Trudeau Cabinet reshuffle: ਪ੍ਰਧਾਨ ਮੰਤਰੀ ਟਰੂਡੋ ਆਪਣੀ ਕੈਬਨਿਟ ’ਚ ਸ਼ੁੱਕਰਵਾਰ ਨੂੰ ਕਰਨਗੇ ਫੇਰਬਦਲ
ਟੋਰਾਂਟੋ, 19 ਦਸੰਬਰ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਕੈਬਨਿਟ ਵਿਚ ਸ਼ੁੱਕਰਵਾਰ ਨੂੰ ਫੇਰਬਦਲ ਕਰਨਗੇ। ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਦੇ ਅਸਤੀਫ਼ੇ ਮਗਰੋਂ ਟਰੂਡੋ ਉੱਤੇ ਨਾ ਸਿਰਫ ਦਬਾਅ ਵਧਿਆ ਹੈ ਬਲਕਿ ਲਿਬਰਲਜ਼ ਵਿਚ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਵੀ ਜ਼ੋਰ ਫੜਨ ਲੱਗੀ ਹੈ। ਇਸ ਪੂਰੇ ਮਾਮਲੇ ਤੋਂ ਜਾਣੂ ਸੀਨੀਅਰ ਅਧਿਕਾਰੀ ਨੇ ਕੈਬਨਿਟ ਵਿਚ ਫੇਰਬਦਲ ਦੀ ਪੁਸ਼ਟੀ ਕੀਤੀ ਹੈ। ਫ੍ਰੀਲੈਂਡ ਦੇ ਅਸਤੀਫ਼ੇ ਮਗਰੋਂ ਭਾਵੇਂ ਡੋਮੀਨਿਕ ਲੀਬਲੈਂਕ ਨੇ ਨਵੇਂ ਵਿੱਤ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ, ਪਰ ਲਿਬਰਲ ਐੱਮਪੀਜ਼ ਵੱਲੋਂ ਟਰੂਡੋ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸਾਰੇ ਕੈਨੇਡੀਅਨ ਉਤਪਾਦਾਂ ਉੱਤੇ 25 ਫੀਸਦ ਟੈਕਸ ਲਾਉਣ ਦੀ ਧਮਕੀ ਨੇ ਟਰੂਡੋ ਸਰਕਾਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਕਾਬਿਲੇਗੌਰ ਹੈ ਕਿ ਵਿਰੋਧੀ ਧਿਰ ਦੇ ਆਗੂ ਤੇ ਟੋਰੀ ਲੀਡਰ ਪੀਅਰ ਪੋਲੀਵਰ ਹੁਣ ਤੱਕ ਤਿੰਨ ਵਾਰ ਬੇਭਰੋਸਗੀ ਮਤਿਆਂ ਰਾਹੀਂ ਟਰੂਡੋ ਸਰਕਾਰ ਡੇਗਣ ਦੀ ਅਸਫ਼ਲ ਕੋਸ਼ਿਸ਼ ਕਰ ਚੁੱਕੇ ਹਨ। -ਏਪੀ