ਟੁੱਟੀਆਂ ਸੜਕਾਂ ਕਾਰਨ ਰਾਹਗੀਰ ਪ੍ਰੇਸ਼ਾਨ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 13 ਜੁਲਾਈ
ਇੱਥੇ ਜਗਰਾਉਂ-ਹਠੂਰ ਮੁੱਖ ਸੜਕ ਤੋਂ ਇਲਾਵਾ ਕਸਬਾ ਹਠੂਰ ਨਾਲ ਜੋੜਦੀਆਂ ਕੁਝ ਹੋਰ ਸੜਕਾਂ ਟੁੱਟੀਆਂ ਹੋਣ ਕਰਕੇ ਰਾਹਗੀਰ ਪ੍ਰੇਸ਼ਾਨ ਹਨ। ਹਲਕਾ ਵਿਧਾਇਕ ਅਤੇ ਪ੍ਰਸ਼ਾਸਨ ਨੂੰ ਮੰਗ-ਪੱਤਰ ਦੇਣ ਅਤੇ ਕਈ ਵਾਰ ਸੰਘਰਸ਼ ਦੀ ਚਿਤਾਵਨੀ ਜਾਰੀ ਕਰਨ ਮਗਰੋਂ ਵੀ ਇਨ੍ਹਾਂ ਟੁੱਟੀਆਂ ਸੜਕਾਂ ਦੀ ਸਾਰ ਨਾ ਲਏ ਜਾਣ ਤੋਂ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਰੋਹ ਹੈ। ਇਲਾਕੇ ਦੇ ਕੁਝ ਨੌਜਵਾਨਾਂ ਨੇ ਇਕੱਠ ਹੋ ਕੇ ਅੱਜ ਇਨ੍ਹਾਂ ਟੁੱਟੀਆਂ ਸੜਕਾਂ ਦੇ ਰੋਸ ‘ਚ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਫੌਰੀ ਟੁੱਟੀਆਂ ਸੜਕਾਂ ਬਣਾ ਕੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ। ਇਸ ਸਬੰਧੀ ਪ੍ਰਧਾਨ ਪਰਮਿੰਦਰ ਸਿੰਘ, ਪ੍ਰਧਾਨ ਸੁਰਜੀਤ ਲੱਖਾ, ਸਰਬਜੀਤ ਸਿੰਘ ਹਠੂਰ, ਪੰਚ ਅਮਰਜੀਤ ਸਿੰਘ ਹਠੂਰ, ਗੁਰਪ੍ਰੀਤ ਸਿੰਘ ਖਾਲਸਾ, ਕਿਸਾਨ ਆਗੂ ਹਰਪਾਲ ਸਿੰਘ ਗਿੱਲ, ਗੁਰਮੀਤ ਸਿੰਘ ਹਠੂਰ ਨੇ ਕਿਹਾ ਕਿ ਸੜਕਾਂ ਵਿੱਚ ਪਏ ਟੋਇਆਂ ਵਿੱਚ ਪਾਣੀ ਖੜ੍ਹਾ ਰਹਿੰਦਾ ਹੈ। ਸਿੱਟੇ ਵਜੋਂ ਕਈ ਹਾਦਸੇ ਵਾਪਰੇ ਹਨ ਅਤੇ ਕੁਝ ਨੌਜਵਾਨਾਂ ਦੀ ਇਸ ਕਾਰਨ ਮੌਤ ਵੀ ਹੋ ਚੁੱਕੀ ਹੈ। ਜਨਤਕ ਆਗੂ ਅਤੇ ਸਮਾਜ ਸੇਵੀ ਲੋਕ ਵਿਧਾਇਕ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਅਤੇ ਉਪ ਮੰਡਲ ਮੈਜਿਸਟਰੇਟ ਨੂੰ ਮੰਗ ਪੱਤਰ ਦੇ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਨ੍ਹਾਂ ਸੜਕਾਂ ਦੀ ਮੁਰੰਮਤ ਕਰਵਾਏ ਜਾਂ ਨਵੀਆਂ ਬਣਾਵੇ ਨਹੀਂ ਤਾਂ ਸੰਘਰਸ਼ ਵਿੱਢਣ ਲਈ ਮਜਬੂਰ ਹੋਵਾਂਗੇ। ਇਸੇ ਤਰ੍ਹਾਂ ਹੀ ਬਰੁਜ ਕਲਾਰਾਂ, ਲੱਖਾ, ਚਕਰ ਅਤੇ ਮਾਣੂੰਕੇ ਪਿੰਡਾ ਦੀਆਂ ਸੜਕਾਂ ਵੀ ਟੁੱਟ ਚੁੱਕੀਆਂ ਹਨ। ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਵੀ ਤਰਸਯੋਗ ਹਾਲਤ ਦੀ ਦੁਹਾਈ ਪਾ ਚੁੱਕੀਆਂ ਹਨ ਪਰ ਸਰਕਾਰ ਧਿਆਨ ਨਹੀਂ ਦੇ ਰਹੀ। ਇਨ੍ਹਾਂ ਪਿੰਡਾਂ ਦੇ ਸਮਾਜਸੇਵੀ ਲੋਕਾਂ ਨੇ ਵੀ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।