ਨਸ਼ਿਆਂ ਦੇ ਰੁਝਾਨ ਤੋਂ ਪ੍ਰੇਸ਼ਾਨ ਤਲਵੰਡੀ ਕਲਾਂ ਵਾਸੀਆਂ ਨੇ ਸੁਣਾਏ ਪੁਲੀਸ ਨੂੰ ਦੁੱਖੜੇ
ਗੁਰਿੰਦਰ ਸਿੰਘ
ਲੁਧਿਆਣਾ, 26 ਜੂਨ
ਥਾਣਾ ਲਾਡੋਵਾਲ ਅਧੀਨ ਆਉਂਦੇ ਪਿੰਡ ਤਲਵੰਡੀ ਕਲਾਂ ਦੇ ਲੋਕਾਂ ਨੇ ਪਿੰਡ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਵਧ ਰਹੇ ਨਸ਼ਿਆਂ ਕਾਰਨ ਡਾਢੇ ਦੁਖੀ ਅਤੇ ਪ੍ਰੇਸ਼ਾਨ ਹਨ ਜਿਸ ਬਾਰੇ ਉਦੋਂ ਪਤਾ ਲੱਗਾ ਜਦੋਂ ਪਿੰਡ ਵਿੱਚ ਹੋਈ ਪੁਲੀਸ-ਪਬਲਿਕ ਮੀਟਿੰਗ ਦੌਰਾਨ ਲੋਕਾਂ ਨੇ ਇਸ ਖ਼ਿਲਾਫ਼ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ। ਜਾਣਕਾਰੀ ਮੁਤਾਬਕ ਸਾਬਕਾ ਸਰਪੰਚ ਚਰਨ ਦਾਸ ਤਲਵੰਡੀ, ਪ੍ਰਧਾਨ ਸੁਰਜੀਤ ਸਿੰਘ ਮੰਗਾ, ਸਾਬਕਾ ਸਰਪੰਚ ਹੰਸ ਰਾਜ ਸਿੰਘ, ਸਿਮਰਨਜੀਤ ਸਿੰਘ ਬੱਬੂ ਅਤੇ ਜੋਰਾ ਸਿੰਘ ਤਲਵੰਡੀ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਮੁਰਾਦ ਜਸਬੀਰ ਸਿੰਘ ਗਿੱਲ ਏਸੀਪੀ ਅਤੇ ਵੀਰਇੰਦਰਪਾਲ ਸਿੰਘ ਬੈਨੀਪਾਲ ਲੋਕਾਂ ਦੇ ਰੂਬਰੂ ਹਾਜ਼ਰ ਹੋਏ। ਇਸ ਮੌਕੇ ਆਗੂਆਂ ਤੋਂ ਇਲਾਵਾ ਨਗਰ ਵਾਸੀਆਂ ਨੇ ਬੇਖੌਫ਼ ਹੋ ਕੇ ਦੱਸਿਆ ਕਿ ਪਿੰਡ ਅਤੇ ਇਲਾਕੇ ਵਿੱਚ ਚਿੱਟੇ ਦਾ ਨਸ਼ਾ ਜ਼ੋਰਾਂ ਨਾਲ ਚੱਲ ਰਿਹਾ ਹੈ। ਇਸ ਮੌਕੇ ਦੁਖੀ ਮਾਵਾਂ ਨੇ ਰੋ-ਰੋ ਕੇ ਪੁਲੀਸ ਅਧਿਕਾਰੀਆਂ ਅੱਗੇ ਪਿੰਡ ਵਿੱਚ ਨਸ਼ਾ ਕਰਨ ਵਾਲੇ ਨੌਜਵਾਨ ਪੁੱਤਾਂ ਨੂੰ ਬਚਾਉਣ ਲਈ ਵਾਸਤਾ ਪਾਇਆ। ਮਾਵਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਬੱਚੇ ਜਿਨ੍ਹਾਂ ਦੀ ਉਮਰ 12 -13 ਸਾਲ ਹੈ, ਉਹ ਵੀ ਨਸ਼ਿਆਂ ਵਿੱਚ ਗੁਲਤਾਨ ਹੋ ਚੁੱਕੇ ਹਨ। ਉਨ੍ਹਾਂ ਪੁਲੀਸ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪਿੰਡ ਦੀਆਂ ਕੁਝ ਔਰਤਾਂ ਅਤੇ ਮਰਦ ਸ਼ਰ੍ਹੇਆਮ ਬੇਖੌਫ਼ ਹੋ ਕੇ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ। ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਜੇਕਰ ਨਸ਼ੇ ਦੇ ਵਪਾਰੀਆਂ ਨੂੰ ਪੁਲੀਸ ਹਵਾਲੇ ਕੀਤਾ ਵੀ ਜਾਂਦਾ ਹੈ ਤਾਂ ਉਨ੍ਹਾਂ ਦੇ ਆਕਾ ਦੀ ਸਿਫਾਰਸ਼ ’ਤੇ ਬਿਨਾਂ ਦੇਰੀ ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ।
ਇਸ ਮੌਕੇ ਏਸੀਪੀ ਸ੍ਰੀ ਗਿੱਲ ਨੇ ਕਿਹਾ ਕਿ ਲੋਕ ਪਿੰਡ ਵਿਚਲੀ ਧੜੇਬੰਦੀ ਨੂੰ ਖਤਮ ਕਰਨ, ਕਿਉਂਕਿ ਇੱਕ ਧਿਰ ਜੇ ਕਿਸੇ ਮੁਲਜ਼ਮ ਨੂੰ ਫੜਾਉਂਦੀ ਹੈ ਤਾਂ ਦੂਸਰੀ ਉਸ ਨੂੰ ਛੁਡਾ ਲੈਂਦੀ ਹੈ, ਜਿਸ ਨਾਲ ਕਾਰਵਾਈ ’ਤੇ ਰੋਕ ਲੱਗ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਨਾਮ ਅਤੇ ਉਨ੍ਹਾਂ ਨਸ਼ੇ ਵੇਚ ਕੇ ਕੀ ਜਾਇਦਾਦ ਬਣਾਈ ਹੈ, ਦਾ ਸਾਰਾ ਵੇਰਵਾ ਪੁਲੀਸ ਨੂੰ ਲਿਖਤੀ ਰੂਪ ਵਿੱਚ ਦਿੱਤਾ ਜਾਵੇ। ਪੁਲੀਸ ਵੱਲੋਂ ਕਥਿਤ ਦੋਸ਼ੀਆਂ ਖ਼ਿਲਾਫ਼ ਢੁੱਕਵੀਂ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਵੱਲੋਂ ਨਸ਼ਿਆਂ ਤੋਂ ਬਣਾਈ ਹਰ ਚੀਜ਼ ਨੂੰ 68 ਐਫ, ਐਨਡੀਪੀਐਸ ਤਹਿਤ ਪੂਰੇ ਮਾਮਲੇ ਨਾਲ ਅਟੈਚ ਕੀਤਾ ਜਾਵੇਗਾ।
ਇਸ ਮੌਕੇ ਸਮਾਜ ਸੇਵਕ ਸੁਖਦੇਵ ਸਲੇਮਪੁਰੀ, ਹਰਬੰਸ ਸਿੰਘ, ਨੰਬਰਦਾਰ ਧਨਰਾਜ ਸਿੰਘ, ਅਜਮੇਰ ਸਿੰਘ, ਨਛੱਤਰ ਸਿੰਘ ਲੱਕੀ, ਵਿਸ਼ਾਲ ਕੁਮਾਰ, ਸਾਬਕਾ ਪੰਚ ਦਲਵਾਰਾ ਰਾਮ, ਸੁਰਜੀਤ ਸਿੰਘ ਸੀਤਾ, ਯੋਗਰਾਜ ਸਿੰਘ ਅਤੇ ਗਗਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ।