‘ਹਿੱਟ ਐਂਡ ਰਨ’ ਕਾਨੂੰਨ ਖ਼ਿਲਾਫ਼ ਟਰੱਕ ਯੂਨੀਅਨ ਹੜਤਾਲ ’ਤੇ
ਪੱਤਰ ਪ੍ਰੇਰਕ
ਬਨੂੜ, 2 ਜਨਵਰੀ
ਹਿੱਟ ਐਂਡ ਰਨ ਕਾਨੂੰਨ ਵਿੱਚ ਸੋਧ ਖ਼ਿਲਾਫ਼ ਟਰੱਕ ਯੂਨੀਅਨ ਬਨੂੜ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਲਗਪਗ 300 ਟਰੱਕ ਆਪਰੇਟਰਾਂ ਨੇ ਅੱਜ ਭਾੜਾ ਢੋਅ-ਢੋਆਈ ਦਾ ਸਾਰਾ ਕੰਮ ਠੱਪ ਕਰਕੇ ਆਪਣੇ ਟਰੱਕ ਯੂਨੀਅਨ ਦੇ ਗਰਾਊਂਡ ਵਿੱਚ ਖੜ੍ਹੇ ਕਰ ਦਿੱਤੇ ਹਨ। ਟਰੱਕ ਅਪਰੇਟਰਾਂ ਨੇ ਇਕੱਠੇ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਕਾਨੂੰਨ ਵਿੱਚ ਕੀਤੀ ਸੋਧ ਵਾਪਸ ਨਾ ਲੈਣ ਦੀ ਸੂਰਤ ਵਿੱਚ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ।
ਟਰੱਕ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਗਪੁਰਾ, ਚੇਅਰਮੈਨ ਬਲਵਿੰਦਰ ਸਿੰਘ, ਤਰਲੋਚਨ ਸਿੰਘ ਵਾਲੀਆ, ਮਹਿੰਦਰ ਸਿੰਘ, ਮਨਜੀਤ ਸਿੰਘ ਜਲਾਲਪੁਰ, ਨੇਤਰ ਸਿੰਘ, ਦੇਵਿੰਦਰ ਸਿੰਘ, ਸੁਰਿੰਦਰ ਸਿੰਘ ਛਿੰਦਾ, ਅਸ਼ਵਨੀ ਕੁਮਾਰ, ਜਗਦੀਸ਼ ਸਿੰਘ ਜੰਗਪੁਰਾ ਅਤੇ ਸੁਰਿੰਦਰ ਸਿੰਘ ਨੇ ਇਸ ਮੌਕੇ ਬੋਲਦਿਆਂ ਕੇਂਦਰ ਸਰਕਾਰ ਦੀ ਤਿੱਖੀ ਨੁਕਤਾਚੀਨੀ ਕੀਤੀ। ਉਨ੍ਹਾਂ ਕਿਹਾ ਕਿ ਕਾਨੂੰਨ ਵਿੱਚ ਕੀਤੀ ਸੋਧ ਤੋਂ ਪਹਿਲਾਂ ਟਰਾਂਸਪੋਰਟਰਾਂ ਦਾ ਕੋਈ ਪੱਖ ਨਹੀਂ ਸੁਣਿਆ ਗਿਆ। ਉਨ੍ਹਾਂ ਕਿਹਾ ਕਿ ਤਾਜ਼ਾ ਕਾਨੂੰਨ ਹਰੇਕ ਵਾਹਨ ਦੇ ਡਰਾਈਵਰ ਲਈ ਬੇਹੱਦ ਖ਼ਤਰਨਾਕ ਹੈ ਅਤੇ ਇਸ ਸਬੰਧੀ ਸਮੁੱਚੇ ਦੇਸ਼ ਵਾਸੀਆਂ ਨੂੰ ਡਟਣਾ ਚਾਹੀਦਾ ਹੈ।
ਯੂਨੀਅਨ ਆਗੂਆਂ ਨੇ ਆਖਿਆ ਕਿ ਜਦੋਂ ਤੱਕ ਕੇਂਦਰ ਸਰਕਾਰ ਕਾਨੂੰਨ ਵਿਚ ਕੀਤੀ ਸੋਧ ਵਾਪਸ ਨਹੀਂ ਲੈਂਦੀ, ਉਦੋਂ ਤੱਕ ਟਰੱਕ ਅਪਰੇਟਰਾਂ ਦੀ ਹੜਤਾਲ ਜਾਰੀ ਰਹੇਗੀ।
