ਨਾੜ ਨੂੰ ਲੱਗੀ ਅੱਗ ਦੀ ਲਪੇਟ ਵਿੱਚ ਆਏ ਕਣਕ ਦੇ ਭਰੇ ਟਰੱਕ
ਹਰਜੀਤ ਸਿੰਘ ਪਰਮਾਰ/ ਸੁੱਚਾ ਸਿੰਘ ਪਸਨਾਵਾਲ
ਬਟਾਲਾ/ ਧਾਰੀਵਾਲ, 17 ਮਈ
ਇਥੋਂ ਨਜ਼ਦੀਕ ਸਾਇਲੋ ਪਲਾਂਟ ਛੀਨਾ ਰੇਲ ਵਾਲਾ ਵਿੱਚ ਕਣਕ ਲੈ ਕੇ ਜਾਣ ਲਈ ਅੱਜ ਬਾਅਦ ਦੁਪਹਿਰ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ਸੜਕ ਕਿਨਾਰੇ ਲੰਮੀ ਕਤਾਰ ਵਿੱਚ ਖੜੇ ਕਣਕ ਦੇ ਲੱਦੇ ਟਰੱਕਾਂ ਨੂੰ ਪਿੰਡ ਖੋਖਰ ਫੌਜੀਆਂ ਪਿੰਡ ਖੋਖਰ ਫੌਜੀਆਂ ਵਾਲੇ ਪਾਸੇ ਖੇਤਾਂ ਵਿੱਚ ਕਿਸੇ ਕਿਸਾਨ ਵੱਲੋਂ ਕਣਕ ਦੇ ਨਾੜ/ਰਹਿੰਦ-ਖੂੰਹਦ ਨੂੰ ਲਗਾਈ ਅੱਗ ਨੇ ਤੇਜ਼ ਹਵਾ ਕਾਰਨ ਭਿਆਨਕ ਰੂਪ ਧਾਰਨ ਕਰ ਕੇ ਤਿੰਨ ਟਰੱਕਾਂ ਨੂੰ ਲਪੇਟ ਵਿੱਚ ਲੈ ਲਿਆ। ਹਾਦਸੇ ਦੌਰਾਨ ਇਕ ਟਰੱਕ ਨੰਬਰ ਪੀਬੀ 06 ਕਿਊ 3455 ਸਮੇਤ ਲੱਦੀ 600 ਬੋਰੀਆਂ ਕਣਕ (300 ਕੁਇੰਟਲ) ਸਣੇ ਸੜ ਕੇ ਸੁਆਹ ਹੋ ਗਿਆ, ਦੂਜਾ ਟਰੱਕ ਨੰਬਰ ਪੀਬੀ 06 ਕਿਊ 9855 ਲਗਪਗ ਅੱਧਾ ਸੜਿਆ ਅਤੇ ਤੀਜਾ ਟਰੱਕ ਨੰਬਰ ਪੀਬੀ 06 ਐੱਲ 2899 ਦਾ ਵੀ ਕੁੱਝ ਹਿੱਸਾ ਸੜਿਆ। ਜਦਕਿ ਸੜਕ ਕਿਨਾਰੇ ਬਾਕੀ ਖੜ੍ਹੇ ਟਰੱਕਾਂ ਨੂੰ ਲੋਕਾਂ ਨੂੰ ਬੜੀ ਜਦੋ-ਜਹਿਦ ਨਾਲ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚਾਅ ਲਿਆ। ਟਰੱਕ ਬਚਾਅ ਕਰਦੇ ਸਮੇਂ ਇਕ ਡਰਾਈਵਾਰ ਕਿਸ਼ਨ ਕੁਮਾਰ ਦੇ ਹੱਥ ਪੈਰ ਵੀ ਝੁਲਸ ਗਏ।
ਸੂਚਨਾ ਮਿਲਦਿਆਂ ਮੌਕੇ ਪਹੁੰਚੀ ਬਟਾਲਾ ਤੋਂ ਫਾਇਰ ਬ੍ਰਿਗੇਡ ਗੱਡੀ ਤੇ ਕਰਮਚਾਰੀਆਂ ਨੇ ਲੋਕਾਂ ਦੀ ਮਦਦ ਨਾਲ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਖਰੀਦ ਏਜੰਸੀਆਂ ਵੱਲੋਂ ਖਰੀਦੀ ਕਣਕ ਨੂੰ ਸਾਇਲੋ ਪਲਾਂਟ ਛੀਨਾ ਰੇਲ ਵਾਲਾ ਵਿੱਚ ਸਟੋਰ ਕਰਨ ਲਈ ਵੱਖ-ਵੱਖ ਮੰਡੀਆਂ ’ਚੋਂ ਕਣਕ ਲੈ ਕੇ ਆਏ ਟਰੱਕ ਸਾਇਲੋ ਪਲਾਂਟ ਵਿੱਚ ਕਣਕ ਦੀ ਉਤਰਾਈ ਕਰਨ ਲਈ ਵਾਰੀ ਦੀ ਉਡੀਕ ਵਿੱਚ ਨੈਸ਼ਨਲ ਹਾਈਵੇ ਅੰਮ੍ਰਿਤਸਰ-ਪਠਾਨਕੋਟ ਉਪਰ ਸਤਕੋਹਾ ਮੋੜ ਤੋਂ ਥੋੜਾ ਅੱਗੇ ਸਾਇਲੋ ਪਲਾਂਟ ਰੇਲ ਵਾਲਾ ਨੂੰ ਜਾਂਦੀ ਸੜਕ ਨੇੜੇ ਨੈਸ਼ਨਲ ਹਾਈਵੇਅ ਸੜਕ ਕਿਨਾਰੇ ਖੜੇ ਸਨ।
ਪਿੰਡ ਖੋਖਰ ਫੌਜੀਆਂ ਵਾਲੇ ਪਾਸੇ ਕਿਸੇ ਕਿਸਾਨ ਵੱਲੋਂ ਖੇਤਾਂ ਵਿੱਚ ਕਣਕ ਦੇ ਨਾੜ/ਰਹਿੰਦ ਖੂੰਹਦ ਨੂੰ ਲਗਾਈ ਅੱਗ ਨੇ ਅਚਾਨਕ ਤੇਜ਼ ਹਵਾ ਕਾਰਨ ਭਿਆਨਕ ਰੂਪ ਧਾਰ ਕੇ ਸੜਕ ਕਿਨਾਰੇ ਖੜੇ ਟਰੱਕਾਂ ਨੂੰ ਆ ਕੇ ਆਪਣੀ ਲਪੇਟ ਵਿੱਚ ਲੈ ਲਿਆ। ਘਟਨਾ ਸਥਾਨ ਤੇ ਪਹੁੰਚੇ ਸਬੰਧਿਤ ਥਾਣਾ ਸਦਰ ਬਟਾਲਾ ਦੀ ਪੁਲੀਸ ਚੌਕੀ ਦਿਆਲਗੜ੍ਹ ਦੇ ਇੰਚਾਰਜ ਏਐਸਆਈ ਰਣਜੀਤ ਸਿੰਘ ਨੇ ਦੱਸਿਆ ਵਿਭਾਗੀ ਕਾਰਵਾਈ ਲਈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਚੱਕਹਕੀਮ ਵਿੱਚ ਪਨਸਪ ਦੇ ਗੁਦਾਮ ’ਚ ਅੱਗ ਲੱਗੀ
ਫਗਵਾੜਾ (ਪੱਤਰ ਪ੍ਰੇਰਕ): ਅੱਜ ਇਥੇ ਚੱਕਹਕੀਮ ਵਿੱਚ ਪਨਸਪ ਦੇ ਗੁਦਾਮ ਨੂੰ ਅਚਾਨਕ ਅੱਗ ਲੱਗਣ ਕਾਰਨ ਕਾਫ਼ੀ ਨੁਕਸਾਨ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਸਾਰ ਫ਼ਾਇਰ ਬ੍ਰਿਗੇਡ ਮੌਕੇ ’ਤੇ ਪੁੱਜੀ ਤੇ ਕਰੀਬ 10 ਗੱਡੀਆਂ ਨਾਲ ਅੱਗ ’ਤੇ ਕਾਬੂ ਪਾਇਆ ਗਿਆ ਪਰ ਅਜੇ ਤੱਕ ਵੀ ਕਈ ਥਾਵਾ ’ਤੇ ਧੂੰਆਂ ਨਿਕਲ ਰਿਹਾ ਸੀ। ਪਨਸੱਪ ਇੰਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਲਾਗਲੇਂ ਖੇਤਾਂ ’ਚ ਕਿਸੇ ਵਿਅਕਤੀ ਨੇ ਨਾੜ ਨੂੰ ਅੱਗ ਲਗਾਈ ਸੀ ਜਿਸ ਕਾਰਨ ਇਹ ਅੱਗ ਇਸ ਖੇਤਰ ’ਚ ਆ ਗਈ ਜਿਸ ਕਾਰਨ ਕੁੱਝ ਕਣਕ ਤੇ ਸੈਂਕੜੇ ਬਾਰਦਾਨੇ ਦੀਆਂ ਬੋਰੀਆਂ ਸੜਕ ਕੇ ਸੁਆਹ ਹੋ ਗਈਆ। ਐੱਸਡੀਐੱਮ ਜਸ਼ਨਜੀਤ ਸਿੰਘ ਨੇ ਦੱਸਿਆ ਕਿ ਅੱਗ ਦੀ ਸੂਚਨਾ ਮਿਲਣ ’ਤੇ ਤੁਰੰਤ ਫ਼ਾਇਰ ਬ੍ਰਿਗੇਡ ਤੇ ਪਨਸਪ ਅਧਿਕਾਰੀਆਂ ਨੂੰ ਮੌਕੇ ’ਤੇ ਭੇਜਿਆ ਗਿਆ ਸੀ ਜਿਸ ਕਾਰਨ ਭਾਰੀ ਨੁਕਸਾਨ ਹੋਣ ਤੋਂ ਬਚਾਅ ਹੋਇਆ ਹੈ।