾਂ ਬੀਟੈੱਕ ਕੀਤੀ ਤਾਂ ਪਾਪਾ ਦੇ ਅਸਰ ਰਸੂਖ ਨਾਲ ਕਪੂਰਥਲਾ ਕੋਚ ਫੈਕਟਰੀ ’ਚ ਨੌਕਰੀ ਲੱਗ ਗਈ। ਉੱਥੇ ਹੋਸਟਲ ਵਿੱਚ ਰਹਿੰਦੀ ਆਂ। ਸੁਰਿੰਦਰ ਸਾਡੇ ਸੈਕਸ਼ਨ ਵਿੱਚ ਕੰਮ ਕਰਦਾ ਸੀ। ਮੇਰੇ ਤੋਂ ਤਿੰਨ ਚਾਰ ਸਾਲ ਸੀਨੀਅਰ ਸੀ। ਬੇਸ਼ੱਕ ਹੁਣ ਮੇਰੀ ਨਫ਼ਰਤ ਦਾ ਪਾਤਰ ਬਣ ਗਿਆ ਪਰ ਆਪਣੇ ਕੰਮ ’ਚ ਬੜਾ ਚੁਸਤ ਫੁਰਤ ਤੇ ਨਿਪੁੰਨ ਸੀ। ਇਕੱਠੇ ਕੰਮ ਕਰਦਿਆਂ ਬਣੀ ਜਾਣ-ਪਹਿਚਾਣ ਸਾਡੀ ਦੋਸਤੀ ’ਚੋਂ ਲੰਘਦੀ ਹੋਈ ਜੀਵਨ ਸਾਥ ਦੇ ਵਾਅਦਿਆਂ ’ਚ ਬਦਲ ਗਈ। ਮੇਰੇ ਮੰਮੀ-ਡੈਡੀ ਨੇ ਕੋਈ ਇਤਰਾਜ਼ ਨਾ ਕੀਤਾ। ਦੋ ਸਾਲ ਲੰਘ ਗਏ। ਮੰਮੀ ਡੈਡੀ ਵੱਲੋਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਮਾਂ ਦੇਣ ਕਰਕੇ ਦੋਹਾਂ ’ਚੋਂ ਕਿਸੇ ਨੇ ਵਿਆਹ ਲਈ ਜ਼ੋਰ ਨਾ ਦਿੱਤਾ। ਫੈਕਟਰੀ ਦੇ ਇੱਕ ਹੋਰ ਸੈਕਸ਼ਨ ਦੇ ਮੈਨੇਜਰ ਦੀ ਬੇਟੀ ਦੀ ਮਾਲਕੀ ਵਾਲੀ ਲੁਧਿਆਣਾ ਵਿੱਚ ਮਸ਼ੀਨ ਟੂਲ ਫੈਕਟਰੀ ਹੈ, ਜਿੱਥੋਂ ਕੋਚ ਫੈਕਟਰੀ ਨੂੰ ਕੁਝ ਸਾਮਾਨ ਸਪਲਾਈ ਹੁੰਦਾ ਹੈ। ਮੈਨੇਜਰ ਪਹਿਲਾਂ ਤਾਂ ਆਪਣੀ ਫੈਕਟਰੀ ਸੰਭਾਲਣ ਲਈ ਬਥੇਰੀ ਫਰਲੋ ਮਾਰ ਲੈਂਦਾ ਸੀ ਪਰ ਨਵੇਂ ਜਨਰਲ ਮੈਨੇਜਰ ਦੀ ਸਖ਼ਤੀ ਕਾਰਨ ਉਸ ਤੋਂ ਸਪਲਾਈ ਦੇਣੀ ਔਖੀ ਹੋ ਗਈ। ਉਸ ਨੇ ਲਾਲਚ ਦੇ ਕੇ ਸੁਰਿੰਦਰ ਨੂੰ ਕੋਚ ਫੈਕਟਰੀ ’ਚੋਂ ਪੁੱਟ ਲਿਆ ਤੇ ਲੁਧਿਆਣੇ ਆਪਣੀ ਫੈਕਟਰੀ ਦਾ ਮੈਨੇਜਰ ਲਾਇਆ ਤੇ ਫਿਰ ਜਵਾਈ ਬਣਾ ਲਿਆ।” ਜ਼ਖ਼ਮ ਖੁਰਚਿਆ ਜਾਣ ਕਰਕੇ ਸ਼ੈਲੀ ਦਾ ਗਲਾ ਭਰ ਆਇਆ ਤੇ ਅੱਗੇ ਬੋਲਣ ਤੋਂ ਅਸਮਰੱਥ ਹੋ ਗਈ। ਸ਼ਿਵਰਾਜ ਵੱਲੋਂ ਹੌਸਲਾ ਦਿੱਤੇ ਜਾਣ ’ਤੇ ਉਹ ਅੱਗੋਂ ਸ਼ੁਰੂ ਹੋਈ।