ਅੰਬਾਲਾ (ਰਤਨ ਸਿੰਘ ਢਿੱਲੋਂ): ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿਚ ਅੱਜ ਵੀ ਟਰੱਕਾਂ ਅਤੇ ਹੋਰ ਭਾਰੀ ਵਾਹਨਾਂ ਦੇ ਚਾਲਕਾਂ ਨੇ ਹੜਤਾਲ ਜਾਰੀ ਰੱਖੀ।ਅੱਜ ਇਨ੍ਹਾਂ ਚਾਲਕਾਂ ਨੇ ਅੰਬਾਲਾ ਸ਼ਹਿਰ ਦੀ ਅਨਾਜ ਮੰਡੀ ਅਤੇ ਬਲਦੇਵ ਨਗਰ ਵਿਚ ਇਕੱਠੇ ਹੋ ਕੇ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਚਾਲਕਾਂ ਦਾ ਕਹਿਣਾ ਹੈ ਕਿ ਨਵਾਂ ਕਾਨੂੰਨ ਉਨ੍ਹਾਂ ਦੇ ਖ਼ਿਲਾਫ਼ ਹੈ, ਇਸ ਦੇ ਲਾਗੂ ਹੋਣ ਨਾਲ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
ਚਾਲਕਾਂ ਦੀ ਹੜਤਾਲ ਕਾਰਨ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਅੰਬਾਲਾ ਦੇ ਪੈਟਰੋਲ ਪੰਪਾਂ ਤੇ ਅੱਜ ਸਾਰਾ ਦਿਨ ਵਾਹਨਾਂ ਵਿਚ ਤੇਲ ਪੁਆਉਣ ਵਾਲਿਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਸ਼ਾਮ ਤੱਕ ਕਈ ਪੈਟਰੋਲ ਪੰਪ ਖ਼ਾਲੀ ਹੋ ਗਏ। ਹੜਤਾਲ ਕਦੋਂ ਤੱਕ ਚੱਲਣੀ ਹੈ, ਬਾਰੇ ਪੱਕਾ ਪਤਾ ਨਾ ਹੋਣ ਕਰਕੇ ਲੋਕੀ ਟੈਂਕੀਆਂ ਹੀ ਨਹੀਂ ਭਰਵਾ ਰਹੇ ਬਲਕਿ ਕੇਨ ਵੀ ਚੁੱਕੀ ਫਿਰਦੇ ਹਨ।
ਟਰੱਕ ਅਪਰੇਟਰਾਂ ਨੇ ਪ੍ਰਧਾਨ ਨੂੰ ਵਾਹਨਾਂ ਦੇ ਪਰਮਿਟ ਤੇ ਚਾਬੀਆਂ ਸੌਂਪੀਆਂ
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਲਾਗੂ ਕੀਤੇ ਜਾ ਰਹੇ ‘ਹਿੱਟ ਐਂਡ ਰਨ’ ਕਾਨੂੰਨ ਦੇ ਖ਼ਿਲਾਫ਼ ਟਰੱਕ ਡਰਾਈਵਰਾਂ ਅਤੇ ਟਰਾਂਸਪੋਰਟਰਾਂ ਦੀ ਹੜਤਾਲ ਜਾਰੀ ਹੈ। ਇਸ ਦੌਰਾਨ ਅੱਜ ਦੂਜੇ ਦਿਨ ਵੀ ਮੁਹਾਲੀ ਟਰੱਕ ਯੂਨੀਅਨ ਦੀਆਂ ਗੱਡੀਆਂ ਦਾ ਪਹੀਆ ਜਾਮ ਰਿਹਾ ਅਤੇ ਸਾਰੇ ਟਰੱਕ ਯੂਨੀਅਨ ਦੇ ਅਹਾਤੇ ਵਿੱਚ ਖੜ੍ਹੇ ਕਰਕੇ ਡਰਾਈਵਰ ਹੜਤਾਲ ’ਤੇ ਚਲੇ ਗਏ ਹਨ। ਟਰੱਕ ਡਰਾਈਵਰਾਂ ਨੇ ਗੱਡੀਆਂ ਨਾ ਚਲਾਉਣ ਦਾ ਐਲਾਨ ਕਰਦਿਆਂ ਆਪਣੇ ਟਰੱਕਾਂ ਦੀਆਂ ਚਾਬੀਆਂ ਅਤੇ ਪਰਮਿਟ ਟਰੱਕ ਯੂਨੀਅਨ ਮੁਹਾਲੀ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਜੂ ਨੂੰ ਸੌਂਪ ਦਿੱਤੇ ਹਨ। ਟਰੱਕ ਯੂਨੀਅਨ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਹਾਲ ਹੀ ਲੁਕਵੇਂ ਢੰਗ ਨਾਲ ਲਾਗੂ ਕੀਤੇ ਗਏ ਨਵੇਂ ਕਾਨੂੰਨ ਕਾਰਨ ਟਰੱਕ ਡਰਾਈਵਰਾਂ ਵਿੱਚ ਭਾਰੀ ਰੋਸ ਹੈ ਅਤੇ ਉਹ ਗੱਡੀਆਂ ਚਲਾਉਣ ਤੋਂ ਇਨਕਾਰੀ ਹੋ ਗਏ ਹਨ ਜਿਸ ਕਾਰਨ ਟਰੱਕਾਂ ਦੇ ਮਾਲਕਾਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਟਰੱਕ ਡਰਾਈਵਰਾਂ ਨੇ ਆਪਣੀਆਂ ਗੱਡੀਆਂ ਬਲੌਂਗੀ ਸੜਕ ਕਿਨਾਰੇ ਖੜ੍ਹਾ ਦਿੱਤੀਆਂ ਗਈਆਂ ਹਨ ਅਤੇ ਬਾਕੀ ਦੀਆਂ ਗੱਡੀਆਂ ਪਹਿਲਾਂ ਹੀ ਯੂਨੀਅਨ ਵਿੱਚ ਖੜ੍ਹੀਆਂ ਹਨ। ਇਸ ਮੌਕੇ ਬਰਿੰਦਰ ਸਿੰਘ, ਬਲਵਿੰਦਰ ਸਿੰਘ ਬਿੰਦਾ, ਮਨਦੀਪ ਸਿੰਘ ਮਨੀ, ਸੰਨੀ, ਰਾਜਪਾਲ ਸਿੰਘ, ਪੱਪੀ, ਮਨਪ੍ਰੀਤ ਸਿੰਘ ਮਨੀ, ਪੱਪੂ ਅਤੇ ਹੋਰ ਟਰਾਂਸਪੋਰਟਰ ਹਾਜ਼ਰ ਸਨ।
ਰੋਡਵੇਜ਼ ਯੂਨੀਅਨਾਂ ਵੀ ਇਕਜੁੱਟ ਹੋਣ ਲੱਗੀਆਂ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਸਰਕਾਰ ਵੱਲੋਂ ਪਾਸ ਕੀਤੇ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਰੋਡਵੇਜ਼ ਯੂਨੀਅਨਾਂ ਵੀ ਇਕਜੁੱਟ ਹੋਣ ਲੱਗੀਆਂ ਹਨ। ਇਸ ਕਾਨੂੰਨ ਖ਼ਿਲਾਫ਼ ਰੋਡਵੇਜ਼ ਕਰਮਚਾਰੀ ਅੰਬਾਲਾ ਸ਼ਹਿਰ ਰੋਡਵੇਜ਼ ਵਰਕਸ਼ਾਪ ਵਿੱਚ ਭਲਕੇ ਸਵੇਰੇ 11 ਵਜੇ ਤੋਂ 1 ਵਜੇ ਤੱਕ ਪ੍ਰਦਰਸ਼ਨ ਕਰਨਗੇ। ਯੂਨੀਅਨ ਨੇਤਾ ਮਹਾਵੀਰ ਪਾਈ ਨੇ ਕਿਹਾ ਕਿ ਸਰਕਾਰ ਨੂੰ ਲੋਕਾਂ ਦੇ ਹਿਤ ਵਿਚ ਕਾਨੂੰਨ ਬਣਾਉਣੇ ਚਾਹੀਦੇ ਹਨ ਪਰੰਤੂ ਸਥਿਤੀ ਬਿਲਕੁਲ ਇਸ ਦੇ ਉਲਟ ਹੈ।ਤੇਲ ਖ਼ਤਮ ਹੋਣ ਤੇ ਸ਼ਾਮ ਨੂੰ ਜੀਟੀ ਰੋਡ ’ਤੇ ਇੱਕ ਪੈਟਰੋਲ ਪੰਪ ਵੱਲੋਂ ਲਾਈਆਂ ਗਈਆਂ ਰੋਕਾਂ।
ਕਿਸਾਨ ਆਗੂ ਟਰੱਕ ਅਪਰੇਟਰਾਂ ਦੀ ਪਿੱਠ ’ਤੇ ਆਏ
ਕਿਸਾਨ ਯੂਨੀਅਨ ਰਾਜੇਵਾਲ ਦੇ ਸੀਨੀਅਰ ਆਗੂ ਪਰਮਦੀਪ ਬੈਦਵਾਣ, ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਜਨਰਲ ਸਕੱਤਰ ਲਖਵਿੰਦਰ ਸਿੰਘ ਕਰਾਲਾ ਨੇ ਟਰੱਕ ਅਪਰੇਟਰਾਂ ਦੀ ਹੜਤਾਲ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਪਹਿਲਾਂ ਖੇਤੀ ਲਈ ਕਾਲੇ ਕਾਨੂੰਨ ਬਣਾਉਂਦਿਆਂ ਕਿਸਾਨਾਂ ਨਾਲ ਕੋਈ ਮਸ਼ਵਰਾ ਨਹੀਂ ਸੀ ਕੀਤਾ ਤੇ ਹੁਣ ਵਾਹਨ ਚਾਲਕਾਂ ਲਈ ਕਾਨੂੰਨ ਵਿੱਚ ਸੋਧ ਕਰਦਿਆਂ ਟਰੱਕ ਅਪਰੇਟਰਾਂ ਨੂੰ ਭਰੋਸੇ ਵਿੱਚ ਨਹੀਂ ਲਿਆ। ਉਨ੍ਹਾਂ ਕਿਹਾ ਕਿ ਕਿਸਾਨ ਟਰੱਕ ਅਤੇ ਬੱਸ ਅਪਰੇਟਰਾਂ ਦੇ ਨਾਲ ਹਨ ਅਤੇ ਕੇਂਦਰ ਨੂੰ ਬਿਨ੍ਹਾਂ ਕਿਸੇ ਦੇਰੀ ਤੋਂ ਕਾਨੂੰਨ ਵਿੱਚ ਕੀਤੀ ਸੋਧ ਵਾਪਸ ਲੈਣੀ ਚਾਹੀਦੀ ਹੈ।
