For the best experience, open
https://m.punjabitribuneonline.com
on your mobile browser.
Advertisement

ਭਾਰਤ-ਕੈਨੇਡਾ ਸਬੰਧਾਂ ਨੂੰ ਪੁੱਜੇ ਨੁਕਸਾਨ ਲਈ ਟਰੂਡੋ ਜ਼ਿੰਮੇਵਾਰ

06:50 AM Oct 18, 2024 IST
ਭਾਰਤ ਕੈਨੇਡਾ ਸਬੰਧਾਂ ਨੂੰ ਪੁੱਜੇ ਨੁਕਸਾਨ ਲਈ ਟਰੂਡੋ ਜ਼ਿੰਮੇਵਾਰ
ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ। -ਫੋਟੋ: ਪੀਟੀਆਈ
Advertisement

* ਕੈਨੇਡਾ ਕੋਲ ਪਿਛਲੇ ਇੱਕ ਦਹਾਕੇ ਤੋਂ 26 ਸਪੁਰਦਗੀ ਅਪੀਲਾਂ ਬਕਾਇਆ ਹੋਣ ਦਾ ਦਾਅਵਾ

Advertisement

ਨਵੀਂ ਦਿੱਲੀ, 17 ਅਕਤੂਬਰ
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇਸ ਇੰਕਸਾਫ਼ ਕਿ ਪਿਛਲੇ ਸਾਲ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਕਥਿਤ ਭਾਰਤ ਦਾ ਹੱਥ ਹੋਣ ਦੇ ਦੋਸ਼ਾਂ ਬਾਰੇ ਉਦੋਂ ਉਨ੍ਹਾਂ (ਕੈਨੇਡਾ) ਕੋਲ ਕੋਈ ਠੋਸ ਸਬੂਤ ਨਹੀਂ ਸੀ ਤੇ ਇਹ ਦੋਸ਼ ਮਹਿਜ਼ ਖੁਫ਼ੀਆ ਜਾਣਕਾਰੀ ’ਤੇ ਅਧਾਰਿਤ ਸਨ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਟਰੂਡੋ ਦਾ ਇਹ ਬਿਆਨ ਭਾਰਤ ਦੇ ਇਸ ਸਟੈਂਡ ਦੀ ‘ਪੁਸ਼ਟੀ’ ਕਰਦਾ ਹੈ ਕਿ ਓਟਵਾ ਵੱਲੋਂ ਭਾਰਤ ਤੇ ਭਾਰਤੀ ਡਿਪਲੋਮੈਟਾਂ ’ਤੇ ਲਾਏ ਗੰਭੀਰ ਦੋਸ਼ਾਂ ਬਾਰੇ ਕੈਨੇਡਾ ਨੇ ਉਸ ਨੂੰ ‘ਕੋਈ ਸਬੂਤ ਮੁਹੱਈਆ’ ਨਹੀਂ ਕੀਤਾ। ਮੰਤਰਾਲੇ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਢਾਹ ਲਾਉਣ ਵਿਚ ਟਰੂਡੋ ਦਾ ‘ਲਾਪਰਵਾਹੀ ਵਾਲਾ ਵਤੀਰਾ’ ਜ਼ਿੰਮੇਵਾਰ ਹੈ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਬੁੱਧਵਾਰ ਰਾਤ ਨੂੰ ਜਾਰੀ ਅਧਿਕਾਰਤ ਬਿਆਨ ਵਿਚ ਕਿਹਾ, ‘‘ਅੱਜ ਅਸੀਂ ਜੋ ਕੁਝ ਸੁਣਿਆ ਹੈ, ਉਹ ਗੱਲ ਅਸੀਂ ਲਗਾਤਾਰ ਕਹਿੰਦੇ ਆ ਰਹੇ ਹਾਂ....ਕੈਨੇਡਾ ਨੇ ਭਾਰਤ ਤੇ ਭਾਰਤੀ ਡਿਪਲੋਮੈਟਾਂ ਖਿਲਾਫ਼ ਲਾਏ ਗੰਭੀਰ ਦੋਸ਼ਾਂ ਲਈ ਕੋਈ ਸਬੂਤ ਮੁਹੱਈਆ ਨਹੀਂ ਕੀਤਾ। ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਪੁੱਜੇ ਨੁਕਸਾਨ ਲਈ ਸਿਰਫ਼ ਤੇ ਸਿਰਫ਼ ਪ੍ਰਧਾਨ ਮੰਤਰੀ ਟਰੂਡੋ ਦਾ ਲਾਪਰਵਾਹੀ ਵਾਲਾ ਰਵੱਈਆ ਜ਼ਿੰਮੇਵਾਰ ਹੈ।’’ ਜੈਸਵਾਲ ਨੇ ਕਿਹਾ ਕਿ ਕੈਨੇਡਾ ਕੋਲ ਘੱਟੋ-ਘੱਟ 26 ਸਪੁਰਦਗੀ ਅਪੀਲਾਂ ਬਕਾਇਆ ਪਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਕੁਝ ‘ਪਿਛਲੇ ਇਕ ਦਹਾਕੇ ਜਾਂ ਉਸ ਤੋਂ ਵੀ ਪਹਿਲਾਂ ਦੀਆਂ ਹਨ।’ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਬੁੱਧਵਾਰ ਨੂੰ ਵਿਦੇਸ਼ੀ ਦਖ਼ਲ ਬਾਰੇ ਇਕ ਜਾਂਚ ਕਮਿਸ਼ਨ ਅੱਗੇ ਇਹ ਗੱਲ ਕਬੂਲੀ ਸੀ ਕਿ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਾਮਲੇ ਵਿਚ ਕੈਨੇਡਾ ਵੱਲੋਂ ਲਾਏ ਦੋਸ਼ਾਂ ਬਾਬਤ ਭਾਰਤ ਵੱਲੋਂ ਲਗਾਤਾਰ ਸਬੂਤਾਂ ਦੀ ਮੰਗ ਕੀਤੀ ਜਾ ਰਹੀ ਸੀ, ਪਰ ਉਨ੍ਹਾਂ ਦੀ ਸਰਕਾਰ ਨੇ ਇਸ ਬਾਰੇ ‘ਕੋਈ ਠੋਸ ਸਬੂਤ ਨਹੀਂ’ ਬਲਕਿ ਸਿਰਫ਼ ਖੁਫ਼ੀਆ ਜਾਣਕਾਰੀ ਹੀ ਮੁਹੱਈਆ ਕੀਤੀ। ਉਂਜ ਟਰੂਡੋ ਨੇ ਕਮਿਸ਼ਨ ਅੱਗੇ ਇਹ ਗੱਲ ਵੀ ਕਹੀ ਕਿ ਭਾਰਤ ਨੂੰ ਸ਼ਾਇਦ ਲੱਗਦਾ ਹੈ ਕਿ ਕੈਨੇਡਾ ਹਿੰਸਾ ਜਾਂ ਅਤਿਵਾਦ ਜਾਂ ਨਫ਼ਰਤ ਫੈਲਾਉਣ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ।
ਚੇਤੇ ਰਹੇ ਕਿ ਟਰੂਡੋ ਨੇ ਪਿਛਲੇ ਸਾਲ ਕੈਨੇਡੀਅਨ ਸੰਸਦ ਵਿਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਨਿੱਝਰ ਦੀ ਹੱਤਿਆ ਵਿਚ ਭਾਰਤ ਦਾ ਹੱਥ ਹੋਣ ਬਾਰੇ ‘ਪ੍ਰਮਾਣਿਕ ਜਾਣਕਾਰੀ’ ਹੈ। ਭਾਰਤ ਨੇ ਉਦੋਂ ਇਨ੍ਹਾਂ ਦੋਸ਼ਾਂ ਨੂੰ ‘ਹਾਸੋਹੀਣਾ’ ਤੇ ‘ਪ੍ਰੇਰਿਤ’ ਦੱਸ ਕੇ ਖਾਰਜ ਕਰ ਦਿੱਤਾ ਸੀ। ਹਾਲਾਂਕਿ ਟਰੂੂਡੋ ਦੇ ਇਸ ਦਾਅਵੇ ਮਗਰੋਂ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਤਲਖੀ ਵਧ ਗਈ ਸੀ। ਕੈਨੇਡਾ ਵੱਲੋਂ ਪਿਛਲੇ ਦਿਨੀਂ ਭਾਰਤ ਦੇ ਹਾਈ ਕਮਿਸ਼ਨਰ ਤੇ ਹੋਰਨਾਂ ਡਿਪਲੋਮੈਟਾਂ ਨੂੰ ‘ਪਰਸਨਜ਼ ਆਫ਼ ਇੰਟਰਸਟ’ ਦੱਸੇ ਜਾਣ ਮਗਰੋਂ ਭਾਰਤ ਨੇ ਕੈਨੇਡਾ ਵਿਚਲੇ ਆਪਣੇ ਛੇ ਡਿਪਲੋਮੈਟਾਂ ਨੂੰ ਵਾਪਸ ਸੱਦਣ ਦਾ ਫੈਸਲਾ ਕਰਦਿਆਂ ਨਵੀਂ ਦਿੱਲੀ ਵਿਚ ਕੈਨੇਡੀਅਨ ਅੰਬੈਸੀ ਦੇ 6 ਡਿਪਲੋਮੈਟਾਂ ਨੂੰ ਮੁਅੱਤਲ ਕਰਕੇ ਮੁਲਕ ਛੱਡਣ ਲਈ ਆਖ ਦਿੱਤਾ ਸੀ। -ਆਈਏਐੱਨਐੱਸ/ਪੀਟੀਆਈ

Advertisement

ਪੰਨੂ ਕੇਸ ’ਚ ਨਾਮਜ਼ਦ ਭਾਰਤੀ ਪੁਲੀਸ ਅਧਿਕਾਰੀ ਸਰਕਾਰ ਦਾ ਹਿੱਸਾ ਨਹੀਂ: ਵਿਦੇਸ਼ ਮੰਤਰਾਲਾ

ਅਜੈ ਬੈਨਰਜੀ/ਏਜੰਸੀ
ਨਵੀਂ ਦਿੱਲੀ/ਵਾਸ਼ਿੰਗਟਨ, 17 ਅਕਤੂਬਰ
ਭਾਰਤ ਨੇ ਅੱਜ ਕਿਹਾ ਕਿ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ‘ਕੋਸ਼ਿਸ਼’ ਨਾਲ ਜੁੜੇ ਮਾਮਲੇ ਵਿਚ ਅਮਰੀਕੀ ਨਿਆਂ ਵਿਭਾਗ ਨੇ ਜਿਸ ਭਾਰਤੀ ਪੁਲੀਸ ਅਧਿਕਾਰੀ ਖਿਲਾਫ਼ ਦੋਸ਼ ਆਇਦ ਕੀਤੇ ਸਨ, ਉਸ ਨੂੰ ਸੇਵਾ ਤੋਂ ਹਟਾਇਆ ਜਾ ਚੁੱਕਾ ਹੈ ਤੇ ਉਹ ਹੁਣ ਭਾਰਤ ਸਰਕਾਰ ਦਾ ਹਿੱਸਾ ਨਹੀਂ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਇਹ ਦਾਅਵਾ ਅਜਿਹੇ ਮੌਕੇ ਕੀਤਾ ਹੈ ਜਦੋਂ ਭਾਰਤ ਦਾ ਜਾਂਚ ਦਲ ਇਸ ਮਸਲੇ ਨੂੰ ਲੈ ਕੇ ਵਾਸ਼ਿੰਗਟਨ ਗਿਆ ਹੋਇਆ ਹੈ। ਜੈਸਵਾਲ ਨੇ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਕਿਹਾ, ‘‘ਹਾਂ ਮੈਂ ਇਸ ਗੱਲ ਦੀ ਪੁਸ਼ਟੀ ਕਰਦਾ ਹਾਂ ਕਿ ਇਹ ਭੱਦਰ ਪੁਰਸ਼ ਹੁਣ ਭਾਰਤ ਸਰਕਾਰ ਦਾ ਹਿੱਸਾ ਨਹੀਂ ਹੈ। ਉਹ ਹੁਣ ਮੁਲਾਜ਼ਮ ਨਹੀਂ ਹੈ।’’ ਜੈਸਵਾਲ ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿੱਲਰ ਦੇ ਉਸ ਬਿਆਨ ਦੇ ਹਵਾਲੇ ਨਾਲ ਬੋਲ ਰਹੇ ਸਨ ਜਿਸ ਵਿਚ ਮਿੱਲਰ ਨੇ ਕਿਹਾ ਸੀ, ‘‘ਅਮਰੀਕੀ ਨਿਆਂ ਵਿਭਾਗ ਨੇ ਆਪਣੀ ਚਾਰਜਸ਼ੀਟ ਵਿਚ ਜਿਸ ਵਿਅਕਤੀ ਵਿਸ਼ੇਸ਼ ਨੂੰ ਨਾਮਜ਼ਦ ਕੀਤਾ ਹੈ, ਉਹ ਹੁਣ ਭਾਰਤ ਸਰਕਾਰ ਦਾ ਮੁਲਾਜ਼ਮ ਨਹੀਂ ਹੈ।’’ ਜੈਸਵਾਲ ਨੇ ਹਾਲਾਂਕਿ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਕਿਸ ਵਿਅਕਤੀ ਦਾ ਹਵਾਲਾ ਦੇ ਰਹੇ ਹਨ। ਸੂਤਰਾਂ ਨੇ ਕਿਹਾ ਕਿ ਅਮਰੀਕੀ ਨਿਆਂ ਵਿਭਾਗ ਦੀ ਚਾਰਜਸ਼ੀਟ ਵਿਚ ਇਸ ਵਿਅਕਤੀ ਦੀ ਪਛਾਣ ‘ਸੀਸੀ1’ ਵਿਕਰਮ ਯਾਦਵ ਵਜੋਂ ਦੱਸੀ ਗਈ ਹੈ, ਜੋ ਅਮਰੀਕਾ ਵਿਚ ‘ਰਾਅ’ ’ਚ ਤਾਇਨਾਤ ਸੀ। ਉਧਰ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਭਾਰਤੀ ਜਾਂਚ ਦਲ ਨਾਲ ਹੋਈ ਬੈਠਕ ਉਸਾਰੂ ਰਹੀ। ਅਮਰੀਕਾ ਨੇ ਕਿਹਾ ਕਿ ਉਹ ਭਾਰਤ ਵੱਲੋਂ ਦਿੱਤੇ ਸਹਿਯੋਗ ਤੋਂ ਸੰਤੁੁਸ਼ਟ ਹਨ। ਵਿਭਾਗ ਦੇ ਤਰਜਮਾਨ ਮੈਥਿਊ ਮਿੱਲਰ ਨੇ ਕਿਹਾ, ‘‘ਅਸੀਂ ਭਾਰਤ ਵੱਲੋਂ ਮਿਲੇ ਸਹਿਯੋਗ ਤੋਂ ਸੰਤੁਸ਼ਟ ਹਾਂ। ਜਾਂਚ ਦਾ ਇਹ ਅਮਲ ਚੱਲਦਾ ਰਹੇਗਾ। ਅਸੀਂ ਇਸ ਮਸਲੇ ’ਤੇ ਉਨ੍ਹਾਂ ਨਾਲ ਕੰਮ ਕਰਦੇ ਰਹਾਂਗੇ ਪਰ ਅਸੀਂ ਉਨ੍ਹਾਂ ਵੱਲੋਂ ਮਿਲੇ ਸਹਿਯੋਗ ਦੀ ਸ਼ਲਾਘਾ ਕਰਦੇ ਹਾਂ। ਉਨ੍ਹਾਂ ਸਾਨੂੰ ਤੇ ਅਸੀਂ ਉਨ੍ਹਾਂ ਨੂੰ ਆਪੋ ਆਪਣੀ ਜਾਂਚ ਬਾਰੇ ਅਪਡੇਟ ਕੀਤਾ।’’ ਇਕ ਸਵਾਲ ਦੇ ਜਵਾਬ ਵਿਚ ਮਿੱਲਰ ਨੇ ਕਿਹਾ, ‘‘ਭਾਰਤੀ ਜਾਂਚ ਦਲ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਨਿਆਂ ਵਿਭਾਗ ਨੇ ਜਿਸ ਵਿਅਕਤੀ ਵਿਸ਼ੇਸ਼ ਉੱਤੇ ਦੋਸ਼ ਲਾਏ ਹਨ, ਉਹ ਹੁਣ ਭਾਰਤ ਸਰਕਾਰ ਦਾ ਮੁਲਾਜ਼ਮ ਨਹੀਂ ਹੈ।’’ ਭਾਰਤੀ ਜਾਂਚ ਦਲ ਵਿਚ ਡਿਪਟੀ ਕੌਮੀ ਸੁਰੱਖਿਆ ਸਲਾਹਕਾਰ ਤੇ ਨੈਸ਼ਨਲ ਸਕਿਓਰਿਟੀ ਕੌਂਸਲ ਸਕੱਤਰੇਤ ਦਾ ਇਕ ਹੋਰ ਅਧਿਕਾਰੀ ਸ਼ਾਮਲ ਹਨ। ਇਹ ਦੋਵੇਂ ਸੇਵਾਮੁਕਤ ਆਈਪੀਐੱਸ ਅਧਿਕਾਰੀ ਹਨ, ਜੋ ਕੇਂਦਰੀ ਜਾਂਚ ਏਜੰਸੀ ਵਿਚ ਕੰਮ ਕਰ ਚੁੱਕੇ ਹਨ।

Advertisement
Author Image

joginder kumar

View all posts

Advertisement