ਕੈਨੇਡੀਅਨ ਸਿਆਸਤ ’ਤੇ ਪੈ ਸਕਦੈ ਟਰੂਡੋ ਦੇ ਤਲਾਕ ਦਾ ਅਸਰ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 3 ਅਗਸਤ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (51) ਤੇ ਉਨ੍ਹਾਂ ਦੀ ਪਤਨੀ ਸੋਫੀ ਗ੍ਰੈਗੋਇਰ ਟਰੂਡੋ (48) ਵੱਲੋਂ ਤਲਾਕ ਲੈਣ ਦੇ ਫ਼ੈਸਲੇ ਨਾਲ ਜਸਟਿਨ ਟਰੂਡੋ ਦੇ ਪਿਤਾ ਦੀ ਪਿਰਤ ਅੱਗੇ ਤੁਰ ਪਈ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਪਤਨੀ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦਿਆਂ ਅਲਹਿਦਾ ਹੋਣ ਦਾ ਐਲਾਨ ਕੀਤਾ ਸੀ, ਜਿਸ ਦੀ ਪੁਸ਼ਟੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਕੀਤੀ ਗਈ। ਦੋਵੇਂ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹਿਣਗੇ। ਦੋਵੇਂ 28 ਮਈ, 2005 ਨੂੰ ਵਿਆਹ ਦੇ ਬੰਧਨ ’ਚ ਬੱਝੇ ਸਨ ਅਤੇ ਜੋੜੇ ਦੇ ਤਿੰਨ ਬੱਚੇ ਹਨ।
ਕੈਨੇਡਾ ਦੇ ਇਤਿਹਾਸ ਵਿੱਚ ਪ੍ਰਧਾਨ ਮੰਤਰੀ ਹੁੰਦਿਆਂ ਪਤਨੀ ਤੋਂ ਵੱਖ ਹੋਣ ਦੀ ਪਿਰਤ ਜਸਟਿਨ ਦੇ ਪਿਤਾ ਪੀਅਰੇ ਇਲੀਅਟ ਟਰੂਡੋ ਨੇ 1979 ਵਿੱਚ ਪਾਈ ਸੀ। ਉਦੋਂ ਜਸਟਿਨ ਅਜੇ ਸੱਤ ਸਾਲ ਦਾ ਸੀ। ਜਸਟਿਨ ਦੇ ਮਾਤਾ-ਪਿਤਾ ਨੇ ਪੰਜ ਸਾਲ ਵੱਖ ਵੱਖ ਰਹਿ ਕੇ 1984 ਵਿੱਚ ਤਲਾਕ ਲਿਆ। ਜਸਟਿਨ ਟਰੂਡੋ ਨੇ ਬੀਤੇ ਦਿਨ ਆਪਣੇ ਤਲਾਕ ਦਾ ਕਾਰਨ ਵਿਚਾਰਕ ਮੱਤਭੇਦ ਦਸਿਆ ਸੀ।
