ਨਿੱਝਰ ਹੱਤਿਆ ਬਾਰੇ ਟਰੂਡੋ ਨੇ ਕਿਹਾ,‘ਕੈਨੇਡਾ ਸਰਕਾਰ ਆਪਣੇ ਦੇਸ਼ ਵਾਸੀਆਂ ਲਈ ਦ੍ਰਿੜਤਾ ਨਾਲ ਖੜ੍ਹੀ ਹੈ’
ਓਟਵਾ, 11 ਅਪਰੈਲ
ਕੈਨੇਡਾ 'ਚ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਸਰਕਾਰ ਕੈਨੇਡੀਅਨਾਂ ਦੀ ਸੁਰੱਖਿਆ ਦੇ ਮੁੱਦੇ 'ਤੇ ਹਮੇਸ਼ਾ ਦ੍ਰਿੜਤਾ ਨਾਲ ਖੜ੍ਹੀ ਹੈ ਅਤੇ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਮੁੱਦਾ ਚੁੱਕ ਕੇ ਉਸ ਨੇ ਇਹ ਸਾਬਤ ਕੀਤਾ ਹੈ। ਦਰਅਸਲ ਕੈਨੇਡਾ 'ਚ ਚੋਣ ਪ੍ਰਕਿਰਿਆ 'ਚ ਵਿਦੇਸ਼ੀ ਦਖਲ ਦੀ ਜਾਂਚ ਚੱਲ ਰਹੀ ਹੈ ਤੇ ਟਰੂਡੋ ਨੇ ਇਸ ਵਿੱਚ ਗਵਾਹੀ ਦਿੱਤੀ ਹੈ। ਨਿੱਝਰ ਦੀ ਪਿਛਲੇ ਸਾਲ ਜੂਨ ਵਿੱਚ ਸਰੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।ਟਰੂਡੋ ਨੇ ਇਸ ਕਤਲ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ ਲਾਏ ਸਨ, ਜਿਨ੍ਹਾਂ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਰੱਦ ਕਰ ਦਿੱਤਾ ਸੀ। ਕਿਊਬਿਕ ਦੀ ਜੱਜ ਮੈਰੀ-ਜੋਸੀ ਹੋਗ ਦੀ ਅਗਵਾਈ ਵਾਲੇ ਵਿਦੇਸ਼ੀ ਦਖਲ ਕਮਿਸ਼ਨ ਦੀ ਸੁਣਵਾਈ ਦੌਰਾਨ ਟਰੂਡੋ ਨੇ ਦੇਸ਼ ਦੀ ਪਿਛਲੀ ਕੰਜ਼ਰਵੇਟਿਵ ਸਰਕਾਰ 'ਤੇ ਮੌਜੂਦਾ ਭਾਰਤ ਸਰਕਾਰ ਪ੍ਰਤੀ ਨਰਮ ਰਵੱਈਏ ਦਾ ਦੋਸ਼ ਲਾਇਆ। ਟਰੂਡੋ ਨੇ ਕਿਹਾ ਕਿ ਸਾਡੀ ਸਰਕਾਰ ਕੈਨੇਡਾ ਵਿੱਚ ਘੱਟ ਗਿਣਤੀਆਂ ਅਤੇ ਘੱਟ ਗਿਣਤੀਆਂ ਦੇ ਬੋਲਣ ਦੇ ਅਧਿਕਾਰਾਂ ਦੀ ਰਾਖੀ ਲਈ ਹਮੇਸ਼ਾ ਖੜ੍ਹੀ ਰਹੀ ਹੈ।