“ਸੁਰਿੰਦਰ ਨੇ ਆਪਣੇ ਲੁਧਿਆਣਾ ਦੀ ਇਸ ਯੋਜਨਾ ਦੀ ਮੈਨੂੰ ਭਿਣਕ ਨਾ ਲੱਗਣ ਦਿੱਤੀ, ਜਿਸ ਤੋਂ ਲੱਗਦਾ ਕਿ ਮੈਨੇਜਰ ਨੇ ਉਸ ਨੂੰ ਧੀ ਦੇ ਰਿਸ਼ਤੇ ਦੀ ਪੇਸ਼ਕਸ਼ ਪਹਿਲਾਂ ਹੀ ਕਰ ਦਿੱਤੀ ਹੋਊ ? ਕਈ ਦਿਨ ਡਿਊਟੀ ਤੋਂ ਗੈਰਹਾਜ਼ਰ ਤੇ ਫੋਨ ਬੰਦ ਆਉਣ ਕਾਰਨ ਮੈਂ ਪਰੇਸ਼ਾਨ ਹੋ ਗਈ। ਦਫ਼ਤਰ ’ਚੋਂ ਸੂਹ ਕੱਢੀ, ‘ਅਖੇ ਉਹ ਲੰਮੀ ਛੁੱਟੀ ’ਤੇ ਚਲੇ ਗਿਆ। ਅਸਲ ਵਿੱਚ ਮੇਰੇ ਵੱਲੋਂ ਕਿਸੇ ਬਖੇੜੇ ਦਾ ਖ਼ਤਰਾ ਸਮਝ ਕੇ ਦਫ਼ਤਰੀ ਚੁੱਪ ਵਾਲੀ ਯੋਜਨਾ ਮੈਨੇਜਰ ਦੀ ਘਾੜਤ ਹੋਊ? ਮੇਰੇ ਮਨ ਦਾ ਚੈਨ ਖ਼ਤਮ ਹੋ ਗਿਆ। ਉਸ ਬਾਰੇ ਕਈ ਬੁਰੇ ਖ਼ਿਆਲ ਆਉਣ ਲੱਗੇ। ਤਿੰਨ ਚਾਰ ਮਹੀਨੇ ਬਾਅਦ ਮੈਨੇਜਰ ਨੇ ਆਪਣੀ ਧੀ ਦੇ ਵਿਆਹ ਦਾ ਸੱਦਾ ਆਪਣੇ ਭਰੋਸੇ ਵਾਲੇ ਦੋ ਤਿੰਨਾਂ ਨੂੰ ਹੀ ਦਿੱਤਾ। ਦੋਸਤ ਚਾਹੇ ਕਿੰਨੇ ਸਕੇ ਹੋਣ, ਕਿਸੇ ਨਾ ਕਿਸੇ ਗੱਲੋਂ ਖਾਰ ਖਾ ਹੀ ਜਾਂਦੇ ਨੇ। ਸੁਰਿੰਦਰ ਨੂੰ ਮੈਨੇਜਰ ਦੇ ਜਵਾਈ ਦੇ ਰੂਪ ਵਿੱਚ ਵੇਖ ਕੇ ਉਨ੍ਹਾਂ ਨੂੰ ਹੈਰਾਨੀ ਹੋਣੀ ਕੁਦਰਤੀ ਸੀ। ਪਹਿਲਾਂ ਤਾਂ ਮੈਂ ਅਫ਼ਵਾਹ ਸਮਝਦੀ ਰਹੀ ਪਰ ਪੁਸ਼ਟੀ ਹੋਣ ’ਤੇ ਮੈਂ ਅੰਦਰ ਤੱਕ ਹਿੱਲ ਗਈ। ਮੈਨੂੰ ਹਰੇਕ ਮਰਦ ਧੋਖੇਬਾਜ਼ ਤੇ ਸਵਾਰਥੀ ਲੱਗਣ ਲੱਗਾ। ਕੰਮ ’ਚ ਮਨ ਨਾ ਲੱਗਣ ਕਰਕੇ ਮਹੀਨੇ ਦੀ ਛੁੱਟੀ ਲੈ ਕੇ ਆਗਰੇ ਆ ਗਈ। ਮੰਮੀ-ਪਾਪਾ ਨੇ ਸਮਝਾਉਣ ਦੇ ਬੜੇ ਯਤਨ ਕੀਤੇ ਪਰ ਸੁਰਿੰਦਰ ਅੱਖਾਂ ਮੂਹਰਿਓਂ ਔਝਲ ਨਾ ਹੁੰਦਾ। ਉਸ ਦੀਆਂ ਉੱਚੀਆਂ ਉਡਾਰੀਆਂ ਪਿੱਛੇ ਲੁਕਿਆ ਸਵਾਰਥੀ ਚਿਹਰਾ ਡਰਾਉਣੇ ਰੂਪ ਵਿੱਚ ਸਾਹਮਣੇ ਆਣ ਖੜੋਂਦਾ। ਖੈਰ, ਛੁੱਟੀ ਮੁੱਕੀ ਤਾਂ ਮਨ ਕਰੜਾ ਕਰਕੇ ਕੰਮ ’ਚ ਜੁਟ ਗਈ। ਸਮਾਂ ਪਾ ਕੇ ਮਾਪੇ ਫਿਰ ਜੀਵਨ-ਸਾਥੀ ਲਈ ਕਹਿਣ ਲੱਗੇ ਪਰ ਤੁਹਾਡੇ ਵਾਂਗ ਮੇਰੀ ਸੋਚ ਸਾਰੇ ਮਰਦਾਂ ਦੇ ਸਵਾਰਥਪੁਣੇ ਤੋਂ ਅੱਗੇ ਨਹੀਂ ਤੁਰਦੀ। ਅੱਜ ਤੁਹਾਡੀ ਕਹਾਣੀ ਸੁਣ ਕੇ ਲੱਗਿਆ ਕਿ ਦੋਵੇਂ ਪਾਸੇ ਇਹੀ ਹਾਲ ਹੈ। ਔਰਤ ਜਾਂ ਮਰਦ, ਜਿਸ ਦਾ ਦਾਅ ਲੱਗਦਾ ਲਾਈ ਜਾਂਦਾ ਤੇ ਦੂਜੇ ਦੇ ਜਜ਼ਬਾਤਾਂ ਦੀ ਪਰਵਾਹ ਕੋਈ ਨਹੀਂ ਕਰਦਾ। ਮੰਮੀ ਨੇ ਕੱਲ੍ਹ ਸਵੇਰੇ ਹੀ ਘਰ ਪੁੱਜਣ ਲਈ ਕਿਹਾ ਤੇ ਮੈਂ ਰੇਲ ਰਿਜ਼ਰਵ ਕੋਟੇ ’ਚੋਂ ਟਿਕਟ ਲੈ ਕੇ ਇਸ ਸੀਟ ’ਤੇ ਆਣ ਬੈਠੀ। ਤੁਹਾਡੇ ਨਾਲ ਦਰਦ ਵੰਡਾਉਣ ਦਾ ਸਬੱਬ ਬਣ ਗਿਆ। ਆਮ ਤੌਰ ’ਤੇ ਮੈਂ ਕਿਸੇ ਨਾਲ ਘੁਲਦੀ ਮਿਲਦੀ ਨਹੀਂ। ਗੱਡੀ ਦੇ ਝਟਕੇ ਕਰਕੇ ਮੈਂ ਡਿੱਗਣ ਲੱਗੀ, ਤੁਸੀਂ ਹੱਥ ਅੱਗੇ ਵਧਾਅ ਕੇ ਡਿੱਗਣੋਂ ਬਚਾ ਲਿਆ, ਮਰਦਾਂ ਬਾਰੇ ਬਣੀ ਮੇਰੀ ਸੋਚ ਨੂੰ ਝਟਕਾ ਲੱਗਾ ਤੇ ਮੈਂ ਆਪਣੇ ਆਪ ਨੂੰ ਤੁਹਾਡੇ ਮੂਹਰੇ ਖੁੱਲ੍ਹਣ ਤੋਂ ਰੋਕ ਨਾ ਸਕੀ। ਹੁਣ ਵੇਖੋ, ਘਰ ਪਹੁੰਚ ਕੇ ਪਤਾ ਲੱਗੂ, ਮੰਮੀ ਨੇ ਐਨੀ ਕਾਹਲੀ ’ਚ ਕਿਉਂ ਸੱਦਿਆ?”
ਸ਼ਿਵਰਾਜ ਨੇ ਦੇਖਿਆ ਕਿ ਚੜ੍ਹਦੇ ਸੂਰਜ ਦੀਆਂ ਕਿਰਨਾਂ ਪੈਣ ਜਾਂ ਮਨ ’ਚ ਜਾਗੀ ਕਿਸੇ ਉਮੀਦ ਕਾਰਨ, ਸ਼ੈਲੀ ਦੇ ਚਿਹਰੇ ਤੋਂ ਰੌਣਕ ਡਲ੍ਹਕਣ ਲੱਗ ਪਈ ਸੀ। ਆਪਣੀ ਗੱਲ ਮੁਕਾ ਕੇ ਸ਼ੈਲੀ ਨੇ ਅੱਖਾਂ ਸੂਰਜ ਦੀ ਟਿੱਕੀ ਵੱਲ ਗੱਡ ਲਈਆਂ । 5-7 ਮਿੰਟ ਦੀ ਖਮੋਸ਼ੀ ਤੋਂ ਬਾਅਦ ਉਹ ਬੈਗ ਫਰੋਲਣ ਲੱਗੀ, ਜਿਵੇਂ ਕੁਝ ਲੱਭ ਰਹੀ ਹੋਵੇ। ਘਬਰਾਹਟ ਵਿੱਚ ਉਸ ਨੇ ਮੇਰੇ ਤੋਂ ਫੋਨ ਮੰਗਿਆ ਤੇ ਆਪਣਾ ਨੰਬਰ ਡਾਇਲ ਕੀਤਾ। ਸਿਰਹਾਣੇ ਵੱਲ ਪਏ ਬੈਗ ਦੇ ਕੋਨੇ ’ਚੋਂ ਘੰਟੀ ਦੀ ਆਵਾਜ਼ ਸੁਣੀ ਤਾਂ ਫੋਨ ਬੰਦ ਕਰਕੇ ਮੈਨੂੰ ਵਾਪਸ ਦੇਣ ਤੋਂ ਪਹਿਲਾਂ ਡਾਇਲ ਕੀਤਾ ਨੰਬਰ ਡਿਲੀਟ ਕਰਨਾ ਨਾ ਭੁੱਲੀ। ਫਿਰ ਆਪਣੇ ਫੋਨ ਤੋਂ ਮੰਮੀ ਨੂੰ ਫੋਨ ਕਰਕੇ ਥੋੜ੍ਹੀ ਦੇਰ ’ਚ ਟਰੇਨ ਪਹੁੰਚ ਰਹੀ ਹੈ, ਕਹਿ ਕੇ ਆਪਣਾ ਸਾਮਾਨ ਸੰਭਾਲਣ ਲੱਗ ਪਈ। ਗੱਡੀ ਰੁਕੀ ਤਾਂ ਉਸ ਨੇ ਆਪਣੇ ਬੈਗ ਚੁੱਕੇ ਤੇ ਅੱਖਾਂ ’ਚੋਂ ਅਪਣੱਤ ਬਿਖੇਰਦੀ ਹੋਈ, ਕਦੇ ਫਿਰ ਮਿਲਾਂਗੇ ਕਹਿ ਕੇ ਸ਼ਿਵਰਾਜ ਤੋਂ ਪਹਿਲਾਂ ਹੇਠਾਂ ਉਤਰ ਕੇ ਆਪਣੇ ਰਾਹੇ ਪੈ ਗਈ।
ਸ਼ਿਵਰਾਜ ਨੂੰ ਸਿੱਧਾ ਘਰ ਪਹੁੰਚਣ ਦੀ ਥਾਂ ਪਹਿਲਾਂ ਸਫ਼ਰ ਦੀ ਥਕਾਵਟ ਲਾਹੁਣ ਦਾ ਪ੍ਰਬੰਧ ਉਸ ਦੀ ਆਂਟੀ ਨੇ ਕੀਤਾ ਹੋਇਆ ਸੀ। ਸ਼ਿਵਰਾਜ ਨੇ ਕਿੱਥੇ ਪਹੁੰਚਣਾ ਦੱਸਣ ਦੀ ਥਾਂ ਉਸ ਨੂੰ ਫੋਨ ਨੰਬਰ ਦਿੱਤਾ ਗਿਆ ਸੀ, ਗੱਡੀਓਂ ਉਤਰਦਿਆਂ ਉਸੇ ਨੰਬਰ ਤੋਂ ਕਾਲ ਆਈ ਤੇ ਪਹਿਚਾਣ ਪੁੱਛੀ। ਮਿਲਣ ਵਾਲਾ ਥੋੜ੍ਹੀ ਦੂਰ ਖੜ੍ਹਾ ਸੀ। ਉਸ ਨੇ ਸਵਾਗਤ ਕੀਤਾ ਤੇ ਸ਼ਿਵਰਾਜ ਨੂੰ ਹੋਟਲ ਛੱਡ ਆਇਆ। ਥੋੜ੍ਹਾ ਆਰਾਮ ਕਰਕੇ ਤਿਆਰ ਹੋਣ ਤੋਂ ਬਾਅਦ ਉਸ ਨੂੰ ਕਾਲ ਕਰ ਲੈਣ ਲਈ ਕਿਹਾ ਗਿਆ। ਸ਼ਿਵਰਾਜ ਨੇ ਆਪਣੀ ਮੰਮੀ ਨੂੰ ਠੀਕ ਠਾਕ ਪੁੱਜਣ ਬਾਰੇ ਫੋਨ ਕੀਤਾ ਤੇ ਨਾਲ ਹੀ ਕਹਿ ਦਿੱਤਾ ਕਿ ਉਸ ਨੇ ਕੋਈ ਚੰਗੀ ਕੁੜੀ ਲੱਭ ਲਈ ਹੈ ਤੇ ਉਸ ਨਾਲ ਗੱਲ ਅੱਗੇ ਤੋਰਨ ਦੇ ਯਤਨ ਕਰੇਗਾ। ਉਸ ਨੇ ਮਾਂ ਨੂੰ ਸਪੱਸ਼ਟ ਕਰ ਦਿੱਤਾ ਕਿ ਉਹ ਆਂਟੀ ਨੂੰ ਕਹਿ ਦੇਵੇ ਕਿ ਉਹ ਹੁਣ ਉਸ ਨਾਲ ਰਿਸ਼ਤੇ ਦੀ ਗੱਲ ਨਾ ਕਰਨ। ਉਸ ਤੋਂ ਪਹਿਲਾਂ ਸ਼ਿਵਰਾਜ ਦੀ ਮੰਮੀ ਨੂੰ ਵੀ ਸਹੇਲੀ ਫੋਨ ਕਰਕੇ ਮੁਆਫ਼ੀ ਮੰਗ ਚੁੱਕੀ ਸੀ ਕਿ ਸ਼ੈਲੀ ਨੂੰ ਕੋਈ ਮੁੰਡਾ ਪਸੰਦ ਆ ਗਿਆ ਹੈ, ਇਸ ਕਰਕੇ ਉਹ ਸ਼ਿਵਰਾਜ ਨਾਲ ਰਿਸ਼ਤੇ ਵਾਲੀ ਗੱਲ ਹੁਣ ਨਹੀਂ ਕਰਨਗੇ ਪਰ ਸ਼ਿਵਰਾਜ ਦੀ ਵਾਪਸੀ ਤੱਕ ਉਸ ਨੂੰ ਆਪਣੇ ਘਰ ਰੱਖਣਗੇ।
ਘਰ ਪਹੁੰਚੀ ਸ਼ੈਲੀ ਨੇ ਮੁੰਡੇ ਨਾਲ ਹੋਈ ਗੱਲਬਾਤ ਮੰਮੀ ਨੂੰ ਦੱਸਦਿਆਂ ਉਸੇ ਵਰਗਾ ਮੁੰਡਾ ਲੱਭਣ ਲਈ ਕਿਹਾ। ਧੀ ਦੇ ਮੂੰਹੋਂ ਸ਼ਿਵਰਾਜ ਦਾ ਨਾਂ ਸੁਣ ਕੇ ਮਾਪਿਆਂ ਦੇ ਮਨਾਂ ਤੋਂ ਮਣਾਂ ਮੂੰਹੀ ਭਾਰ ਲਹਿ ਗਿਆ ਸੀ ਪਰ ਉਨ੍ਹਾਂ ਸ਼ੈਲੀ ਨੂੰ ਇਸ ਦੀ ਭਿਣਕ ਨਾ ਪੈਣ ਦਿੱਤੀ ਤੇ ਸ਼ਿਵਰਾਜ ਨੂੰ ਹੋਣ ਵਾਲੇ ਜਵਾਈ ਦੇ ਰੂਪ ਵਿੱਚ ਘਰ ਲਿਆਉਣ ਦੀਆਂ ਤਿਆਰੀਆਂ ਵਿੱਢ ਦਿੱਤੀਆਂ। ਮਾਂ ਨੇ ਸ਼ੈਲੀ ਨੂੰ ਉਸ ਦੀ ਦੱਸੀ ਪਸੰਦ ਵਰਗੇ ਕਿਸੇ ਮੁੰਡੇ ਨੂੰ ਸੱਦੇ ਜਾਣ ਬਾਰੇ ਕਹਿ ਕੇ ਤਿਆਰ ਹੋਣ ਲਈ ਕਹਿ ਦਿੱਤਾ। ਸ਼ੈਲੀ ਹੈਰਾਨ ਹੋਈ ਜਾ ਰਹੀ ਸੀ ਕਿ ਮਾਪਿਆਂ ਕੋਲ ਕਿਹੜੀ ਜਾਦੂ ਦੀ ਛੜੀ ਸੀ ਜਿਸ ਨਾਲ ਉਨ੍ਹਾਂ ਮੇਰੀ ਪਸੰਦ ਦਾ ਮੁੰਡਾ ਲੱਭ ਕੇ ਸੱਦਾ ਵੀ ਦੇ ਦਿੱਤਾ।
ਦੁਪਹਿਰ ਢਲੀ ਤੋਂ ਸ਼ਿਵਰਾਜ ਨੂੰ ਹੋਟਲ ਤੋਂ ਲੈ ਕੇ ਆਈ ਕਾਰ ਦਰਵਾਜ਼ੇ ਮੂਹਰੇ ਆ ਰੁਕੀ। ਉਸ ਨੂੰ ਅੰਦਰ ਲੰਘਾਉਣ ਤੋਂ ਪਹਿਲਾਂ ਦਰਵਾਜ਼ੇ ’ਤੇ ਚੋਇਆ ਜਾ ਰਿਹਾ ਤੇਲ ਸ਼ਿਵਰਾਜ ਲਈ ਬੁਝਾਰਤ ਬਣ ਗਿਆ। ਉਹ ਅੰਕਲ ਆਂਟੀ ਦੇ ਪੈਰਾਂ ਵੱਲ ਝੁਕਿਆ ਤਾਂ ਗਲੇ ਲਾ ਲਿਆ। ਬੈਠਕ ’ਚ ਪੈਰ ਪਾਇਆ ਤਾਂ ਮੂਹਰੇ ਸਜੀ ਧਜੀ ਕੁੜੀ ਹਾਰ ਲੈ ਕੇ ਸਵਾਗਤ ਲਈ ਖੜ੍ਹੀ ਸੀ। ਸ਼ਿਵਰਾਜ ਨੂੰ ਆਪਣੀਆਂ ਅੱਖਾਂ ਧੋਖਾ ਖਾਂਦੀਆਂ ਲੱਗੀਆਂ। ਉਸ ਦੀ ਅਤੇ ਸ਼ੈਲੀ ਦੀ ਹਾਲਤ, “ਰੱਬ ਤੋਂ ਕੁਝ ਵੀ ਮੰਗ ਲੈਂਦਾ/ ਲੈਂਦੀ ਤਾਂ ਮਿਲ ਜਾਂਦਾ” ਵਾਲੀ ਬਣੀ ਹੋਈ ਸੀ। ਅੱਖਾਂ ’ਤੇ ਭਰੋਸਾ ਕਰਕੇ ਦੋਹੇਂ ਅਗਾਂਹ ਵਧੇ। ਸਭ ਦੇ ਸਾਹਮਣੇ ਇੱਕ ਦੂਜੇ ਦਾ ਹੱਥ ਚੁੰਮਣ ਵਿੱਚ ਉਨ੍ਹਾਂ ਨੂੰ ਕੋਈ ਝਿਜਕ ਮਹਿਸੂਸ ਨਾ ਹੋਈ। ਇਸ ਚਮਤਕਾਰੀ ਮਿਲਾਪ ਨੇ ਦੋਹਾਂ ਦੇ ਮਨਾਂ ’ਚ ਰੱਬ ਤੋਂ ਸੱਚੇ ਹੋਣ ਦਾ ਫ਼ਲ ਮਿਲਣ ਦੇ ਭਰੋਸੇ ਨੂੰ ਹੋਰ ਪੱਕਾ ਕਰ ਦਿੱਤਾ ਸੀ।
ਸੰਪਰਕ +16044427676।

Advertisement
Author Image

joginder kumar

View all posts

Advertisement
Advertisement
×