ਟਰੂਡੋ ਦੀ ਚਾਲ
ਦਹਾਕਿਆਂ ਤੋਂ ਆਵਾਸ ਨੀਤੀ ਬਾਰੇ ਕੈਨੇਡਾ ਦਾ ਇੱਕੋ ਮੰਤਰ ਰਿਹਾ ਹੈ- ਜਿੰਨਾ ਜ਼ਿਆਦਾ ਓਨਾ ਚੰਗਾ। ‘ਮੈਪਲ’ ਦਾ ਦੇਸ਼ ਬਾਹਾਂ ਖਿਲਾਰ ਕੇ ਨਵਿਆਂ ਦਾ ਸਵਾਗਤ ਕਰਦਾ ਰਿਹਾ ਹੈ। ਕੱਟੜਵਾਦੀਆਂ ਤੇ ਵੱਖਵਾਦੀਆਂ ਨੂੰ ਵੀ ਇਸ ਨੇ ਉਨ੍ਹਾਂ ਦੇ ਮੂਲ ਮੁਲਕਾਂ ਦੇ ਖ਼ਿਲਾਫ਼ ਜਾ ਕੇ ਪਨਾਹ ਦਿੱਤੀ ਹੈ। ਜਸਟਿਨ ਟਰੂਡੋ ਦੀ ਸਰਕਾਰ ਆਪਣੀ ਪਿੱਠ ਥਾਪੜ ਕੇ ਕਹਿੰਦੀ ਰਹੀ ਹੈ ਕਿ ਇਸ ਨੇ ਹੋਰਨਾਂ ਪੱਛਮੀ ਮੁਲਕਾਂ ਮੁਕਾਬਲੇ ਕੈਨੇਡਾ ਨੂੰ ਪਰਵਾਸੀਆਂ ਦੀ ਪਸੰਦੀਦਾ ਥਾਂ ਬਣਾਇਆ ਹੈ ਹਾਲਾਂਕਿ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸੱਦਣ ਦਾ ਨਤੀਜਾ ਮਕਾਨਾਂ ਦੀ ਕਿੱਲਤ, ਸਿਹਤ ਸੰਭਾਲ ਤੇ ਸਮਾਜਿਕ ਸਹੂਲਤਾਂ ਦੀ ਘਾਟ ਦੇ ਰੂਪ ’ਚ ਨਿਕਲਿਆ ਹੈ। ਵਿਰੋਧੀ ਧਿਰ ਹੀ ਨਹੀਂ ਬਲਕਿ ਆਪਣੀ ਪਾਰਟੀ ਦੇ ਵੀ ਦਬਾਅ ਹੇਠ ਆਏ ਟਰੂਡੋ ਨੇ ਮੰਨਿਆ ਹੈ ਕਿ ਉਸ ਦੀ ਸਰਕਾਰ ਕਿਰਤ ਲੋੜਾਂ ਅਤੇ ਆਬਾਦੀ ’ਚ ਵਾਧੇ ਵਿਚਾਲੇ ਸਹੀ ਸੰਤੁਲਨ ਕਾਇਮ ਕਰਨ ’ਚ ਨਾਕਾਮ ਹੋ ਗਈ ਹੈ। ਆਖ਼ਿਰਕਾਰ ਕਈ ਚਿਰਾਂ ਬਾਅਦ ਹੁਣ ਉਸ ਨੂੰ ਅਹਿਸਾਸ ਹੋਇਆ ਹੈ ਕਿ ਆਵਾਸ ਟਿਕਾਊ ਤਰੀਕੇ ਨਾਲ ਹੋਣਾ ਜ਼ਰੂਰੀ ਹੈ।
ਲੋਕਾਂ ਦੇ ਮਨਾਂ ’ਚੋਂ ਹੌਲੀ-ਹੌਲੀ ਲਿਬਰਲ ਸਰਕਾਰ ਦੇ ਉਤਰਨ ਦੇ ਮੱਦੇਨਜ਼ਰ ਅਤੇ ਕੈਨੇਡੀਅਨ ਚੋਣਾਂ ਤੋਂ ਲਗਭਗ ਸਾਲ ਪਹਿਲਾਂ ਆਪਣੀ ਸਾਖ਼ ਠੀਕ ਕਰਨ ਲਈ ਟਰੂਡੋ ਨੇ ਇਮੀਗ੍ਰੇਸ਼ਨ ਨੀਤੀ ਨਾਲ ਸਬੰਧਿਤ ਕਠੋਰ ਕਦਮ ਚੁੱਕੇ ਹਨ। ਕੈਨੇਡਾ ਦਾ 52 ਸਾਲਾ ਪ੍ਰਧਾਨ ਮੰਤਰੀ ਚੌਥੀ ਵਾਰ ਚੋਣ ਮੈਦਾਨ ਵਿਚ ਉਤਰਨ ਲਈ ਪੂਰਾ ਜ਼ੋਰ ਲਾ ਰਿਹਾ ਹੈ ਤੇ ਖ਼ੁਦ ਨੂੰ ਆਪਣੀ ਪਾਰਟੀ ਲਈ ਸਭ ਤੋਂ ਵਧੀਆ ਚੋਣ ਮੰਨਦਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਟਰੂਡੋ ਦੇ ਅਮਰੀਕੀ ਹਮਰੁਤਬਾ ਜੋਅ ਬਾਇਡਨ ਵੀ ਆਪਣੇ ਬਾਰੇ ਇਹੀ ਸੋਚਦੇ ਸਨ ਜਿਨ੍ਹਾਂ ਨੂੰ ਮਗਰੋਂ ਡੈਮੋਕਰੈਟਾਂ ਦੇ ਦਬਾਅ ਵਿੱਚ ਰਾਸ਼ਟਰਪਤੀ ਚੋਣਾਂ ’ਚੋਂ ਪਿੱਛੇ ਹਟਣਾ ਪਿਆ। ਆਪਣੀ ਮਾਯੂਸੀ ’ਚ ਟਰੂਡੋ ਨੇ ਓਟਵਾ ਦੇ ਨਵੀਂ ਦਿੱਲੀ ਨਾਲ ਪੁਰਾਣੇ ਚੰਗੇ ਰਿਸ਼ਤੇ ਖਰਾਬ ਕਰਨ ’ਚ ਵੀ ਕੋਈ ਝਿਜਕ ਨਹੀਂ ਦਿਖਾਈ। ਅਸਲ ਵਿੱਚ ਭਾਰਤ ਵੀ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਿਲ ਹੈ ਜੋ ਕੈਨੇਡਾ ਵੱਲੋਂ ਘੱਟ ‘ਪੀਆਰ’ (ਪੱਕੀ ਰਿਹਾਇਸ਼) ਦੇਣ ਦੇ ਕੀਤੇ ਫ਼ੈਸਲੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਵੇਗਾ।
ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਹੁਣ ਡੋਨਲਡ ਟਰੰਪ ਵੱਲੋਂ ਵੀ ਹਮਾਇਤ ਮਿਲੀ ਹੈ ਹਾਲਾਂਕਿ ਇਹ ਕੋਈ ਜ਼ਿਆਦਾ ਹੈਰਾਨੀ ਵਾਲੀ ਗੱਲ ਨਹੀਂ। ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਵਾਂਗੂ ‘ਜਸਟਿਨ ਟਰੂਡੋ ਵੀ ਕੈਨੇਡਾ ਦੀਆਂ ਸਰਹੱਦਾਂ ਬੰਦ ਕਰਨਾ ਚਾਹੁੰਦੇ ਹਨ।’ ਜ਼ਿਕਰਯੋਗ ਹੈ ਕਿ ਟਰੰਪ ਖ਼ੁਦ ਅਮਰੀਕਾ ਵਿੱਚ ਆਪਣੇ ਚੋਣ ਪ੍ਰਚਾਰ ’ਚ ਆਵਾਸ ਦੇ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਭਾਰ ਰਹੇ ਹਨ ਤੇ ਸਖ਼ਤ ਸਰਹੱਦੀ ਪ੍ਰਣਾਲੀ ਲਾਗੂ ਕਰਨ ਦਾ ਵਾਅਦਾ ਕਰ ਕੇ ਵੋਟਾਂ ਮੰਗ ਰਹੇ ਹਨ। ਕੈਨੇਡਾ ਦੇ ਮਾਮਲੇ ਵਿੱਚ ਅੜਿੱਕਾ ਇਹ ਹੈ ਕਿ ਮੁਲਕ ਆਵਾਸੀਆਂ ’ਤੇ ਬਹੁਤ ਜ਼ਿਆਦਾ ਨਿਰਭਰ ਹੈ ਜੋ ਇਸ ਦੇ ਅਰਥਚਾਰੇ ਨੂੰ ਰਫ਼ਤਾਰ ਦੇਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਕੈਨੇਡਾ ਦੀ ਆਬਾਦੀ ਤੇਜ਼ੀ ਨਾਲ ਬੁਢਾਪੇ ਵੱਲ ਵਧ ਰਹੀ ਹੈ ਤੇ ਇਸ ਸੂਰਤ ਵਿੱਚ ਕਿਰਤ ਦੀ ਘਾਟ ਨਾਲ ਨਜਿੱਠਣਾ ਦੇਸ਼ ਲਈ ਚੁਣੌਤੀ ਬਣ ਜਾਵੇਗਾ। ਟਰੂਡੋ ਜਿਸ ਨੇ 2016 ਵਿੱਚ ਕੋਮਾਗਾਟਾ ਮਾਰੂ ਘਟਨਾ (1914) ਲਈ ਮੁਆਫੀ ਮੰਗ ਕੇ ਪਰਵਾਸੀ ਭਾਈਚਾਰੇ ਨੂੰ ਆਪਣੇ ਨਾਲ ਜੋੜਿਆ ਸੀ, ਅੱਗੇ ਹੁਣ ਮੁਸ਼ਕਿਲ ਚੁਣੌਤੀਆਂ ਖੜ੍ਹੀਆਂ ਹਨ। ਜਾਪਦਾ ਹੈ, ਆਉਣ ਵਾਲੇ ਸਮੇਂ ਦੌਰਾਨ ਇਹ ਚੁਣੌਤੀਆਂ ਹੋਰ ਜਿ਼ਆਦਾ ਵਧਣਗੀਆਂ।