ਬਲਬੀਰ ਸਿੱਧੂ ਵੱਲੋਂ ਸੰਘਰਸ਼ ਦੀ ਹਮਾਇਤ
ਐੱਸ.ਏ.ਐੱਸ.ਨਗਰ (ਮੁਹਾਲੀ) (ਖੇਤਰੀ ਪ੍ਰਤੀਨਿਧ): ਕਾਂਗਰਸ ਦੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹਿੱਟ ਐਂਡ ਰਨ ਕਾਨੂੰਨ ਵਿੱਚ ਸੋਧ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀ ਗ਼ੈਰਮੌਜੂਦਗੀ ਵਿੱਚ ਕੇਂਦਰ ਵੱਲੋਂ ਰਾਜ ਸਭਾ ਅਤੇ ਲੋਕ ਸਭਾ ਵਿੱਚ ਬਣਾਏ ਗਏ ਇਸ ਕਾਨੂੰਨ ਨਾਲ ਦੇਸ਼ ਭਰ ਵਿੱਚ ਅਰਾਜਕਤਾ ਫੈਲ ਗਈ ਹੈ ਤੇ ਦੇਸ਼ ਦੇ ਨਾਗਰਿਕਾਂ ਨੂੰ ਡੀਜ਼ਲ, ਪੈਟਰੋਲ, ਰਸੋਈ ਗੈਸ ਵਰਗੀਆਂ ਜ਼ਰੂਰੀ ਵਸਤਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਕਾਨੂੰਨ ਵਿੱਚ ਸੋਧ ਕਰਨ ਤੋਂ ਪਹਿਲਾਂ ਸੰਸਦ ਵਿੱਚ ਇਸ ਉੱਤੇ ਬਹਿਸ ਕਰਾਈ ਜਾਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦੇ 142 ਦੇ ਕਰੀਬ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਕੇ ਕੇਂਦਰ ਨੇ ਬਿਨਾਂ ਕਿਸੇ ਸੋਚ-ਵਿਚਾਰ ਅਤੇ ਬਹਿਸ ਤੋਂ ਇਹ ਬਿੱਲ ਪਾਸ ਕਰਾਏ ਹਨ। ਉਨ੍ਹਾਂ ਕਿਹਾ ਕਿ ਇਹ ਸੋਧ ਸਾਰਿਆਂ ਲਈ ਨੁਕਸਾਨਦੇਹ ਸਾਬਤ ਹੋਵੇਗੀ ਅਤੇ ਇਸ ਦੀ ਦੁਰਵਰਤੋਂ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਕਾਨੂੰਨ ਵਿੱਚ ਸਿੱਧਿਆਂ ਹੀ ਸਜ਼ਾ ਰਾਖਵੀਂ ਕਰਨ ਨਾਲ ਕਸੂਰਵਾਰ ਅਤੇ ਬੇਕਸੂਰ ਵਾਹਨ ਚਾਲਕ ਵਿੱਚ ਕੋਈ ਫ਼ਰਕ ਨਹੀਂ ਰਹਿ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਤੋਂ ਕਾਨੂੰਨ ਵਿੱਚ ਕੀਤੀ ਸੋਧ ਵਾਪਸ ਲੈ ਕੇ ਇਸ ਵਿੱਚ ਪਹਿਲਾਂ ਹਾਦਸੇ ਸਬੰਧੀ ਗ਼ਲਤੀ ਦੀ ਡੂੰਘਾਈ ਨਾਲ ਜਾਂਚ ਹੋਣੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ।