ਟਰੂਡੋ ਦੀ ਰੁਖ਼ਸਤੀ
ਜਸਟਿਨ ਟਰੂਡੋ ਨੇ ਜਿਸ ਅਧਮਨੇ ਢੰਗ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ ਉਸ ਤੋਂ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਲਿਬਰਲ ਪਾਰਟੀ ਦੇ ਹਮਾਇਤੀਆਂ ਨੂੰ ਬਹੁਤੀ ਧਰਵਾਸ ਨਹੀਂ ਮਿਲ ਸਕੀ। ਪਿਛਲੇ ਕਰੀਬ ਇੱਕ ਦਹਾਕੇ ਤੋਂ ਉਹ ਕੈਨੇਡੀਅਨ ਸਿਆਸਤ ਦਾ ਕੇਂਦਰਬਿੰਦੂ ਬਣੇ ਹੋਏ ਸਨ ਪਰ ਹੁਣ ਉਨ੍ਹਾਂ ਅਜਿਹੇ ਵਕਤ ਆਪਣਾ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ ਹੈ ਜਦੋਂ ਉਨ੍ਹਾਂ ਦੀ ਪਾਰਟੀ ਆਪਣੇ ਸਭ ਤੋਂ ਬੁਰੇ ਦੌਰ ’ਚੋਂ ਲੰਘ ਰਹੀ ਹੈ। ਉਨ੍ਹਾਂ ਦੇ ਕਈ ਵਜ਼ਾਰਤੀ ਸਾਥੀਆਂ ਨੇ ਅਸਤੀਫ਼ੇ ਦੇ ਦਿੱਤੇ ਸਨ ਅਤੇ ਹਾਲੀਆ ਜ਼ਿਮਨੀ ਚੋਣਾਂ ਵਿੱਚ ਪਾਰਟੀ ਨੂੰ ਆਪਣੇ ਕਈ ਸਿਆਸੀ ਗੜ੍ਹਾਂ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ ਸੀ। ਇੱਕ ਸਰਵੇਖਣ ਮੁਤਾਬਿਕ ਲਿਬਰਲਜ਼ ਦੀ ਹਮਾਇਤ 16 ਫ਼ੀਸਦੀ ਦੱਸੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਪਿਛਲੇ ਸੌ ਸਾਲਾਂ ਵਿੱਚ ਪਾਰਟੀ ਨੂੰ ਚੋਣਾਂ ਤੋਂ ਪਹਿਲਾਂ ਐਨੀ ਘੱਟ ਹਮਾਇਤ ਕਦੇ ਵੀ ਨਹੀਂ ਰਹੀ। ਇਸ ਦੇ ਬਾਵਜੂਦ ਟਰੂਡੋ ਸੱਤਾ ਤੋਂ ਵੱਖ ਹੋਣ ਲਈ ਤਿਆਰ ਨਹੀਂ ਸੀ ਜਿਵੇਂ ਕਿ ਉਨ੍ਹਾਂ ਦੇ ਇਸ ਬਿਆਨ ਤੋਂ ਜ਼ਾਹਿਰ ਹੁੰਦਾ ਹੈ ਕਿ ‘ਮੇਰੀ ਸਰੀਰ ਦੀ ਹਰੇਕ ਹੱਡੀ ਮੈਨੂੰ ਲੜਨ ਲਈ ਕਹਿ ਰਹੀ ਹੈ’’ ਪਾਰਲੀਮੈਂਟ ਵਿੱਚ ਬਣੇ ਜਮੂਦ ਅਤੇ ਚੋਣਾਂ ਤੋਂ ਪਹਿਲਾਂ ਦੇ ਅਣਸੁਖਾਵੇਂ ਹਾਲਾਤ ਦੇ ਮੱਦੇਨਜ਼ਰ ਉਨ੍ਹਾਂ ਕੋਲ ਅਸਤੀਫ਼ੇ ਦਾ ਰਾਹ ਚੁਣਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿ ਗਿਆ ਸੀ।
