ਫੁੱਟਪਾਥ ’ਤੇ ਸੁੱਤਿਆਂ ਨੂੰ ਟਰੱਕ ਨੇ ਦਰੜਿਆ, 3 ਹਲਾਕ, 6 ਜ਼ਖ਼ਮੀ
ਪੁਣੇ, 23 ਦਸੰਬਰ
ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿੱਚ ਅੱਜ ਤੜਕੇ ਟਰੱਕ ਨੇ ਫੁੱਟਪਾਥ ’ਤੇ ਸੁੱਤੇ ਲੋਕਾਂ ਨੂੰ ਦਰੜ ਦਿੱਤਾ, ਜਿਸ ਕਾਰਨ ਦੋ ਛੋਟੇ ਬੱਚਿਆਂ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਵਾਘੋਲੀ ਖੇਤਰ ਵਿੱਚ ਫੁੱਟਪਾਥ ’ਤੇ ਰਾਤ 12.55 ਵਜੇ ਵਾਪਰੀ ਜਿੱਥੇ ਕਈ ਵਿਅਕਤੀ ਸੁੱਤੇ ਪਏ ਸਨ। ਪੀੜਤਾਂ ਵਿੱਚ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਸਨ, ਜੋ ਮਹਾਰਾਸ਼ਟਰ ਦੇ ਹੀ ਅਮਰਾਵਤੀ ਨਾਲ ਸਬੰਧਤ ਸਨ। ਪੁਲੀਸ ਨੇ ਦੱਸਿਆ ਕਿ ਮਜ਼ਦੂਰ ਕੁਝ ਦਿਨ ਪਹਿਲਾਂ ਹੀ ਰੁਜ਼ਗਾਰ ਦੀ ਭਾਲ ਵਿੱਚ ਪੁਣੇ ਆਏ ਸਨ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘‘ਕੇਸਨੰਦ ਫਾਟਾ ਇਲਾਕੇ ਦੇ ਨੇੜੇ ਫੁੱਟਪਾਥ ’ਤੇ ਕਈ ਲੋਕ ਸੁੱਤੇ ਪਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਜ਼ਦੂਰ ਸਨ। ਉਨ੍ਹਾਂ ਨੂੰ ਇੱਕ ਟਰੱਕ ਨੇ ਦਰੜ ਦਿੱਤਾ, ਜਿਸ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ।’’ ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਵੈਭਵੀ ਪਵਾਰ (ਇੱਕ ਸਾਲ), ਵੈਭਵ ਪਵਾਰ (ਦੋ ਸਾਲ) ਅਤੇ ਵਿਸ਼ਾਲ ਪਵਾਰ (22) ਵਜੋਂ ਹੋਈ ਹੈ।
ਪੁਲੀਸ ਅਫ਼ਸਰ ਨੇ ਦੱਸਿਆ ਕਿ ਟਰੱਕ ਡਰਾਈਵਰ ਦੀ ਪਛਾਣ ਗਜਾਨਨ ਟੋਟਰੇ (26) ਵਜੋਂ ਹੋਈ ਹੈ, ਜਿਸ ਨੂੰ ਘਟਨਾ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਹ ਸ਼ਰਾਬ ਦੇ ਨਸ਼ੇ ਵਿੱਚ ਗੱਡੀ ਚਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਛੇ ਜ਼ਖਮੀਆਂ ਵਿੱਚ ਜਾਨਕੀ ਪਵਾਰ (21), ਰਿਨੀਸ਼ਾ ਪਵਾਰ (18), ਰੋਸ਼ਨ ਭੌਸਲੇ (ਨੌਂ), ਨਾਗੇਸ਼ ਪਵਾਰ (27), ਦਰਸ਼ਨ ਵਾਇਰਲ (18) ਅਤੇ ਆਲੀਸ਼ ਪਵਾਰ (47) ਸ਼ਾਮਲ ਹਨ। ਸਾਰਿਆਂ ਨੂੰ ਸਾਸੂਨ ਜਨਰਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। -ਪੀਟੀਆਈ