ਜਾਣਕਾਰੀ ਅਨੁਸਾਰ ਦੋਵਾਂ ਦੇ ਬੱਚੇ ਪ੍ਰਧਾਨ ਮੰਤਰੀ ਨਿਵਾਸ ਵਿੱਚ ਰਹਿਣਗੇ ਤੇ ਸੋਫੀ ਉਨ੍ਹਾਂ ਦਾ ਪਤਾ ਲੈਂਦੀ ਰਹੇਗੀ ਅਤੇ ਜਸਟਿਨ ਟਰੂਡੋ ਦੇ ਦੌਰਿਆਂ ਮੌਕੇ ਉਹ ਬੱਚਿਆਂ ਕੋਲ ਠਹਿਰੇਗੀ। ਮਾਰਗਰੇਟ ਟਰੂਡੋ ਦੀ ਕੁੱਖੋਂ 25 ਦਸੰਬਰ, 1971 ਨੂੰ ਜਨਮੇ ਜਸਟਿਨ ਟਰੂਡੋ ਨੇ ਵਿਆਹ ਤੋਂ ਪਹਿਲਾਂ ਕੁਝ ਸਾਲ ਵੈਨਕੂਵਰ ਯੂਨੀਵਰਸਿਟੀ ਵਿੱਚ ਪੜ੍ਹਾਇਆ। ਸੋਫੀਆ ਪਹਿਲਾਂ ਮਾਡਲ ਤੇ ਟੀਵੀ ਰਿਪੋਰਟਰ ਸੀ। ਦੋਵੇਂ 2002 ਵਿੱਚ ਮਰਸਿਡੀਜ਼ ਬੈਂਜ਼ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਮਿਲੇ। ਕੁਝ ਮਿਲਣੀਆਂ ਮਗਰੋਂ 2005 ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ ਅਤੇ ਮੌਂਟਰੀਅਲ ਰਹਿਣ ਲੱਗੇ। ਇੱਥੇ ਉਨ੍ਹਾਂ ਦੇ ਦੋ ਬੱਚੇ ਪੈਦਾ ਹੋਏ।
ਜਸਟਿਨ ਟਰੂਡੋ 2007 ਵਿੱਚ ਸਿਆਸਤ ’ਚ ਆਏ ਤੇ ਲਬਿਰਲ ਪਾਰਟੀ ਦੇ ਉਮੀਦਵਾਰ ਵਜੋਂ ਪਹਿਲੀ ਚੋਣ ਮੌਂਟਰੀਅਲ ਹਲਕੇ ਤੋਂ 2008 ਵਿੱਚ ਜਿੱਤੀ। ਇਸ ਮਗਰੋਂ ਜਿੱਤਾਂ ਦਾ ਸਿਲਸਿਲਾ ਜਾਰੀ ਰਿਹਾ। ਉਹ 2010 ਤੋਂ ਓਟਾਵਾ ਰਹਿਣ ਲੱਗੇ। ਉਨ੍ਹਾਂ 2013 ਵਿੱਚ ਲਬਿਰਲ ਪਾਰਟੀ ਪ੍ਰਧਾਨ ਬਣ ਕੇ ਪਾਰਟੀ ਨੂੰ ਮਜ਼ਬੂਤ ਕੀਤਾ ਤੇ 2015 ਦੀ ਚੋਣ ’ਚ ਪਾਰਟੀ ਨੂੰ ਬਹੁਮਤ ਮਿਲਿਆ ਤੇ ਉਹ ਪ੍ਰਧਾਨ ਮੰਤਰੀ ਬਣ ਗਏ। ਜਸਟਿਨ ਟਰੂਡੋ ਦੀ ਪਾਰਟੀ 2019 ਦੀਆਂ ਚੋਣਾਂ ਵਿੱਚ ਬਹੁਮਤ ਤੋਂ ਥੋੜਾ ਪੱਛੜ ਗਈ ਤੇ ਫਿਰ 2021 ਦੀਆਂ ਮੱਧਕਾਲੀ ਚੋਣਾਂ ਵਿੱਚ ਵੀ ਪਹਿਲਾਂ ਵਾਲਾ ਅੰਕੜਾ ਬਰਕਰਾਰ ਰਿਹਾ, ਜਿਸ ਕਾਰਨ ਉਨ੍ਹਾਂ ਦੀ ਸਰਕਾਰ ਐੱਨਡੀਪੀ ਦੇ ਬਾਹਰੀ ਸਹਿਯੋਗ ’ਤੇ ਟਿਕੀ ਹੋਈ ਹੈ।
ਸਿਆਸੀ ਮਾਹਿਰ ਅਗਲੇ ਦਿਨਾਂ ਵਿੱਚ ਕੈਨੇਡੀਅਨ ਸਿਆਸਤ ’ਚ ਉਤਰਾਅ-ਚੜਾਅ ਦੀ ਪੇਸ਼ੀਨਗੋਈ ਕਰ ਰਹੇ ਹਨ।