ਟਰੂਡੋ ਦੀ ਕੈਬਨਿਟ ਵਿੱਚ ਉਨ੍ਹਾਂ ਦੇ ਵਫ਼ਾਦਾਰਾਂ ਤੇ ਮਿੱਤਰਾਂ ਦਾ ਜਮਘਟ ਸੀ ਅਤੇ ਉਨ੍ਹਾਂ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਨਿੱਜੀ ਵਾਕਫ਼ਕਾਰਾਂ ’ਤੇ ਹੀ ਭਰੋਸਾ ਕਰਦੇ ਸਨ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਜਦੋਂ ਸੰਕਟ ਦੇ ਬੱਦਲ ਉਮੜੇ ਤਾਂ ਉਹ ਇਕੱਲੇ ਪੈ ਗਏ। ਪਿਛਲੇ ਮਹੀਨੇ ਉਨ੍ਹਾਂ ਦੀ ਖਜ਼ਾਨਾ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਅਸਤੀਫ਼ਾ ਦੇ ਕੇ ਟਰੂਡੋ ਉੱਪਰ ‘‘ਸਿਆਸੀ ਚਾਲਬਾਜ਼ੀਆਂ’’ ਖੇਡਣ ਦਾ ਦੋਸ਼ ਮੜ੍ਹਿਆ ਸੀ ਕਿਉਂਕਿ ਟਰੂਡੋ ਉਸ ਦੀ ਥਾਂ ਬੈਂਕ ਆਫ਼ ਕੈਨੇਡਾ ਦੇ ਗਵਰਨਰ ਮਾਰਕ ਕਾਰਨੀ ਨੂੰ ਲਿਆਉਣਾ ਚਾਹੁੰਦੇ ਸਨ। ਟਰੂਡੋ ਨੇ ਕੋਵਿਡ-19 ਦੀ ਮਹਾਮਾਰੀ ਨਾਲ ਨਿਪਟਣ ਵਿੱਚ ਦੇਸ਼ ਵਿਦੇਸ਼ ਵਿੱਚ ਵਾਹਵਾ ਭੱਲ ਖੱਟੀ ਸੀ ਪਰ ਕੈਨੇਡਾ ਦੇ ਅਰਥਚਾਰੇ ਲਈ ਸੰਕਟ ਉਦੋਂ ਤੇਜ਼ ਹੋ ਗਿਆ ਜਦੋਂ ਯੂਕਰੇਨ ਤੇ ਰੂਸ ਦੀ ਜੰਗ ਲੰਮੀ ਖਿੱਚਣੀ ਸ਼ੁਰੂ ਹੋ ਗਈ ਸੀ। ਸ਼ਾਇਦ ਉਹ ਇਸ ਦਾ ਅੰਦਾਜ਼ਾ ਲਾਉਣ ਵਿੱਚ ਨਾਕਾਮ ਰਹੇ। ਪਿਛਲੇ ਦਿਨੀ ਜਦੋਂ ਉਹ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲਣ ਗਏ ਸਨ ਤਾਂ ਟਰੰਪ ਨੇ ਉਨ੍ਹਾਂ ਨੂੰ ਅਮਰੀਕਾ ਦੇ 51ਵੇਂ ਸੂਬੇ ਦਾ ਗਵਰਨਰ ਕਹਿ ਕੇ ਠਿੱਠ ਕੀਤਾ ਸੀ ਅਤੇ ਹੁਣ ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਮੁੜ ਆਖਿਆ ਹੈ ਕਿ ਉਹ ਕੈਨੇਡਾ ਨੂੰ ਅਮਰੀਕਾ ਨਾਲ ਰਲੇਵਾਂ ਕਰਨ ਦੀ ਪੇਸ਼ਕਸ਼ ਦੁਹਰਾ ਰਹੇ ਹਨ ਜਿਸ ਤੋਂ ਦੱਸ ਪੈਂਦੀ ਹੈ ਕਿ ਕੈਨੇਡਾ ਦੀ ਕੌਮੀ ਸਿਆਸਤ ਆਪਣਾ ਮਾਣ-ਤਾਣ ਅਤੇ ਅਸਰ-ਰਸੂਖ ਕਿਸ ਕਦਰ ਗੁਆ ਬੈਠੀ ਹੈ। ਭਾਵੇਂ ਟਰੂਡੋ ਦੀ ਥਾਂ ਲਿਬਰਲ ਪਾਰਟੀ ਦਾ ਨਵਾਂ ਨੇਤਾ ਚੁਣਨ ਲਈ ਮਾਰਚ ਤੱਕ ਦਾ ਸਮਾਂ ਮਿਲ ਗਿਆ ਹੈ ਪਰ ਇਹ ਅਮਲ ਜਿੰਨਾ ਜਲਦੀ ਅਤੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹ ਜਾਵੇ, ਪਾਰਟੀ ਲਈ ਓਨਾ ਹੀ ਚੰਗਾ ਹੈ ਕਿਉਂਕਿ ਇਸ ਦੇ ਸਾਹਮਣੇ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਹਨ।